ਡੱਲੇਵਾਲ ਨੂੰ ਜ਼ਬਰੀ ਹਸਪਤਾਲ ਦਾਖ਼ਲ ਕਰਵਾਉਣ ਤੋਂ ਪਹਿਲਾਂ ਸਾਡੀਆਂ ਲਾਸ਼ਾਂ ਤੋਂ ਲੰਘਣਾ ਪਵੇਗਾ : ਕਿਸਾਨ ਆਗੂ
Kisan Andolan: (ਗੁਰਪ੍ਰੀਤ ਸਿੰਘ) ਖਨੌਰੀ\ਸੰਗਰੂਰ। ਅੱਜ ਮਾਣਯੋਗ ਸੁਪਰੀਮ ਕੋਰਟ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸੰਘਰਸ਼ ਸਬੰਧੀ ਚੱਲੀ ਕਾਰਵਾਈ ਤੋਂ ਰੋਸ ਵਿੱਚ ਆਏ ਕਿਸਾਨ ਆਗੂਆਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੀ ਹਦਾਇਤ ’ਤੇ ਜਗਜੀਤ ਸਿੰਘ ਡੱਲੇਵਾਲ ਨੂੰ ਜ਼ਬਰੀ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਸਰਕਾਰ ਨੂੰ ਕਿਸਾਨਾਂ ਦੀਆਂ ਲਾਸ਼ਾਂ ਤੋਂ ਲੰਘਣਾ ਪਵੇਗਾ।
ਅੱਜ ਖਨੌਰੀ ਬਾਰਡਰ ’ਤੇ ਪ੍ਰੈਸ ਕਾਨਫਰੰਸ ਦੌਰਾਨ ਜਥੇਬੰਦੀ ਦੇ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਅਤੇ ਅਭਿਮੰਨਿਊ ਕੋਹਾੜ ਨੇ ਸਾਂਝੇ ਸੁਰ ਵਿੱਚ ਕਿਹਾ ਕਿ ਅੱਜ ਸੁਪਰੀਮ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਹੈ ਕਿ ਕੱਲ੍ਹ ਸ਼ਨਿੱਚਰਵਾਰ 1 ਵਜੇ ਤੱਕ ਜਗਜੀਤ ਸਿੰਘ ਡੱਲੇਵਾਲ ਨੂੰ ਜਿਵੇਂ ਮਰਜ਼ੀ ਹਸਪਤਾਲ ਵਿੱਚ ਦਾਖ਼ਲ ਕਰਵਾਏ। ਇਸ ਦੇ ਜਵਾਬ ਵਿੱਚ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਜਿਹਾ ਕੀਤਾ ਤਾਂ ਕਿਸਾਨ ਵੀ ਇਸ ਦਾ ਜਵਾਬ ਦੇਣ ਲਈ ਤਿਆਰ ਹਨ ਅਤੇ ਉਹ ਇੱਕ ਜਾਨ ਨੂੰ ਬਚਾਉਣ ਲਈ ਹੋਰ ਕਿੰਨੀਆਂ ਜਾਨਾਂ ਦਾ ਨੁਕਸਾਨ ਨਾ ਕਰਵਾ ਲੈਣ। Kisan Andolan
ਇਹ ਵੀ ਪੜ੍ਹੋ: Punjab Weather: ਪੰਜਾਬ ’ਚ ਲੱਗੀ ਝੜੀ, ਯੈਲੋ ਅਲਰਟ ਜਾਰੀ, ਤੇਜ਼ ਹਵਾਵਾਂ ਚੱਲਣ ਦੇ ਆਸਾਰ
ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਸੁਪਰੀਮ ਕੋਰਟ ਨੂੰ ਆਪਣਾ ਜਵਾਬ ਦੇਣ ਕਿ ਜੇਕਰ ਪੰਜਾਬ ਸਰਕਾਰ ਨੇ ਅਜਿਹਾ ਕੀਤਾ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ। ਪੰਜਾਬ ਸਰਕਾਰ ਨੇ ਪਹਿਲਾਂ ਵੀ ਕਈ ਵਾਰ ਸੁਪਰੀਮ ਕੋਰਟ ਵਿੱਚ ਅਜਿਹੇ ਪੱਖ ਰੱਖੇ ਹਨ। ਉਨ੍ਹਾਂ ਆਖਿਆ ਕਿ ਕਿਸਾਨ ਸ਼ਾਂਤੀਪੂਰਵਕ ਆਪਣੀਆਂ ਮੰਗਾਂ ਦਾ ਹੱਲ ਚਾਹੁੰਦਾ ਹੈ, ਸੁਪਰੀਮ ਕੋਰਟ ਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਸਮਝਣੀਆਂ ਚਾਹੀਦੀਆਂ ਹਨ।
ਨਿਆਂਇਕ ਅਦਾਰੇ ਵੀ ਕਿਸਾਨਾਂ ਦਾ ਸਾਥ ਨਹੀਂ ਦੇ ਰਹੇ : ਕਿਸਾਨ ਆਗੂ
ਇਸ ਮੌਕੇ ਉਨਾਂ ਦੇ ਨਾਲ ਹੋਰ ਵੀ ਆਗੂ ਮੌਜ਼ੂਦ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਸੁਪਰੀਮ ਕੋਰਟ ਵਿੱਚ ਜਿਹੜੀ ਕਾਰਵਾਈ ਹੋਈ ਹੈ ਉਸ ਵਿੱਚ ਕੇਂਦਰ ਸਰਕਾਰ ਵੱਲੋਂ ਜਿਸ ਤਰ੍ਹਾਂ ਦਾ ਪੱਖ ਪੇਸ਼ ਕੀਤਾ ਗਿਆ ਉਸ ਤੋਂ ਇਹ ਬਿਲਕੁਲ ਨਹੀਂ ਲੱਗ ਰਿਹਾ ਕਿ ਉਹ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੇ ਦੇਸ਼ਾਂ ਵਿੱਚ ਜਾ ਕੇ ਇਹ ਗੱਲ ਆਖਦੇ ਹਨ ਕਿ ਵੱਡੇ ਤੋਂ ਵੱਡੀ ਜੰਗ ਦਾ ਹੱਲ ਗੱਲਬਾਤ ਰਾਹੀਂ ਹੋ ਸਕਦਾ ਹੈ ਪਰ ਉਨ੍ਹਾਂ ਦੇ ਆਪਣੇ ਦੇਸ਼ ਵਿੱਚ ਹਾਲੇ ਤੱਕ ਉਨ੍ਹਾਂ ਕਿਸਾਨਾਂ ਨਾਲ ਕੋਈ ਗੱਲਬਾਤ ਤੱਕ ਨਹੀਂ ਕੀਤੀ। ਕਿਸਾਨ ਆਗੂਆਂ ਨੇ ਸਪੱਸ਼ਟ ਕਿਹਾ ਕਿ ਕਿਸਾਨ ਮਾਮਲਿਆਂ ਸਬੰਧੀ ਬਣੀ 31 ਸੰਸਦ ਮੈਂਬਰਾਂ ਵਾਲੀ ਕਮੇਟੀ ਨੇ ਸੁਪਰੀਮ ਕੋਰਟ ਕੋਲ ਆਪਣੀ ਰਿਪੋਰਟ ਵਿੱਚ ਸਪੱਸ਼ਟ ਲਿਖਿਆ ਹੋਇਆ ਕਿ ਐੱਮਐੱਸਪੀ ਗਰੰਟੀ ਕਾਨੂੰਨ ਦੇਣ ਨਾਲ ਸਾਡੇ ਦੇਸ਼ ਦੀ ਅਰਥ ਵਿਵਸਥਾ ਹੋਰ ਮਜ਼ਬੂਤ ਹੋਵੇਗੀ। Kisan Andolan
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਕਦੋਂ ਅੜੀਅਲ ਵਤੀਰਾ ਅਪਣਾ ਰਹੇ ਹਨ। ਸਾਡੇ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੋ ਵਾਰ ਆਪਣੇ ਖੂਨ ਨਾਲ ਚਿੱਠੀਆਂ ਲਿਖਕੇ ਇਹ ਮੰਗ ਰੱਖੀ ਹੈ ਕਿ ਮੇਰੀ ਜਾਨ ਨਾਲੋਂ ਕੀਮਤੀ ਦੇਸ਼ ਦੇ ਕਿਸਾਨਾਂ ਦੀ ਜਾਨ ਹੈ ਇਸ ਕਰਕੇ ਐਮ.ਐਸ.ਪੀ. ਨੂੰ ਗਰੰਟੀ ਕਾਨੂੰਨ ਬਣਾਇਆ ਜਾਵੇ। ਮਾਣਯੋਗ ਸੁਪਰੀਮ ਕੋਰਟ ਦੀ ਕਾਰਵਾਈ ਵਿੱਚ ਵੀ ਡੱਲੇਵਾਲ ਸਿਹਤ ਪੱਖੋਂ ਬੇਹੱਦ ਕਮਜ਼ੋਰ ਹੋਣ ਦੇ ਬਾਵਜੂਦ ਸ਼ਾਮਿਲ ਹੋਏ ਅਤੇ ਆਪਣਾ ਪੱਖ ਦਰਜ਼ ਕਰਵਾਇਆ। ਕਿਸਾਨ ਆਗੂਆਂ ਨੇ ਕਿਹਾ ਕਿ ਸਾਨੂੰ ਦੁੱਖ ਇਸ ਗੱਲ ਦਾ ਹੈ ਡੱਲੇਵਾਲ ਨੂੰ ਪੱਖ ਰੱਖਣ ਨਹੀਂ ਦਿੱਤਾ ਗਿਆ।
ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੋਰ ਵਿਗੜੀ | Kisan Andolan
ਅੱਜ ਜਗਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਦਾ 32ਵਾਂ ਦਿਨ ਹੋ ਗਿਆ ਹੈ। ਅੱਜ ਵੀ ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਨਹੀਂ ਕੀਤਾ। ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਆਗੂਆਂ ਨੇ ਡੱਲੇਵਾਲ ਦੀ ਸਿਹਤ ਪ੍ਰਤੀ ਡਾਹਢੀ ਫਿਕਰਮੰਦੀ ਜ਼ਾਹਰ ਕੀਤੀ। ਉਨਾਂ ਕਿਹਾ ਕਿ ਡੱਲੇਵਾਲ ਦਾ ‘ਕੀਟੋਨ ਬਾਡੀ ਲੇਵਲ’ ਆਮ ਨਾਲੋਂ 25 ਗੁਣਾ ਜ਼ਿਆਦਾ ਹੋ ਚੁੱਕਿਆ ਹੈ ਜਿਹੜਾ ਉਨਾਂ ਦੀ ਕਮਜ਼ੋਰ ਹੋ ਰਹੀ ਸਿਹਤ ਦੀ ਗਵਾਹੀ ਭਰ ਰਿਹਾ ਹੈ।