ਕਬੱਡੀ ਦਾ ਫੁਰਤੀਲਾ ਧਾਵੀ, ਪ੍ਰਵੀਨ ਬੋਪੁਰ
ਜ਼ਿਲ੍ਹਾ ਸੰਗਰੂਰ ਦੇ ਖਨੌਰੀ ਇਲਾਕੇ ‘ਚ ਵੱਸੇ ਪਿੰਡ ਬੋਪੁਰ ਵਿਖੇ ਸੰਨ 1994 ਦੇ ਸਤੰਬਰ ਮਹੀਨੇ ਦੀ 9 ਤਰੀਕ ਨੂੰ ਪਿਤਾ ਸ੍ਰ. ਰਾਮਦੀਆ ਸਿੰਘ ਮਲਿਕ ਤੇ ਮਾਤਾ ਸ੍ਰੀਮਤੀ ਬੁਹਤੀ ਦੇਵੀ ਦੇ ਘਰ ਪੈਦਾ ਹੋਇਆ ਪ੍ਰਵੀਨ ਸਿੰਘ, ਦਾਇਰੇ ਵਾਲੀ ਕਬੱਡੀ ‘ਚ ਤੇਜ਼ ਤਰਾਰ ਧਾਵੀ ਵਜੋਂ ਸਾਬਿਤ ਹੋਇਆ ਹੈ। ਪ੍ਰਵੀਨ ਨੂੰ ਛੋਟੇ ਹੁੰਦਿਆਂ ਕ੍ਰਿਕਟ ਖੇਡਣ ਦਾ ਬਹੁਤ ਸ਼ੌਂਕ ਸੀ। ਉਸ ਦਾ ਕ੍ਰਿਕਟ ਪ੍ਰਤੀ ਜਨੂੰਨ ਉਸ ਨੂੰ ਨੇਪਾਲ ਤੱਕ ਲੈ ਗਿਆ। ਪਿੰਡ ਦੇ ਸੀਨੀਅਰ ਖਿਡਾਰੀਆਂ ਨੂੰ ਕਬੱਡੀ ਖੇਡਦਿਆਂ ਵੇਖ ਕੇ ਪ੍ਰਵੀਨ ਦਾ ਰੁਝਾਨ ਵੀ ਕਬੱਡੀ ਵੱਲ ਹੋ ਗਿਆ। ਪ੍ਰਵੀਨ ਦੇ ਚਾਚਾ ਸ੍ਰੀ ਚੰਦਰ ਭਾਨ ਵੀ ਆਪਣੇ ਸਮੇਂ ਕਬੱਡੀ ਦੇ ਵਧੀਆ ਖਿਡਾਰੀ ਰਹੇ ਹਨ।
ਪ੍ਰਵੀਨ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਨਿਊ ਪੰਜਾਬ ਪਬਲਿਕ ਸਕੂਲ ਤੋਂ ਕਰਨ ਉਪਰੰਤ ਇੰਜੀਨੀਅਰਿੰਗ ਦਾ ਡਿਪਲੋਮਾ ਕਰਨ ਲਈ ਭਾਈ ਗੁਰਦਾਸ ਕਾਲਜ ਸੰਗਰੂਰ ਵਿਖੇ ਦਾਖਲਾ ਲੈ ਲਿਆ। ਹੌਲੀ-ਹੌਲੀ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਲੇਹਲ ਕਲਾਂ ਦੀ ਟੀਮ ਵੱਲੋਂ ਕਬੱਡੀ 70 ਕਿੱਲੋ ਵਜ਼ਨੀ ਮੁਕਾਬਲੇ ਖੇਡਣ ਲੱਗ ਪਿਆ। ਸਾਲ 2013 ‘ਚ ਬਾਰਵੀਂ ਕਰਨ ਉਪਰੰਤ ਉਸਨੇ ਲੇਹਲ ਕਲਾਂ ਵੱਲੋਂ 70 ਕਿੱਲੋ ਭਾਰ ਵਰਗ ਦੀ ਕਬੱਡੀ ਖੇਡਣ ਦੇ ਨਾਲ-ਨਾਲ ਆਪਣੇ ਪਿੰਡ ਦੀ ਟੀਮ ਲਈ ਓਪਨ ਦੇ ਮੈਚਾਂ ਵਿੱਚ ਰੇਡਾਂ ਪਾਉਣ ਦਾ ਸਿਲਸਿਲਾ ਸ਼ੁਰੂ ਕਰ ਲਿਆ।
ਜਰਗੜੀ ਦੇ ਕਬੱਡੀ ਕੱਪ ‘ਤੇ ਦਰਜ਼ਨ ਤੋਂ ਵੱਧ ਨਾਨ-ਸਟੌਪ ਧਾਵੇ ਬੋਲ ਕੇ ਸਰਵਉੱਤਮ ਧਾਵੀ ਦਾ ਖਿਤਾਬ ਜਿੱਤਣ ਵਾਲੇ ਪ੍ਰਵੀਨ
ਨੈਸ਼ਨਲ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਚੁਪਕੀ (ਪਟਿਆਲਾ) ਤੋਂ ਬੀ.ਪੀ.ਈ. ਕੋਰਸ ਕਰਨ ਵਾਲੇ ਪ੍ਰਵੀਨ ਨੇ ਕਪਿਆਲ ਦੇ ਖੇਡ ਮੇਲੇ ‘ਤੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ ਬੋਪੁਰ ਦੀ ਟੀਮ ਨੂੰ ਜੇਤੂ ਮੰਚ ‘ਤੇ ਪਹੁੰਚਾਇਆ ਅਤੇ ਪਹਿਲੀ ਵਾਰ ਬੈਸਟ ਰੇਡਰ ਬਣ ਕੇ ਟੈਲੀਵਿਜ਼ਨ ਜਿੱਤਣ ਦਾ ਮਾਣ ਹਾਸਲ ਕੀਤਾ। ਇਸੇ ਸਾਲ ਪ੍ਰਵੀਨ ਨੇ ਨੇੜਲੇ ਪਿੰਡ ਬਾਹਮਣੀਵਾਲਾ ਦੇ ਟੂਰਨਾਮੈਂਟ ‘ਤੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸਰਵੋਤਮ ਧਾਵੀ ਵਜੋਂ ਮੋਟਰਸਾਈਕਲ ਜਿੱਤਣ ਦਾ ਸ਼ਾਨਦਾਰ ਮਾਅਰਕਾ ਮਾਰਿਆ।
ਇਸ ਕਬੱਡੀ ਮੇਲੇ ‘ਤੇ ਧੁਰੰਤਰ ਖੇਡ ਦਿਖਾਉਣ ਵਾਲੇ ਪ੍ਰਵੀਨ ਦੀ ਇਲਾਕੇ ਵਿੱਚ ਚੋਖੀ ਪਹਿਚਾਣ ਬਣ ਗਈ। ਅਗਲੇ ਸਾਲ 2015 ਦੌਰਾਨ ਪ੍ਰਵੀਨ ਨੂੰ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਖੇਡਣ ਵਾਲੀ ਅਜ਼ਾਦ ਐਡਮਿੰਟਨ ਕਬੱਡੀ ਕਲੱਬ ਘੱਲ ਕਲਾਂ (ਮੋਗਾ) ਲਈ ਖੇਡਣ ਦਾ ਮੌਕਾ ਮਿਲ ਗਿਆ। ਉਸਨੇ ਪਹਿਲੇ ਸਾਲ ਹੀ ਫੈਡਰੇਸ਼ਨ ਦੇ ਕੱਪਾਂ ‘ਤੇ ਜਾਨਦਾਰ ਖੇਡ ਵਿਖਾਈ। ਜਰਗੜੀ ਦੇ ਕਬੱਡੀ ਕੱਪ ‘ਤੇ ਦਰਜ਼ਨ ਤੋਂ ਵੱਧ ਨਾਨ-ਸਟੌਪ ਧਾਵੇ ਬੋਲ ਕੇ ਸਰਵਉੱਤਮ ਧਾਵੀ ਦਾ ਖਿਤਾਬ ਜਿੱਤਣ ਵਾਲੇ ਪ੍ਰਵੀਨ ਦੇ ਪ੍ਰਦਰਸ਼ਨ ਵਿੱਚ ਆਏ ਨਿਖਾਰ ਦੀ ਗਵਾਹੀ ਬਹੁਤ ਸਾਰੇ ਖੇਡ ਮੇਲੇ ਭਰਦੇ ਹਨ।
Agile raider of Kabaddi, Praveen Bopur
ਸੰਨ 2016 ਦੌਰਾਨ ਪ੍ਰਵੀਨ ਨੇ ਖੇਡ ਪ੍ਰਮੋਟਰ ਹਰਦੀਪ ਰੌਣੀ ਦੀ ਨਵੀਂ ਹੋਂਦ ਵਿੱਚ ਆਈ ਬਾਬਾ ਫੂਲੋ ਪੀਰ ਕਬੱਡੀ ਅਕੈਡਮੀ ਰੌਣੀ ਵੱਲੋਂ ਧਮਾਕੇਦਾਰ ਖੇਡ ਵਿਖਾਉਂਦਿਆਂ ਆਪਣੀ ਟੀਮ ਨੂੰ ਕਈ ਕੱਪਾਂ ਦੀ ਵਿਜੇਤਾ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ। ਇਸੇ ਸਾਲ ਮੁਠੱਡਾ ਕੱਪ ‘ਤੇ ਵਿਰੋਧੀ ਜਾਫੀ ਕਮਲ ਟਿੱਬਾ ਨਾਲ ਹੋਏ ਭੇੜ ਦੌਰਾਨ ਪ੍ਰਵੀਨ ਦੀ ਲੱਤ ‘ਤੇ ਭਿਆਨਕ ਸੱਟ ਲੱਗ ਗਈ, ਜਿਸ ਕਾਰਨ ਉਹ ਛੇ ਮਹੀਨਿਆਂ ਲਈ ਖੇਡ ਮੈਦਾਨਾਂ ਤੋਂ ਦੂਰ ਹੋ ਗਿਆ।
ਇਸੇ ਵਰ੍ਹੇ ਦੀ 26 ਫਰਵਰੀ ਨੂੰ ਪ੍ਰਵੀਨ, ਨਰਵਾਣਾ ਸ਼ਹਿਰ ਦੀ ਧੀ ਬੀਬੀ ਰੀਨਾ ਦੇਵੀ ਨਾਲ ਵਿਆਹ ਬੰਧਨ ਵਿੱਚ ਬੱਝ ਗਿਆ। ਸਾਲ 2017 ਦੇ ਜੂਨ ਮਹੀਨੇ ਪਰਮਾਤਮਾ ਨੇ ਪ੍ਰਵੀਨ ਦੇ ਘਰ ਪੁੱਤਰ ਦੀ ਦਾਤ ਬਖਸ਼ੀ, ਜਿਸ ਦਾ ਨਾਂਅ ਗੁਰਕੀਰਤ ਸਿੰਘ ਰੱਖਿਆ ਗਿਆ। ਇਸੇ ਵਰ੍ਹੇ ਸ਼ੇਰੇ ਪੰਜਾਬ ਸਪੋਰਟਸ ਕਲੱਬ ਵੱਲੋਂ ਪਹਿਲੀ ਵਾਰ ਵਿਦੇਸ਼ੀ ਧਰਤੀ ਮਲੇਸ਼ੀਆ ਦੇ ਖੇਡ ਮੇਲਿਆਂ ‘ਤੇ ਧੁੰਮਾਂ ਪਾਉਣ ਵਾਲਾ ਪ੍ਰਵੀਨ, ਪੰਜਾਬ ਦੇ ਕਬੱਡੀ ਕੱਪਾਂ ‘ਤੇ ਖੇਡ ਪ੍ਰਮੋਟਰ ਕਾਬਲ ਗਿੱਲ ਦੁਆਰਾ ਨਵੀਂ ਬਣਾਈ ਮਾਣੂੰਕੇ ਗਿੱਲ ਖੇਡ ਕਲੱਬ ਦਾ ਹਿੱਸਾ ਬਣਿਆ। ਇਸੇ ਸਾਲ ਓਪਨ ਟੂਰਨਾਮੈਂਟ ‘ਤੇ ਖੇਡਦਿਆਂ ਪ੍ਰਵੀਨ ਦਾ ਸੱਜਾ ਪੈਰ ਚੋਟਗ੍ਰਸਤ ਹੋ ਗਿਆ।
ਸਰਵੋਤਮ ਧਾਵੀ ਬਣ ਕੇ ਮੋਟਰਸਾਈਕਲ ਜਿੱਤਣ ਦਾ ਸੁਪਨਾ ਪੂਰਾ ਕੀਤਾ
ਪੈਰ ਦੀ ਸੱਟ ਤੋਂ ਉੱਭਰ ਕੇ ਪ੍ਰਵੀਨ ਨੇ ਅਗਲੇ ਸਾਲ ਸ਼ਹੀਦ ਭਗਤ ਸਿੰਘ ਅਕੈਡਮੀ ਸਰਹਾਲਾ ਰਣੂੰਆ ਲਈ ਨੌਰਥ ਫੈਡਰੇਸ਼ਨ ਦੇ ਕੱਪਾਂ ‘ਤੇ ਬੱਲੇ-ਬੱਲੇ ਕਰਵਾਈ। 2018 ‘ਚ ਦੁਬਈ ਵਿਖੇ ਹੋਏ ਕਬੱਡੀ ਕੱਪਾਂ ‘ਤੇ ਤਕੜੀਆਂ ਟੀਮਾਂ ਵਿਰੁੱਧ ਆਪਣੀ ਜਬਰਦਸਤ ਖੇਡ ਦਾ ਲੋਹਾ ਮਨਵਾਉਣ ਵਾਲਾ ਪ੍ਰਵੀਨ ਦੁਬਈ ਵੱਸਦੇ ਕਬੱਡੀ ਪ੍ਰੇਮੀਆਂ ਦੇ ਦਿਲਾਂ ‘ਤੇ ਰਾਜ ਕਰਨ ਵਿੱਚ ਸਫਲ ਰਿਹਾ। ਪੰਜਾਬ ‘ਚ 2019-20 ਦਾ ਖੇਡ ਸੀਜ਼ਨ ਸਰਹਾਲਾ ਰਣੂੰਆ ਵੱਲੋਂ ਖੇਡਣ ਵਾਲੇ ਪ੍ਰਵੀਨ ਨੇ ਫੈਡਰੇਸ਼ਨ ਦੇ ਕੱਪਾਂ ‘ਤੇ ਵੀ ਸਰਵੋਤਮ ਧਾਵੀ ਬਣ ਕੇ ਮੋਟਰਸਾਈਕਲ ਜਿੱਤਣ ਦਾ ਸੁਪਨਾ ਪੂਰਾ ਕੀਤਾ।
Agile raider of Kabaddi, Praveen Bopur
ਪੌਣੇ ਛੇ ਫੁੱਟ ਕੱਦ ਅਤੇ ਲਗਭਗ 87 ਕਿੱਲੋ ਸਰੀਰਕ ਭਾਰ ਵਾਲੇ ਪ੍ਰਵੀਨ ਨੇ ਜਾਂਗਪੁਰ ਲੁਧਿਆਣਾ ਦੇ ਖੇਡ ਮੇਲੇ ‘ਤੇ ਕਾਉਂਕਿਆਂ ਦੀ ਟੀਮ ਲਈ ਧੜੱਲੇਦਾਰ ਖੇਡ ਵਿਖਾਉਂਦਿਆਂ ਬੈਸਟ ਰੇਡਰ ਬਣ ਕੇ ਮੋਟਰਸਾਈਕਲ ਜਿੱਤਿਆ ਤੇ ਟੂਰਨਾਮੈਂਟ ਕਮੇਟੀ ਵੱਲੋਂ ਇਨਾਮ ਵਜੋਂ ਉਸਦੀ ਖੱਬੀ ਬਾਂਹ ‘ਤੇ ਸ਼ੇਰ ਦਾ ਟੈਟੂ ਵੀ ਖੁਣਵਾਇਆ ਗਿਆ।
ਪ੍ਰਵੀਨ ਆਪਣੀ ਦਮਦਾਰ ਖੇਡ ਸਦਕਾ ਸਰਵੋਤਮ ਧਾਵੀ ਬਣ ਕੇ ਹੁਣ ਤੱਕ 16 ਮੋਟਰਸਾਈਕਲ, ਦਰਜ਼ਨ ਤੋਂ ਵੱਧ ਸੋਨੇ ਦੀਆਂ ਮੁੰਦੀਆਂ, ਟੈਲੀਵਿਜ਼ਨ ਤੇ ਅਣਗਿਣਤ ਵਾਰ ਨਕਦ ਰਾਸ਼ੀ ਇਨਾਮ ਵਜੋਂ ਜਿੱਤ ਚੁੱਕਾ ਹੈ। ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਦੇ ਦਮ ‘ਤੇ ਅੱਗੇ ਵਧਣ ਵਾਲਾ ਕਬੱਡੀ ਦਾ ਸਪੀਡੀ ਰੇਡਰ ਪ੍ਰਵੀਨ ਬੋਪੁਰ ਖੇਡ ਜਗਤ ‘ਚ ਬੁਲੰਦੀਆਂ ਨੂੰ ਛੂੰਹਦਾ ਰਹੇ।
ਪ੍ਰੋ. ਗੁਰਸੇਵ ਸਿੰਘ ‘ਸੇਵਕ ਸ਼ੇਰਗੜ’,
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.