ਕਣਕ ਤੋਂ ਬਾਅਦ ਹੁਣ ਤੂੜੀ ਸਾਂਭਣ ਲੱਗੇ ਕਿਸਾਨ
ਗੁਰੂਹਰਸਹਾਏ (ਸਤਪਾਲ ਥਿੰਦ) ਪੰਜਾਬ ਦਾ ਬਹੁਤਾ ਇਲਾਕਾ ਖੇਤੀ ਤੇ ਨਿਰਭਰ ਹੈ ਇਥੋਂ ਦੇ ਜ਼ਿਆਦਾਤਰ ਕਿਸਾਨ ਹਾੜ੍ਹੀ ਅਤੇ ਸਾਉਣੀ ਦੀ ਫ਼ਸਲ ਦੌਰਾਨ ਕਣਕ ਅਤੇ ਝੋਨਾ ਹੀ ਬੀਜਦੇ ਹਨ। ਕਿਸਾਨ ਇਸ ਮੌਕੇ ਕੋਰੋਨਾ ਦੀ ਬਿਮਾਰੀ ਤੋਂ ਸੁਚੇਤ ਵੀ ਹਨ ਪਰ ਉਹ ਆਪਣੀਆਂ ਫਸਲਾਂ ਨੂੰ ਸਾਂਭਣ ਤੇ ਲੱਗੇ ਹਨ। ਕਣਕ ਦੇ ਸੀਜ਼ਨ ਦੌਰਾਨ ਕਿਸਾਨ ਜਿੱਥੇ ਮੰਡੀਆਂ ਵਿੱਚ ਕਣਕ ਵੇਚਣ ਲਈ ਜਾ ਰਹੇ ਹਨ, ਉੱਥੇ ਹੀ ਪਸ਼ੂਆਂ ਲਈ ਤੂੜੀ ਦੀ ਸੰਭਾਲ ਵੀ ਕਰਨ ‘ਚ ਲੱਗੇ ਹੋਏ ਹਨ।
ਗੱਲਬਾਤ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਕਾਰਨ ਮਸ਼ੀਨਾਂ ਵੀ ਘੱਟ ਮਿਲ ਰਹੀਆਂ ਹਨ ਅਤੇ ਤੂੜੀ ਬਣਾਉਣ ਦੇ ਰੇਟ ਵੀ ਮਸ਼ੀਨਾਂ ਵਾਲਿਆਂ ਦੁਆਰਾ ਜ਼ਿਆਦਾ ਲਏ ਜਾ ਰਹੇ ਹਨ ਪਰ ਮਜਬੂਰੀ ਵੱਸ ਸਾਨੂੰ ਤੂੜੀ ਬਣਾਉਣੀ ਪੈ ਰਹੀ ਹੈ ਕਿਉਂਕਿ ਜੇਕਰ ਬਾਰਿਸ਼ ਹੋ ਜਾਂਦੀ ਹੈ ਤਾਂ ਸਾਡੀਆਂ ਆਸਾਂ ‘ਤੇ ਪਾਣੀ ਫਿਰ ਸਕਦਾ ਹੈ। ਕਿਸਾਨ ਸੌਮਪ੍ਰਕਾਸ਼ ਓਮ ਚੰਦ ਅਤੇ ਪਵਨ ਨੇ ਦੱਸਿਆ ਕਿ ਪਸ਼ੂਆਂ ਲਈ ਇਹ ਸਹੀ ਢੁਕਵਾਂ ਸਮਾਂ ਹੈ ਤੂੜੀ ਬਣਾਉਣ ਦਾ ਕਿਉਂਕਿ ਜੇਕਰ ਬਾਰਿਸ਼ ਹੋ ਜਾਂਦੀ ਹੈ ਤਾਂ ਤੂੜੀ ਸਾਫ਼ ਅਤੇ ਵਧੀਆ ਨਹੀਂ ਬਣੇਗੀ ਜੇਕਰ ਖੁਦਾ ਨਾ ਖਾਸਤਾ ਅੱਗ ਦਾ ਕਹਿਰ ਵਾਪਰਦਾ ਹੈ ਤਾਂ ਸਾਡੇ ਪਸ਼ੂ ਤੂੜੀ ਤੋਂ ਵਾਂਝੇ ਰਹਿ ਜਾਣਗੇ।
ਇਸ ਲਈ ਅਸੀਂ ਕਣਕ ਦੇ ਨਾਲ ਹੀ ਤੂੜੀ ਵੀ ਸਾਂਭਣ ‘ਤੇ ਲੱਗੇ ਹੋਏ ਹਾਂ ਪਰ ਅੱਜ ਆਧੁਨਿਕ ਯੁੱਗ ਕਾਰਨ ਤੂੜੀ ਬਣਾਉਣ ਦੇ ਜਿੱਥੇ ਸੰਦਾਂ ਵਿੱਚ ਤਬਦੀਲੀ ਆਈ ਹੈ ਉਥੇ ਤੂੜੀ ਬਣਾਉਣ ਵਾਲੇ ਕੁੱਪ ਦੀ ਜਗ੍ਹਾ ਪੱਕੀਆਂ ਇੱਟਾਂ ਨਾਲ ਬਣੇ ਸ਼ੈੱਡ ਅਤੇ ਕਮਰਿਆਂ ਨੇ ਲੈ ਲਈ ਹੈ। ਹੁਣ ਹੜੰਬਿਆਂ ਦੀ ਥਾਂ ਸਟਾਰ ਰਿਪਰ ਹੀ ਤੂੜੀ ਬਣਾ ਰਹੇ ਹਨ। ਜਿਸ ਕਾਰਨ ਸਮੇਂ ਦੀ ਬਚਤ ਅਤੇ ਪੈਸਿਆਂ ਦੀ ਬਚਤ ਵੀ ਹੋ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।