Education Department of Punjab: ਵਿਦਿਆਰਥੀਆਂ ਦੇ ਦੁਪਹਿਰ ਦੇ ਖ਼ਾਣੇ ਤੇ ਮਠਿਆਈ ਦਾ ਕਰਨ ਇੰਤਜ਼ਾਮ
- ਪੰਜਾਬ ਦੇ ਸਿੱਖਿਆ ਵਿਭਾਗ ਨੇ ਲਾਈ ਪੰਜਾਬ ਭਰ ਦੇ ਅਧਿਆਪਕਾਂ ਦੀ ਡਿਊਟੀ | Education Department of Punjab
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਲੱਖਾਂ ਵਿਦਿਆਰਥੀਆਂ ਦੇ ਲਈ ਕਿਸੇ ਤੀਜ ਤਿਉਹਾਰ ਜਾਂ ਫਿਰ ਖ਼ਾਸ ਮੌਕੇ ਵਿਸ਼ੇਸ਼ ਖਾਣੇ ਦਾ ਪ੍ਰਬੰਧ ਕਰਨ ਲਈ ਹੁਣ ਤੋਂ ਬਾਅਦ ਅਧਿਆਪਕ ਦਾਨੀ ਸੱਜਣਾਂ ਨੂੰ ਲੱਭਦੇ ਨਜ਼ਰ ਆਉਣਗੇ, ਕਿਉਂਕਿ ਸਿੱਖਿਆ ਵਿਭਾਗ ਵੱਲੋਂ ਪੰਜਾਬ ਭਰ ਦੇ ਅਧਿਆਪਕਾਂ ਦੀ ਇਹ ਡਿਊਟੀ ਲਾਈ ਗਈ ਹੈ ਕਿ ਉਹ ਵਿਦਿਆਰਥੀਆਂ ਦੇ ਦੁਪਹਿਰ ਦੇ ਖਾਣੇ ਦਾ ਇੰਤਜ਼ਾਮ ਕਿਸੇ ਦਾਨੀ ਸੱਜਣ ਜਾਂ ਫਿਰ ਸਰਪੰਚ ਰਾਹੀਂ ਕਰਵਾਉਣ। ਹਾਲਾਂਕਿ ਇਹ ਇੰਤਜ਼ਾਮ ਰੋਜ਼ਾਨਾ ਨਹੀਂ, ਸਗੋਂ ਹਰ ਮਹੀਨੇ ਆਉਣ ਵਾਲੇ ਖ਼ਾਸ ਕਿਸੇ ਦਿਨ ਅਤੇ ਤਿਉਹਾਰ ਮੌਕੇ ਹੀ ਕਰਨ ਲਈ ਕਿਹਾ ਗਿਆ ਹੈ ਪਰ ਅਧਿਆਪਕ ਹਰ ਹਫ਼ਤੇ ਇਹੋ ਜਿਹੇ ਦਾਨੀ ਸੱਜਣ ਕਿੱਥੋਂ ਲੱਭ ਕੇ ਲਿਆਉਣਗੇ, ਜਿਹੜੇ ਕਿ ਵਿਦਿਆਰਥੀਆਂ ਨੂੰ ਖਾਣਾ ਖਵਾਉਣਗੇ।
Education Department of Punjab: ਵਿਸ਼ੇਸ਼ ਸਮਾਰੋਹ, ਵਿਸ਼ੇਸ਼ ਦਿਨ ਜਾਂ ਫਿਰ ਤਿਉਹਾਰ ਮੌਕੇ ਕੀਤਾ ਜਾਵੇ ਦਾਨੀ ਸੱਜਣ ਰਾਹੀਂ ਵਿਸ਼ੇਸ਼ ਇੰਤਜ਼ਾਮ
ਪੰਜਾਬ ਭਰ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋਂ ਇਹ ਅਨੋਖਾ ਆਦੇਸ਼ ਜਾਰੀ ਕੀਤਾ ਗਿਆ ਹੈ। ਇਸ ਆਦੇਸ਼ ਨੂੰ ਦੇਖ ਕੇ ਅਧਿਆਪਕ ਵੀ ਹੈਰਾਨ ਅਤੇ ਪ੍ਰੇਸ਼ਾਨ ਹਨ ਕਿ ਹਰ ਹਫ਼ਤੇ ਹੀ ਕੋਈ ਨਾ ਕੋਈ ਤੀਜ ਤਿਉਹਾਰ ਜਾਂ ਫਿਰ ਵਿਸ਼ੇਸ਼ ਮੌਕਾ ਆਇਆ ਹੀ ਰਹਿੰਦਾ ਹੈ ਤਾਂ ਉਨ੍ਹਾਂ ਨੂੰ ਹਰ ਹਫ਼ਤੇ ਹੀ ਦਾਨੀ ਸੱਜਣਾਂ ਨੂੰ ਲੱਭਣਾ ਪਵੇਗਾ, ਜਿਹੜਾ ਕਿ ਇਸ ਤਰੀਕੇ ਨਾਲ ਦੁਪਹਿਰ ਦੇ ਭੋਜਨ ਦਾ ਇੰਤਜ਼ਾਮ ਕਰੇਗਾ। Education Department of Punjab
ਜਾਣਕਾਰੀ ਅਨੁਸਾਰ ਪੰਜਾਬ ਦੇ ਸਿੱਖਿਆ ਵਿਭਾਗ ਅਧੀਨ ਕੰਮ ਕਰਦੀ ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਦੇ ਜਨਰਲ ਮੈਨੇਜਰ ਵੱਲੋਂ ਬੀਤੇ ਦਿਨ ਪੰਜਾਬ ਭਰ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮੀਡ-ਡੇ ਮੀਲ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਆਦੇਸ਼ ਜਾਰੀ ਕੀਤੇ ਗਿਆ ਹੈ ਕਿ ਉਨ੍ਹਾਂ ਵਲੋਂ ਵਿਦਿਆਰਥੀਆਂ ਦੇ ਲਈ ‘ਤਿੱਥੀ ਭੋਜਨ’ ਦਾ ਇੰਤਜ਼ਾਮ ਵੀ ਕੀਤਾ ਜਾਵੇ।
ਇਸ ਤਿੱਥੀ ਭੋਜਨ ਲਈ ਪਿੰਡ ਦੇ ਸਰਪੰਚ, ਦਾਨੀ ਸੱਜਣ ਜਾਂ ਫਿਰ ਹੋਰ ਪਤਵੰਤੇ ਸੱਜਣਾਂ ਦੇ ਸਹਿਯੋਗ ਨਾਲ ਕਿਸੇ ਵੀ ਵਿਸ਼ੇਸ਼ ਸਮਾਰੋਹ, ਵਿਸ਼ੇਸ਼ ਦਿਨ ਜਾਂ ਫਿਰ ਤਿਉਹਾਰ ਮੌਕੇ ਕੋਈ ਸਪੈਸ਼ਲ ਭੋਜਨ ਅਤੇ ਫਲ ਸਣੇ ਕਿਸੇ ਤਰ੍ਹਾਂ ਦੀ ਮਠਿਆਈ ਦਾ ਇੰਤਜ਼ਾਮ ਕਰਦੇ ਹੋਏ ਵਿਦਿਆਰਥੀਆਂ ਨੂੰ ਦੁਪਹਿਰ ਦੇ ਭੋਜਨ ਨਾਲ ਦੇਣ ਦਾ ਉਪਰਾਲੇ ਕੀਤੇ ਜਾਣ।
ਹੁਣ ਖਾਣੇ ਲਈ ਦਾਨ ਕਿਵੇਂ ਮੰਗਣ ਅਧਿਆਪਕ | Education Department of Punjab
ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਹਮੇਸ਼ਾ ਹੀ ਸਕੂਲ ਦੀ ਸਫ਼ਾਈ ਤੋਂ ਲੈ ਕੇ ਰੰਗ ਤੱਕ ਕਰਵਾਉਣ ਲਈ ਦਾਨ ਮੰਗ ਕੇ ਕੰਮ ਚਲਾਉਣ ਤੋਂ ਬਾਅਦ ਹੁਣ ਉਹ ਵਿਦਿਆਰਥੀਆਂ ਦੇ ਵਿਸ਼ੇਸ਼ ਖਾਣੇ ਤੇ ਮਠਿਆਈ ਲਈ ਕਿਵੇਂ ਦਾਨ ਮੰਗ ਸਕਦੇ ਹਨ। ਇੱਕ ਅਧਿਆਪਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਉਹ ਕਿਵੇਂ ਕਹਿਣਗੇ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਕੋਲ ਖਾਣ ਲਈ ਰੋਟੀ ਵੀ ਨਹੀਂ ਹੈ?
ਅਧਿਆਪਕਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਪੱਤਰ ਜਾਰੀ ਕਰਦੇ ਹੋਏ ਮਿਡ-ਡੇ ਮੀਲ ਸੁਸਾਇਟੀ ਵੱਲੋਂ ਅਧਿਆਪਕਾਂ ਨੂੰ ਗਲਤ ਰਾਹ ਤੋਰਿਆ ਜਾ ਰਿਹਾ ਹੈ, ਜਿਹੜਾ ਕਿ ਨਾ ਸਿਰਫ਼ ਗਲਤ ਹੈ, ਸਗੋਂ ਸਹਿਣ ਯੋਗ ਵੀ ਨਹੀਂ ਹੈ ਪਰ ਉਨ੍ਹਾਂ ਨੂੰ ਆਪਣੀ ਨੌਕਰੀ ਬਚਾਉਣ ਲਈ ਹੁਣ ਇਹ ਵੀ ਕੰਮ ਕਰਨਾ ਪਵੇਗਾ।
ਅਧਿਆਪਕਾਂ ’ਤੇ ਖੜ੍ਹੇ ਕੀਤੇ ਸਵਾਲ, ਦਿਖਾਉਂਦੇ ਹਨ ਜਾਅਲੀ ਵਿਦਿਆਰਥੀ
ਮਿਡ-ਡੇ ਮੀਲ ਸੁਸਾਇਟੀ ਵੱਲੋਂ ਅਧਿਆਪਕਾਂ ਨੂੰ ਸਿਰਫ਼ ਦਾਨੀ ਸੱਜਣ ਲੱਭਣ ਲਈ ਹੀ ਨਹੀਂ ਕਿਹਾ ਗਿਆ, ਸਗੋਂ ਆਪਣੇ ਪੱਤਰ ਵਿੱਚ ਸਵਾਲ ਵੀ ਖੜ੍ਹੇ ਕੀਤੇ ਗਏ ਇਸ ਪੱਤਰ ਵਿੱਚ ਅਧਿਆਪਕਾਂ ’ਤੇ ਦੋਸ਼ ਲਾਇਆ ਗਿਆ ਹੈ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲਾ ਮੌਸਮੀ ਫਲ ਨਾ ਦਿੱਤਾ ਜਾ ਰਿਹਾ ਹੈ ਅਤੇ ਉਸ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
Read Also : Fraud News: ਸਾਵਧਾਨ! ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਕੰਮ, ਮਹਿਲਾ ਨੇ ਗੁਆਏ 6.82 ਲੱਖ
ਇਸ ਨਾਲ ਹੀ ਵਿਦਿਆਰਥੀਆਂ ਦੀ ਬੋਗਸ ਤੇ ਜਾਅਲੀ ਹਾਜ਼ਰੀ ਦਿਖਾਈ ਜਾ ਰਹੀ ਹੈ। ਇਸ ਮਾਮਲੇ ਵਿੱਚ ਸਕੂਲ ਮੁਖੀਆਂ ਨੂੰ ਹਦਾਇਤਾਂ ਕੀਤੀ ਗਈਆਂ ਹਨ ਕਿ ਇਸ ਤਰ੍ਹਾਂ ਦੇ ਮਾਮਲੇ ਵਿੱਚ ਡਿਊਟੀ ਅਧਿਆਪਕ ਦੇ ਨਾਲ ਹੀ ਨਿਰੋਲ ਉਨ੍ਹਾਂ ਦੀ ਜਿੰਮੇਵਾਰੀ ਵੀ ਤੈਅ ਕੀਤੀ ਜਾ ਰਹੀ ਹੈ ਅਤੇ ਕੰਮ ਨਾ ਹੋਣ ਦੀ ਸੂੁਰਤ ਉਨ੍ਹਾਂ ਦੇ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।