ਪ੍ਰਸ਼ਾਸਨ ਦੇ ਭਰੋਸੇ ਮਗਰੋਂ ਪਰਦੀਪ ਸਿੰਘ ਇੰਸਾਂ ਦਾ ਅੰਤਿਮ ਸਸਕਾਰ
(ਸੱਚ ਕਹੂੰ ਨਿਊਜ਼) ਕੋਟਕਪੂਰਾ। ਆਖ਼ਰ ਪ੍ਰਸ਼ਾਸਨ ਵੱਲੋਂ ਮੰਗਾਂ ਮੰਨ ਲਏ ਜਾਣ ‘ਤੇ ਪਰਿਵਾਰ ਅਤੇ ਸਾਧ-ਸੰਗਤ ਵੱਲੋਂ ਡੇਰਾ ਸ਼ਰਧਾਲੂ ਪਰਦੀਪ ਸਿੰਘ ਇੰਸਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਵੱਡੀ ਗਿਣਤੀ ‘ਚ ਸਾਧ-ਸੰਗਤ ਅਤੇ ਸ਼ਹਿਰ ਵਾਸੀਆਂ ਨੇ ਪਰਦੀਪ ਸਿੰਘ ਇੰਸਾਂ ਨੂੰ ਹੰਝੂਆਂ ਭਰੀ ਵਿਦਾਈ ਦਿੱਤੀ।
ਵੀਰਵਾਰ ਨੂੰ ਪਰਦੀਪ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨਾਮ ਚਰਚਾ ਘਰ ਕੋਟਕਪੂਰਾ ਵਿੱਚ ਲਿਆਂਦੀ ਗਈ ਸੀ ਇਸ ਘਟਨਾ ਦੇ ਰੋਸ ਵਜੋਂ ਬੀਤੇ ਦਿਨ ਤੋਂ ਹੀ ਕੋਟਕਪੂਰਾ ਦੇ ਨਾਮ ਚਰਚਾ ਘਰ ‘ਚ ਸਾਧ-ਸੰਗਤ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚ ਗਈ ਸੀ ਅਤੇ ਅੱਜ ਦੁਪਹਿਰ ਤੱਕ ਵੀ ਸਾਧ-ਸੰਗਤ ਦਾ ਆਉਣਾ ਲਗਾਤਾਰ ਜਾਰੀ ਸੀ। ਪਰਿਵਾਰ ਆਪਣੀਆਂ ਮੰਗਾਂ ਮੰਨੇ ਜਾਣ ਤੋਂ ਬਿਨਾ ਸਸਕਾਰ ਕਰਨ ਲਈ ਤਿਆਰ ਨਹੀਂ ਸੀ ਸ਼ੁੱਕਰਵਾਰ ਨੂੰ ਜ਼ਿੰਮੇਵਾਰਾਂ ਅਤੇ ਪ੍ਰਸ਼ਾਸਨ ਦੀ ਮੀਟਿੰਗ ਹੋਈ । ਮੀਟਿੰਗ ਦੌਰਾਨ ਸ਼ਾਮ ਨੂੰ ਪ੍ਰਸ਼ਾਸਨ ਨੇ ਪਰਿਵਾਰ ਦੀਆਂ ਮੰਗਾਂ ਮੰਨ ਲਈਆਂ ਤਾਂ ਪਰਿਵਾਰ ਸਸਕਾਰ ਲਈ ਤਿਆਰ ਹੋਇਆ।

ਰੋਸ ਅਤੇ ਰੋਹ ਨਾਲ ਭਰੀ ਸਾਧ ਸੰਗਤ ਦੇ ਭਾਰੀ ਇਕੱਠ ਨੇ ਪਰਦੀਪ ਸਿੰਘ ਇੰਸਾਂ ਨੂੰ ਹੰਝੂਆਂ ਭਰੀ ਅੱਜ ਅੰਤਿਮ ਵਿਦਾਇਗੀ ਦਿੱਤੀ। ਫੁੱਲਾਂ ਨਾਲ ਸਜਾਈ ਵੈਨ ਨੂੰ ਨਾਮ ਚਰਚਾ ਘਰ ਕੋਟਕਪੂਰਾ ਤੋਂ ਰਾਮਬਾਗ ਵਿਖੇ ਲੰਮੇ ਕਾਫਲੇ ਦੇ ਰੂਪ ਵਿੱਚ ਲਿਜਾਇਆ ਗਿਆ। ਰਸਤੇ ਵਿੱਚ ਲੋਕਾਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਰੋਸ ਵਿੱਚ ਆਈ ਸਾਧ ਸੰਗਤ ਨੇ ਇਸ ਮੌਕੇ ਪਰਦੀਪ ਸਿੰਘ ਅਮਰ ਰਹੇ, ਡੇਰਾ ਸੱਚਾ ਸੌਦਾ ਦੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਆਕਾਸ਼ ਗੰਜਾਊ ਨਾਅਰੇ ਲਾਏ।
ਪਰਦੀਪ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਅੱਗੇ ਜੋ ਮੰਗਾਂ ਰੱਖੀਆਂ ਸਨ ਉਨ੍ਹਾਂ ’ਤੇ ਸਹਿਮਤੀ ਹੋ ਚੁੱਕੀ ਹੈ ਤੇ ਹੁਣ ਅੰਤਿਮ ਸਸਕਾਰ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਅਧਿਕਾਰੀਆਂ ਨੇ ਬਾਕੀ ਕਾਤਲਾਂ ਨੂੰ ਜਲਦੀ ਗ੍ਰਿਫਤਾਰ ਕਰਨ ਦਾ ਦਿੱਤਾ ਭਰੋਸਾ ਦਿੱਤਾ ਹੈ ਤੇ ਪਰਿਵਾਰ ਦੀ ਸੁਰੱਖਿਆ ਦੀ ਵੀ ਪੂਰੀ ਜਿੰਮੇਵਾਰੀ ਲਈ ਹੈ।
ਜਿਕਰਯੋਗ ਹੈ ਕਿ ਵੀਰਵਾਰ ਸਵੇਰੇ ਦਿਨ ਚੜ੍ਹਦਿਆਂ ਹੀ ਕੋਟਕਪੂਰਾ ’ਚ 5-6 ਅਣਪਛਾਤੇ ਵਿਅਕਤੀਆਂ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਪ੍ਰਦੀਪ ਸਿੰਘ ਇੰਸਾਂ ਵਾਸੀ ਕੋਟਕਪੂਰਾ ਦਾ ਤਾਬੜਤੋੜ ਗੋਲੀਆਂ ਚਲਾ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਕਾਰਨ ਸਾਧ-ਸੰਗਤ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ