ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 93 ਅਪਰਾਧੀ ਪੁੱਛਗਿਛ ਲਈ ਹਿਰਾਸਤ ’ਚ ਲਏ

mohali
ਮੋਹਾਲੀ ਛਾਪੇਮਾਰੀ ਦੌਰਾਨ ਭਾਰੀ ਪੁਲਿਸ ਫੋਰਸ ਸਮੇਤ ਡੀਆਈਜੀ ਤੇ ਹੋਰ ਪੁਲਿਸ ਅਧਿਕਾਰੀ।

ਡੀ.ਆਈ.ਜੀ. ਗੁਰਪ੍ਰੀਤ ਭੁੱਲਰ ਨੇ ਰੂਪਨਗਰ ਰੇਂਜ ਦੇ ਜ਼ਿਲ੍ਹਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੀ ਕੀਤੀ ਅਗਵਾਈ

(ਐੱਮ ਕੇ ਸ਼ਾਇਨਾ) ਮੋਹਾਲੀ । ਲੋਕਾਂ ਦਰਮਿਆਨ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ, ਰੂਪਨਗਰ ਰੇਂਜ ਪੁਲਿਸ ਨੇ ਅੱਜ ਰੂਪਨਗਰ, ਐੱਸਏਐੱਸ ਨਗਰ ਅਤੇ ਫ਼ਤਹਿਗੜ੍ਹ ਸਾਹਿਬ ਸਮੇਤ ਤਿੰਨ ਜ਼ਿਲ੍ਹਿਆਂ ਵਿੱਚ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸੀ ਮੁਹਿੰਮ (ਸੀ.ਏ.ਐਸ.ਓ.) ਚਲਾਈ। ਇਸ ਮੁਹਿੰਮ ਦੀ ਅਗਵਾਈ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਡੀ.ਆਈ.ਜੀ.) ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.)-ਕਮ- ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਕੀਤੀ ਇਹ ਮੁਹਿੰਮ ਤਿੰਨ ਜ਼ਿਲ੍ਹਿਆਂ ਦੇ ਐੱਸਐੱਸਪੀਜ਼ ਜਿਹਨਾਂ ਵਿੱਚ ਐੱਸਐੱਸਪੀ ਮੁਹਾਲੀ ਵਿਵੇਕ ਸੀਲ ਸੋਨੀ, ਐੱਸਐੱਸਪੀ ਫ਼ਤਹਿਗੜ੍ਹ ਸਾਹਿਬ ਰਵਜੋਤ ਗਰੇਵਾਲ ਅਤੇ ਐੱਸਐੱਸਪੀ ਰੂਪਨਗਰ ਸੰਦੀਪ ਗਰਗ ਸ਼ਾਮਲ ਹਨ, ਪੁਲਿਸ ਬਲਾਂ ਵੱਲੋਂ ਸਾਂਝੇ ਤੌਰ ’ਤੇ ਚਲਾਈ ਗਈ।

ਪੁਲਿਸ ਟੀਮਾਂ ਨੇ ਜ਼ੀਰਕਪੁਰ ਵਿੱਚ ਔਰਬਿਟ ਸੁਸਾਇਟੀ, ਲੋਹਗੜ੍ਹ ਵਿੱਚ ਪਾਰਕ ਪਲਾਜਾ, ਡੇਰਾਬੱਸੀ ਵਿੱਚ ਗੁਲਮੋਹਰ ਸਿਟੀ, ਲਾਲੜੂ ਵਿੱਚ ਡਰੀਮ ਹਾਊਸ ਸੁਸਾਇਟੀ, ਖਰੜ ਵਿੱਚ ਮਾਡਰਨ ਵੈਲੀ ਸੁਸਾਇਟੀ, ਸੈਕਟਰ-91 ਵਿੱਚ ਕੋਆਪਰੇਟਿਵ ਹੋਮ ਅਤੇ ਸੈਕਟਰ-91 ਵਿੱਚ ਵੈਂਬਲੀ ਸਮੇਤ ਸੱਤ ਸੁਸਾਇਟੀਆਂ ਤੋਂ ਇਲਾਵਾ ਭੀੜ-ਭਾੜ ਵਾਲੇ ਬਾਜ਼ਾਰ ਸਮੇਤ 3ਬੀ-ਟੂ ਵਿੱਚ ਛਾਪੇਮਾਰੀ ਕਰਕੇ ਘੱਟੋ-ਘੱਟ 93 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਪੁੱਛਗਿਛ ਲਈ ਹਿਰਾਸਤ ਵਿੱਚ ਲਿਆ ਹੈ।

ਕਿਰਾਏ ਦੇ ਮਕਾਨਾਂ ’ਤੇ ਰਹਿਣ ਵਾਲੇ ਕਿਰਾਏਦਾਰਾਂ ਦੀ ਵੀ ਪੜਤਾਲ ਕੀਤੀ

ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ ਬਲਿਆਲੀ, ਬਲੌਂਗੀ, ਬੜਮਾਜਰਾ ਕਲੋਨੀ, ਜੁਝਾਰ ਨਗਰ ਕਲੋਨੀ ਅਤੇ ਮਟੌਰ ਸਮੇਤ ਪੰਜ ਪਿੰਡਾਂ ਵਿੱਚ ਵੀ ਘੇਰਾਬੰਦੀ ਅਤੇ ਤਲਾਸੀ ਮੁਹਿੰਮ ਚਲਾਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਕੁਝ ਕਿਰਾਏਦਾਰ ਬਿਨਾਂ ਤਸਦੀਕ ਕੀਤੇ ਉੱਥੇ ਰਹਿ ਰਹੇ ਹਨ ਅਤੇ ਕਈਆਂ ਨੇ ਆਪਣੇ ਫਲੈਟਾਂ ਨੂੰ ਅੱਗੇ ਕਿਰਾਏ ’ਤੇ ਦਿੱਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਚੈਕਿੰਗ ਦੌਰਾਨ ਕਿਰਾਏ ਦੇ ਮਕਾਨਾਂ ’ਤੇ ਰਹਿਣ ਵਾਲੇ ਕਿਰਾਏਦਾਰਾਂ ਦੀ ਵੀ ਪੜਤਾਲ ਕੀਤੀ।

ਉਨ੍ਹਾਂ ਦੱਸਿਆ ਕਿ ਹਰੇਕ ਸੁਸਾਇਟੀ ਦੀ ਘੇਰਾਬੰਦੀ ਕਰਕੇ ਸਬੰਧਤ ਐੱਸਐੱਸਪੀਜ ਦੀ ਨਿਗਰਾਨੀ ਹੇਠ ਤਲਾਸੀ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਮੁਹਿੰਮਾਂ ਜਾਰੀ ਰਹਿਣਗੀਆਂ। ਡੀਆਈਜੀ ਨੇ ਦੱਸਿਆ ਕਿ ਰੈਜੀਡੈਂਟਸ ਵੈਲਫੇਅਰ ਸੁਸਾਇਟੀਆਂ ਨੇ ਵੀ ਪੰਜਾਬ ਪੁਲਿਸ ਦੇ ਇਸ ਉਪਰਾਲੇ ਦੀ ਸਲਾਘਾ ਕੀਤੀ। ਜ਼ਿਕਰਯੋਗ ਹੈ ਕਿ ਪੁਲਿਸ ਟੀਮਾਂ ਵੱਲੋਂ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਨਗਦੀ ਬਾਰੇ ਹੋਰ ਜਾਂਚ ਲਈ ਸ਼ੱਕ ਦੇ ਆਧਾਰ ’ਤੇ ਕਾਬੂ ਕੀਤੇ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ