ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ‘ਆਪ’ ਦੀ ਵੀ ਕੋਰੀ ਨਾਂਹ, ਨਹੀਂ ਜਾਣਗੇ ਰਾਸ਼ਟਰਪਤੀ ਨੂੰ ਮਿਲਣ ਦਿੱਲੀ

Harpal Singh Cheema

ਰਾਸ਼ਟਰਪਤੀ ਨੂੰ ਮਿਲਣ ਵਾਲੇ ਡਰਾਮੇ ਦਾ ਹਿੱਸਾ ਨਹੀਂ ਬਣੇਗੀ ‘ਆਪ’ – ਹਰਪਾਲ ਸਿੰਘ ਚੀਮਾ

ਪ੍ਰਧਾਨ ਮੰਤਰੀ ਤੋਂ ਸਮਾਂ ਲੈਣ ਕੈਪਟਨ, ਅਸੀਂ ਨੰਗੇ ਪੈਰੀਂ ਨਾਲ ਚੱਲਾਂਗੇ- ‘ਆਪ’

ਚੰਡੀਗੜ, (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਵੀ ਦਿੱਲੀ ਵਿਖੇ ਰਾਸ਼ਟਰਪਤੀ ਨੂੰ ਮਿਲਣ ਲਈ ਜਾਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ 4 ਨਵੰਬਰ ਨੂੰ ਦਿੱਲੀ ਰਾਸ਼ਟਰਪਤੀ ਨੂੰ ਮਿਲਣ ਲਈ ਜਾ ਰਹੇ ਹਨ ਅਤੇ ਉਨਾਂ ਵੱਲੋਂ ਸਾਰੀ ਪਾਰਟੀਆਂ ਦੇ ਵਿਧਾਇਕਾਂ ਨੂੰ ਨਾਲ ਚਲਣ ਦੀ ਅਪੀਲ ਕੀਤੀ ਗਈ ਸੀ ਪਰ ਹੁਣ ਦੋਵਾਂ ਮੁੱਖ ਪਾਰਟੀਆਂ ਵਲੋਂ ਕੋਰੀ ਨਾਂਹ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਸੀਟੀਅਰ ਆਗੂ ਤੇ ਵਿਰੋਧੀ ਧਿਰ ਦੇ ਮੁਖੀ ਹਰਪਾਲ ਸਿੰਘ ਚੀਮਾ ਸ਼ਨਿੱਚਰਵਾਰ ਨੂੰ ਮੀਡੀਆ ਦੇ ਰੂਬਰੂ ਸਨ। ਉਨਾਂ ਸਪੱਸ਼ਟ ਕਿਹਾ ਕਿ ਪੰਜਾਬ ਵਿਧਾਨ ਸਭਾ ‘ਚ 20 ਅਕਤੂਬਰ ਨੂੰ ਖੇਤੀ ਬਾਰੇ ਕੇਂਦਰੀ ਕਾਲੇ ਕਾਨੂੰਨਾਂ ‘ਚ ਹੀ ਸੋਧ ਕਰਕੇ ਜਿਹੜੇ 3 ਕਾਨੂੰਨ ਪਾਸ ਕੀਤੇ ਗਏ ਹਨ,

ਇਹ ਐਨੇ ਫ਼ਰਜ਼ੀ ਅਤੇ ਕਮਜ਼ੋਰ ਹਨ, ਜਿੰਨ੍ਹਾ ਰਾਹੀਂ ਨਾ ਕਿਸਾਨੀ ਹਿੱਤ ਬਚਾਏ ਜਾ ਸਕਦੇ ਹਨ ਅਤੇ ਨਾ ਹੀ ਕਿਸਾਨੀ ਸੰਘਰਸ਼ ਦੀ ਮੂਲ ਮੰਗ ਪੂਰੀ ਕਰਵਾਈ ਜਾ ਸਕਦੀ ਹੈ। ਇਸ ਲਈ ਇਨਾਂ ਕਮਜ਼ੋਰ ਕਾਨੂੰਨਾਂ ਨੂੰ ਲੈ ਕੇ ਰਾਸ਼ਟਰਪਤੀ ਨੂੰ ਮਿਲਣ ਦੀ ਕੋਈ ਤੁਕ ਹੀ ਨਹੀਂ ਬਣਦੀ। ਸ੍ਰੀ ਚੀਮਾ ਨੇ ਨਾਲ ਹੀ ਕਿਹਾ ਕਿ ਅਜੇ ਤੱਕ ਪੰਜਾਬ ਦੇ ਮਾਨਯੋਗ ਰਾਜਪਾਲ ਨੇ ਇਨਾਂ ਕਾਨੂੰਨਾਂ ‘ਤੇ ਦਸਤਖ਼ਤ ਤੱਕ ਨਹੀਂ ਕੀਤੇ, ਇਸ ਲਈ ਸਾਫ਼ ਹੈ ਕਿ ਕੈਪਟਨ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਖ਼ੁਦ ਨੂੰ ‘ਕਿਸਾਨਾਂ ਦਾ ਰਾਖਾ’ ਦਿਖਾਉਣ ‘ਤੇ ਕੇਂਦਰਿਤ ਹਨ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਸਲ ‘ਚ ਕਮਜ਼ੋਰੀਆਂ ਦੀ ਪੰਡ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਠਪੁਤਲੀ ਹਨ। ਇਸੇ ਲਈ ਕਾਲੇ ਕਾਨੂੰਨਾਂ ਖ਼ਿਲਾਫ਼ ਮੁੱਖ ਮੰਤਰੀ ਅੱਜ ਤੱਕ ਨਾ ਪ੍ਰਧਾਨ ਮੰਤਰੀ ਨਾ ਖੇਤੀ ਮੰਤਰੀ ਅਤੇ ਨਾ ਹੀ ਰੇਲ ਮੰਤਰੀ ਨੂੰ ਇਕੱਲੇ ਜਾਂ ਵਫ਼ਦ ਦੇ ਰੂਪ ‘ਚ ਨਹੀਂ ਮਿਲੇ।

Harpal Singh Cheema

ਉਹਨਾ ਕਿਹਾ ਕਿ ਰਾਸ਼ਟਰਪਤੀ ਨੂੰ ਮਿਲਣ ਦੀ ਥਾਂ ਜੇਕਰ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ‘ਤੇ ਦਬਾਅ ਬਣਾਉਣ ਲਈ ਵਫ਼ਦ ਲੈ ਕੇ ਜਾਂਦੇ ਹਨ ਤਾਂ ਆਮ ਆਦਮੀ ਪਾਰਟੀ ਨੰਗੇ ਪੈਰੀਂ ਨਾਲ ਜਾਵੇਗੀ। ਇਸੇ ਤਰਾਂ ਜੇ ਅਮਰਿੰਦਰ ਸਿੰਘ ਕਾਲੇ ਕਾਨੂੰਨ (ਸਮੇਤ ਹਵਾ ਪ੍ਰਦੂਸ਼ਣ ਆਰਡੀਨੈਂਸ) ਰੱਦ ਕਰਾਉਣ ਲਈ ਪ੍ਰਧਾਨ ਮੰਤਰੀ ਦੇ ਨਿਵਾਸ ‘ਤੇ ਧਰਨਾ ਲਗਾਉਂਦੇ ਹਨ ਤਾਂ ਵੀ ਆਮ ਆਦਮੀ ਪਾਰਟੀ ਉਨਾਂ ਦੇ ਨਾਲ ਡਟੇਗੀ। ਇਸੇ ਤਰਾਂ ਜੇ ਅਮਰਿੰਦਰ ਸਿੰਘ ਐਮਐਸਪੀ ‘ਤੇ ਸਰਕਾਰੀ ਖ਼ਰੀਦ ਦੀ ਗਰੰਟੀ ਨੂੰ ਕਾਨੂੰਨੀ ਦਾਇਰੇ ‘ਚ ਲਿਆਉਣ ਬਾਰੇ ਆਪਣਾ ਪੰਜਾਬ ਦਾ ਕਾਨੂੰਨ ਬਣਾਉਂਦੇ ਹਨ ਤਾਂ ਵੀ ਆਮ ਆਦਮੀ ਪਾਰਟੀ ਕੈਪਟਨ ਸਾਥ ਦੇਵੇਗੀ, ਪਰੰਤੂ ਕਿਸੇ ਕਿਸਮ ਦੀ ਨੋਟੰਕੀਬਾਜੀ ਅਤੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀਆਂ ਚਾਲਾਂ ‘ਚ ‘ਆਪ’ ਇਸ ‘ਫ਼ਰਜ਼ੀ ਰਾਖੇ’ ਕੈਪਟਨ ਦਾ ਸਾਥ ਨਹੀਂ ਦੇਵੇਗੀ।    ਬਾਕਸ-1

ਪ੍ਰਧਾਨ ਮੰਤਰੀ ਤੋਂ ਲਿਆ ਜਾਵੇ ਸਮਾਂ ਤਾਂ ਹੋਏਗਾ ਫਾਇਦਾ : ਦਲਜੀਤ ਚੀਮਾ

ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਦਲਜੀਤ ਚੀਮਾ ਨੇ ਕਿਹਾ ਕਿ ਰਾਸ਼ਟਰਪਤੀ ਨੂੰ ਮਿਲਣ ਜਾਣ ਦਾ ਕੋਈ ਫਾਇਦਾ ਨਹੀਂ ਹੈ, ਜਦੋਂ ਕਿ ਇਸ ਮਾਮਲੇ ਦਾ ਹਲ ਤਾਂ ਪ੍ਰਧਾਨ ਮੰਤਰੀ ਵੱਲੋਂ ਹੀ ਹੋਣਾ ਹੈ। ਇਸ ਲਈ ਅਮਰਿੰਦਰ ਸਿੰਘ ਨੂੰ ਇਸ ਤਰਾਂ ਦੀ ਗੁਮਰਾਹਕੁੰਨ ਕਰਨ ਦੀ ਥਾਂ ‘ਤੇ ਉਸ ਰਸਤੇ ਚਲਿਆ ਜਾਵੇ, ਜਿਥੇ ਜਾ ਕੇ ਕੋਈ ਫਾਇਦਾ ਹੋਣਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.