ਵਰਕਰਾਂ ਨਾਲ ਕੀਤਾ ਵੱਡਾ ਰੋਡ ਸ਼ੋਅ, ਅਕਾਲੀ ਵਰਕਰਾਂ ਵੱਲੋਂ ਭਰਵਾਂ ਸਵਾਗਤ
ਰੋਡ ਸ਼ੋਅ ਕਾਰਨ ਮੁੱਖ ਸੜਕਾਂ ‘ਤੇ ਲੱਗਿਆ ਜਾਮ
ਸੰਗਰੂਰ, ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ
ਪਰਮਿੰਦਰ ਸਿੰਘ ਢੀਂਡਸਾ ਦੇ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਬÎਣਨ ਮਗਰੋਂ ਪਹਿਲੀ ਵਾਰ ਲੋਕ ਸਭਾ ਹਲਕੇ ਦੀਆਂ ਬਰੂਹਾਂ ‘ਤੇ ਪੁੱਜਣ ਮੌਕੇ ਉਨ੍ਹਾਂ ਦੇ ਬਹੁਤ ਵੱਡੀ ਗਿਣਤੀ ਵਿੱਚ ਸਮਰਥਕਾਂ ਨੇ ਸਵਾਗਤ ਕੀਤਾ। ਇਸ ਮੌਕੇ ਵੱਡਾ ਰੋਡ ਸ਼ੋਅ ਵੀ ਕੱਢਿਆ ਗਿਆ ਜਾਣਕਾਰੀ ਮੁਤਾਬਕ ਢੀਂਡਸਾ ਚੰਨੋ ਦੇ ਗੁਰੂ ਘਰ ਮੱਥਾ ਟੇਕਣ ਉਪਰੰਤ ਮਸਤੂਆਣਾ ਸਾਹਿਬ ਲਈ ਰਵਾਨਾ ਹੋਏ। ਚੰਨੋ ਪਿੰਡ ਵਿਖੇ ਉਨ੍ਹਾਂ ਦੇ ਸਮਰਥਕਾਂ ਨੇ ਵੱਡੇ ਕਾਫਲੇ ਦੇ ਰੂਪ ‘ਚ ਸਵਾਗਤ ਕੀਤਾ। ਮੁੱਖ ਸੜਕ ਦੇ ਦੋਵਾਂ ਪਾਸੇ ਖੜ੍ਹੇ ਸਮਰਥਕਾਂ ਨੇ ਉਨ੍ਹਾਂ ਦਾ ਫੁੱਲ ਵਰਸਾਕੇ ਜੀ ਆਇਆਂ ਨੂੰ ਕਿਹਾ ਤੇ ਹੌਂਸਲਾ ਅਫਜਾਈ ਕੀਤੀ।
ਨਿਦਾਮਪੁਰ ਵਿਖੇ ਦਿੜ੍ਹਬਾ ਤੇ ਸੰਗਰੂਰ ਇਲਾਕੇ ਦੇ ਪਿੰਡਾਂ ਦੇ ਵਾਸੀਆਂ ਨੇ ਪਰਮਿੰਦਰ ਸਿੰਘ ਢੀਂਡਸਾ ਦਾ ਸ਼ਾਨਦਾਰ ਖੈਰ ਮਕਦਮ ਕੀਤਾ ਤੇ ਕਸਬਾ ਭਵਾਨੀਗੜ੍ਹ ਵਿਖੇ ਅਕਾਲੀ ਵਰਕਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗਗਨਜੀਤ ਸਿੰਘ ਬਰਨਾਲਾ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਬਲਵੀਰ ਸਿੰਘ ਘੁੰਨਸ, ਬਾਬੂ ਪ੍ਰਕਾਸ਼ ਚੰਦ ਗਰਗ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਜੀਤ ਸਿੰਘ ਝੂੰਦਾ ਤੇ ਹੋਰ ਆਗੂ ਵੀ ਮੌਜ਼ੂਦ ਸਨ। ਭਵਾਨੀਗੜ੍ਹ ਤੋਂ ਕਾਰਾਂ-ਗੱਡੀਆਂ ਵੱਡਾ ਕਾਫਲਾ ਰਵਾਨਾ ਹੋਇਆ, ਜਿਸ ਕਾਰਨ ਮੁੱਖ ਸੜਕ ‘ਤੇ ਲੰਮਾ ਜਾਮ ਵੀ ਲੱਗ ਗਿਆ, ਜਿਸ ਦੀ ਪਰਮਿੰਦਰ ਸਿੰਘ ਢੀਂਡਸਾ ਨੇ ਲੋਕਾਂ ਤੋਂ ਵੱਡੇ ਕਾਫਲੇ ਕਾਰਨ ਆਈ ਮੁਸ਼ਕਲ ਲਈ ਮੁਆਫੀ ਵੀ ਮੰਗੀ।
ਸੰਗਰੂਰ-ਪਟਿਆਲਾ ਬਾਈਪਾਸ ‘ਤੇ ਲਹਿਰਾ ਤੇ ਸੁਨਾਮ ਇਲਾਕਿਆਂ ਤੋਂ ਵੱਡੀ ਗਿਣਤੀ ਆਏ ਲੋਕਾਂ ਨੇ ਢੀਂਡਸਾਂ ਨੂੰ ਲੋਕ ਸਭਾ ਚੋਣ ਹਲਕਾ ਸੰਗਰੂਰ ਦੀ ਟਿਕਟ ਦੀਆਂ ਵਧਾਈਆਂ ਦਿੱਤੀਆਂ ਤੇ ਫੁੱਲਾਂ ਦੇ ਹਾਰਾਂ ਨਾਲ ਸਵਾਗਤ ਕੀਤਾ। ਸੰਗਰੂਰ ਸ਼ਹਿਰ ‘ਤੇ ਪੁੱਜਣ ਮੌਕੇ ਭਾਰਤੀ ਜਨਤਾ ਪਾਰਟੀ, ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਵਿੰਗ, ਆੜ੍ਹਤੀ ਐਸੋਸੀਏਸ਼ਨ, ਕਰਿਆਨਾ ਮਰਚੈਟ ਐਸੋਸੀਏਸ਼ਨ, ਇਸਤਰੀ ਅਕਾਲੀ ਦਲ ਸਮੇਤ ਸਮਾਜ ਸੇਵੀ ਸੰਸਥਾਵਾਂ ਤੇ ਵੱਡੀ ਗਿਣਤੀ ਕਲੱਬਾਂ ਦੇ ਨੁਮਾਇੰਦਿਆਂ ਨੇ ਪਰਮਿੰਦਰ ਸਿੰਘ ਢੀਂਡਸਾ ਦਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਤਾ ਬੀਬੀ ਹਰਜੀਤ ਕੌਰ ਢੀਂਡਸਾ ਤੇ ਉਨ੍ਹਾਂ ਸਪੁੱਤਰ ਚਿਰਾਗਵੀਰ ਸਿੰਘ ਢੀਂਡਸਾ ਵੀ ਸੀ।
ਅਕਾਲੀ-ਭਾਜਪਾ ਗਠਜੋੜ ਮੁੱਦਿਆਂ ਦੇ ਆਧਾਰ ‘ਤੇ ਚੋਣ ਲੜਾਂਗਾ : ਢੀਂਡਸਾ
ਪਰਮਿੰਦਰ ਸਿੰਘ ਢੀਡਸਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਸਕਾਰਾਤਮਿਕ ਨਜ਼ਰੀਏ ਤੋਂ ਚੋਣ ਮਹਿੰਮ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਹਲਕੇ ਨੂੰ ਚੁਟਕਲਿਆਂ ਦੀ ਨਹੀਂ ਸਗਂੋ ਮੁੱਦਿਆਂ ਨੂੰ ਉਭਾਰਨ ਦੀ ਲੋੜ ਹੈ। ਅਕਾਲੀ-ਭਾਜਪਾ ਗਠਜੋੜ ਮੁੱਦਿਆਂ ਦੇ ਅਧਾਰ ‘ਤੇ ਚੋਣ ਲੜੇਗਾ। ਸ੍ਰ. ਢੀਂਡਸਾ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਰਾਜ ਅੰਦਰ ਵਿਕਾਸ ਦੀ ਲਹਿਰ ਚਲਾਈ ਸੀ ਜੋ ਕਾਂਗਰਸ ਦੇ ਸੱਤਾ ਸੰਭਾਲਣ ਮਗਰੋਂ ਲਗਭਗ ਰੁਕ ਹੀ ਗਈ। ਵਿਕਾਸ ਦੀ ਗਤੀ ਨੂੰ ਲੀਹ ਤੇ ਲਿਆਉਣ ਦੀ ਲੋੜ ਹੈ। ਉਨ੍ਹਾਂ ਚੋਣ ਮੁਹਿੰਮ ਸੁਚਾਰੂ ਢੰਗ ਨਾਲ ਚਲਾਉਣ ਦਾ ਦਾਆਵਾ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸ਼ਾਨ ਨਾਲ ਚੋਣ ਜਿੱਤੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।