ਆਖ਼ਰ ਕੀ ਹੈ ਹਥਿਆਰਾਂ ਦੀ ਪਰਿਭਾਸ਼ਾ?
‘‘ਬੁਲੰਦਸ਼ਹਿਰ ’ਚ ਦਸਵੀਂ ਕਲਾਸ ਦੇ ਇੱਕ ਨਾਬਾਲਿਗ ਵਿਦਿਆਰਥੀ ਨੇ ਕਲਾਸ ਰੂਮ ’ਚ ਆਪਣੇ ਜਮਾਤੀ ਨਾਲ ਸੀਟ ’ਤੇ ਬੈਠਣ ਲਈ ਹੋਏ ਮਾਮੂਲੀ ਵਿਵਾਦ ਦੌਰਾਨ ਪਿਸਤੌਲ ਨਾਲ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ।’’ ਖ਼ਬਰ ਨੇ ਧੁਰ ਅੰਦਰ ਤੱਕ ਝੰਜੋੜ ਦਿੱਤਾ ਅਤੇ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਹਥਿਆਰਾਂ ਦੀ ਆਖ਼ਰ ਪਰਿਭਾਸ਼ਾ ਕੀ ਹੈ….?
ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਕਦੇ ਚਾਰ ਪੈਰਾਂ ’ਤੇ ਚੱਲਣ ਅਤੇ ਅਲਫ ਨੰਗਾ ਘੁੰਮਣ ਵਾਲੇ ਵਣ-ਮਾਨਸ ਨੂੰ ਨੰਗ ਢੱਕਣ ਦੀ ਸੋਝੀ ਬਾਅਦ ’ਚ ਅਤੇ ਪਹਿਲਾਂ ਆਪਣੀ ਆਤਮ-ਰੱਖਿਆ ਲਈ ਉਸਨੇ ਹਥਿਆਰਾਂ ਦੀ ਖੋਜ ਕੀਤੀ। ਖੂੰਖਾਰ ਜਾਨਵਰਾਂ ਤੋਂ ਆਪਣੀ ਹਿਫਾਜ਼ਤ ਕਰਨ ਲਈ ਉਸਦੇ ਜੋ ਹੱਥ ਆਇਆ ਉਸਨੇ ਵਰਤਿਆ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਵਿਚ ਬਦਲਾਅ ਆਉਂਦਾ ਗਿਆ ਤੇ ਇਹੋ ਬਾਅਦ ਵਿਚ ਹਥਿਆਰ ਅਖਵਾਏ। ਜਿਨ੍ਹਾਂ ਦੇ ਬਲਬੂਤੇ ਉਹ ਆਪਣੀ ਹੋਂਦ ਕਾਇਮ ਰੱਖਣ ਵਿਚ ਸਫ਼ਲ ਰਿਹਾ।
ਦਰੱਖਤਾਂ ਦੇ ਪੱਤੇ ਖਾ ਕੇ ਨਿਰਬਾਹ ਕਰਨ ਵਾਲਾ ਵਣ-ਮਾਨਸ ਹੁਣ ਆਪਣੇ ਹਥਿਆਰਾਂ ਦੀ ਵਰਤੋਂ ਨਾਲ ਜਾਨਵਰਾਂ ਦਾ ਸ਼ਿਕਾਰ ਕਰਕੇ ਉਨ੍ਹਾਂ ਨੂੰ ਖਾਣ ਲੱਗਾ। ਹੌਲੀ-ਹੌਲੀ ਵਣ-ਮਾਨਸ ਵਿਚ ਕਾਫੀ ਤਬਦੀਲੀ ਆਈ ਅੱਗ, ਪਹੀਏ ਆਦਿ ਦੀ ਲਾਮਿਸਾਲੀ ਖੋਜ ਕਰਕੇ ਤਾਂ ਉਹ ਸਾਰੇ ਪ੍ਰਾਣੀਆਂ ਵਿੱਚੋਂ ਸ੍ਰੇਸ਼ਠ ਤੇ ਸਮਝਦਾਰ ਪ੍ਰਾਣੀ ਬਣ ਕੇ ਮਨੁੱਖ ਅਖਵਾਉਣ ਦਾ ਖਿਤਾਬ ਲੈ ਬੈਠਿਆ।
ਤ੍ਰਾਸਦੀ ਹੀ ਕਹੀ ਜਾਵੇਗੀ ਕਿ ਅੱਜ ਉਸੇ ਮਨੁੱਖ ਦੀ ਸੋਚ ਖ਼ਤਰਨਾਕ ਹੱਦ ਤੱਕ ਪਹੁੰਚ ਗਈ ਤੇ ਉਸਦੇ ਬਣਾਏ ਅਜੋਕੇ ਹਥਿਆਰ ਵੀ ਕੋਈ ਘੱਟ ਘਾਤਕ ਨਹੀਂ। ਕੁੱਝ ਸੌੜੀ ਸੋਚ ਦੇ ਫੁਕਰੇ ਬੰਦਿਆਂ ਲਈ ਅਸਲਾ ਆਪਣੀ ਆਤਮ-ਰੱਖਿਆ ਕਰਨ ਦੀ ਬਜਾਏ ਸਿਰਫ ਸਟੇਟਸ ਸਿੰਬਲ ਬਣ ਕੇ ਰਹਿ ਗਿਆ ਹੈ। ਅਸਲਾ ਲਾਇਸੈਂਸ ਜ਼ਿਲ੍ਹੇ ਦਾ ਸਭ ਤੋਂ ਵੱਡਾ ਅਫਸਰ ਜ਼ਿਲ੍ਹਾ ਕੁਲੈਕਟਰ (ਡਿਪਟੀ ਕਮਿਸ਼ਨਰ) ਜਾਰੀ ਕਰਦਾ ਹੈ। ਇਸ ਤੋਂ ਇਲਾਵਾ ਹੋਰ ਵੀ ਵੱਡੀਆਂ ਕਾਰਵਾਈਆਂ ਵਿਚੋਂ ਅਸਲਾ ਲੈਣ ਲਈ ਗੁਜ਼ਰਨਾ ਪੈਂਦਾ ਜੋ ਕਿਸੇ ਆਮ ਆਦਮੀ ਦੇ ਵੱਸ ਦੀ ਗੱਲ ਨਹੀਂ।
ਕਿੰਨੇ ਹੀ ਵਿਅਕਤੀ ਅਜਿਹੇ ਹੋਣਗੇ
ਜਿਨ੍ਹਾਂ ਨੂੰ ਆਪਣੀ ਅਤੇ ਪਰਿਵਾਰ ਦੀ ਸੁਰੱਖਿਆ ਲਈ ਅਸਲੇ ਦੀ ਅਸਲ ਅਰਥਾਂ ਵਿਚ ਜਰੂਰਤ ਹੁੰਦੀ ਹੈ ਪਰ ਲੰਮੀ ਕਠਿਨ ਗੁੰਝਲਦਾਰ ਕਾਰਵਾਈ ਕਾਰਨ ਜਲਦੀ-ਜਲਦੀ ਉਨ੍ਹਾਂ ਦੇ ਹੱਥ ਅਸਲੇ ਦਾ ਲਾਇਸੰਸ ਨਹੀਂ ਲੱਗਦਾ ਤੇ ਉਹ ਮਨ ਜਿਹਾ ਮਾਰ ਕੇ ਰਹਿ ਜਾਂਦੇ ਨੇ ਪਰ ਅਜੋਕੇ ਸਮੇਂ ਵਿਚ ਗੰਦਲੀ ਹੋ ਰਹੀ ਰਾਜਨੀਤੀ ਨੇ ਸਾਰੇ ਨਿਯਮ-ਅਸੂਲ ਛਿੱਕੇ ਟੰਗ ਦਿੱਤੇ ਹਨ ਜਿਸ ਕਾਰਨ ਕਈ ਰਸੂਖਦਾਰ ਬੰਦੇ ਨਿਯਮਾਂ-ਹਦਾਇਤਾਂ ਦੀ ਮੋਟੀ ਫਾਇਲ ’ਤੇ ਆਪਣੇ ਹਸਤਾਖਰ ਕਰਕੇ ਅੱਖ ਦੇ ਫੋਰ ਨਾਲ ਅਸਲਾ ਲਾਇਸੈਂਸ ਹਾਸਲ ਕਰ ਲੈਂਦੇ ਹਨ ਅਤੇ ਸਾਰੀਆਂ ਸ਼ਰਤਾਂ-ਨਿਯਮ ਫਾਇਲਾਂ ਵਿਚ ਹੀ ਦਬੇ ਰਹਿ ਜਾਂਦੇ ਹਨ।
ਆਪਣੀ ਆਤਮ ਰੱਖਿਆ ਲਈ ਲਏ ਅਸਲੇ ਦੀ ਵਰਤੋਂ ਸਟੇਟਸ ਸਿੰਬਲ ਦੇ ਮਕਸਦ ’ਚ ਤਬਦੀਲ ਹੋ ਜਾਂਦੀ ਹੈ। ਅਜੋਕੇ ਗਾਇਕਾਂ ਨੇ ਬਲਦੀ ’ਚ ਅਜਿਹਾ ਘਿਓ ਪਾਇਆ ਤੇ ਸ਼ਰਾਬ, ਹਥਿਆਰ, ਪਾਬੰਦੀਆਂ ਵਗੈਰਾਂ ’ਤੇ ਬੇਮਤਲਬੇ ਗੀਤ ਗਾ ਕੇ ਫੁਕਰਿਆਂ ਦਾ ਫੁਕਰਪੁਣਾ ਹੋਰ ਵੀ ਉੱਭਰ ਆਇਆ। ਭਾਵੇਂ ਅਜਿਹੇ ਗੀਤਾਂ ਨੂੰ ਸਲਾਹੁਣ ਵਾਲਾ ਇਹ ਫੁਕਰਾ ਵਰਗ ਕਾਫੀ ਘੱਟ ਗਿਣਤੀ ਵਿੱਚ ਹੈ ਪਰ ਦੂਜੇ ਅਮਨ ਪਸੰਦ ਲੋਕਾਂ ਦੇ ਨੱਕ ਵਿੱਚ ਦਮ ਕਰਨ ਲਈ ਕਾਫੀ ਹੈ। ਇਹ ਵਰਗ ਬੇਮਤਲਬੇ ਗੀਤਾਂ ਦੀ ਅਜਿਹੀ ਚੜ੍ਹਤ ਕਰ ਦਿੰਦੈ ਕਿ ਗੀਤਕਾਰ, ਗਾਇਕ ਤਾਂ ਕਾਫੀ ਸ਼ੌਹਰਤ ਹਾਸਲ ਕਰ ਲੈਂਦੇ ਨੇ ਪਰ ਕੋਈ ਨਾ ਕੋਈ ਫੁਕਰਾ ਇਸ ਗੀਤ ਦੀ ਧੁੰਨ ’ਤੇ ਕੋਈ ਅਜਿਹਾ ਕਾਰਾ ਕਰ ਗੁਜ਼ਰਦਾ ਜੋ ਬਾਅਦ ਵਿਚ ਜੇਲ੍ਹ ਬੈਠਾ ਇਨ੍ਹਾਂ ਗੀਤਾਂ ਦੇ ਮਤਲਬ ਨੂੰ ਸਮਝਦਾ ਹੈ ਪਰ ਅਫਸੋਸ ਫਿਰ ਬਣਦਾ ਵੀ ਕੁੱਝ ਨਹੀਂ।
ਵੱਡੇ ਵਿਆਹ ਦੇ ਪ੍ਰੋਗਰਾਮ ਵਿਚ ਫਾਇਰਾਂ ਦਾ ਧੂੰਆਂ ਪੈਲਸਾਂ ਵਿਚ ਟੰਗੇ ਫਾਇਰ ਨਾ ਕਰਨ ਦੀ ਹਦਾਇਤ ਕਰਦੇ ਬੇਵੱਸ ਬੋਰਡਾਂ ਦਾ ਮੂੰਹ ਚਿੜਾਉਂਦਾ ਪ੍ਰਤੀਤ ਹੁੰਦਾ ਹੈ। ਭਾਵੇਂ ਇਨ੍ਹਾਂ ਵਿਆਹਾਂ ਵਿਚ ਕਈ ਵਾਰ ਅੱਵਲ ਦਰਜੇ ਦੇ ਅਫਸਰ ਸ਼ਮੂਲੀਅਤ ਕਰ ਰਹੇ ਹੁੰਦੇ ਹਨ ਪਰ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਉਹ ਵੀ ਅੱਖੋਂ ਪਰੋਖੇ ਕਰ ਪ੍ਰੋਗਰਾਮ ਦਾ ਆਨੰਦ ਲੈਣਾ ਜਿਆਦਾ ਮੁਨਾਸਿਬ ਸਮਝਦੇ ਹਨ। ਆਮ ਦੇਖਦੇ ਹਾਂ ਕਿ ਅਜਿਹੇ ਵਿਆਹਾਂ ਵਿਚ ਅਕਸਰ ਸਮਝਦਾਰ ਬੰਦੇ ਆਪਣੀ ਜਾਨ ਦੀ ਖੈਰ ਮੰਗਦੇ ਪਹਿਲਾਂ ਹੀ ਖਿਸਕ ਜਾਂਦੇ ਹਨ।
ਵਿਆਹ ਵਿਚ ਸ਼ਮੂਲੀਅਤ ਕਰ ਰਿਹਾ ਅਸਲੇ ਵਾਲਾ ਵਿਆਕਤੀ ਆਪਣੇ-ਆਪ ਨੂੰ ਸਭ ਤੋਂ ਵੱਡਾ ਵੀਆਈਪੀ ਸਮਝਦਾ ਹੈ। ਰਾਜਨੀਤਿਕ ਛਤਰ ਛਾਇਆ ਰੱਖਣ ਵਾਲੇ ਇਹ ਪਾਛੂ ਕਾਨੂੰਨ ਨਾਲ ਜੋੜ-ਤੋੜ ਕਰਕੇ ਉਸ ਵੇਲੇ ਵੀ ਆਪਣਾ ਅਸਲਾ ਜਮ੍ਹਾਂ ਨਹੀਂ ਕਰਵਾਉਂਦੇ ਜਦੋਂ ਬਾਕੀ ਅਸਲਾ ਧਾਰਕ ਕਿਸੇ ਨਾਜ਼ੁਕ ਸਮੇਂ ’ਤੇ ਸਰਕਾਰ ਦੇ ਹੁਕਮਾਂ ’ਤੇ ਆਪਣਾ ਅਸਲਾ ਜਮ੍ਹਾ ਕਰਵਾ ਦਿੰਦੇ ਹਨ।
ਅੰਕੜੇ ਬੋਲਦੇ ਹਨ ਕਿ ਐਨਾ ਅਸਲਾ ਤਾਂ ਰਾਜ ਦੀ ਪੁਲਿਸ ਕੋਲ ਨਹੀਂ ਜਿੰਨਾ ਲੋਕਾਂ ਕੋਲ ਮੌਜੂਦ ਹੈ। ਨਿੱਕਰ ਨਾ ਸੰਭਾਲ ਸਕਣ ਵਾਲਾ ਬੱਚਾ ਜਦ ਆਪਣੇ ਪਿਤਾ ਦੇ ਲਾਇਸੈਂਸੀ ਅਸਲੇ ਨਾਲ ਸੈਲਫੀ ਲੈ ਕੇ ਸਟੇਟਸ ਪਾਉਂਦਾ ਹੈ ਤਾਂ ਮਾਪੇ ਇਸਨੂੰ ਆਪਣੀ ਸ਼ਾਨ ਸਮਝਦੇ ਉਸਦੇ ਵਾਰੇ-ਵਾਰੇ ਜਾਂਦੇ ਹਨ। ਕਾਸ਼ ਜਿਨ੍ਹਾਂ ਸਖ਼ਤ ਨਿਯਮਾਂ ਨੂੰ ਮੁੱਖ ਰੱਖ ਕੇ ਅਸਲਾ ਲਾਇਸੈਂਸ ਦਿੱਤਾ ਜਾਂਦੈ ਉਨੇ ਹੀ ਸਖ਼ਤ ਨਿਯਮ ਅਸਲੇ ਦੀ ਦੁਰਵਰਤੋਂ ਰੋਕਣ ਲਈ ਬਣਾਏ ਤੇ ਲਾਗੂ ਕੀਤੇ ਜਾਣ ਤਾਂ ਕਿੰਨੀਆਂ ਹੀ ਬੇਕਸੂਰ ਜਾਨਾਂ ਬਚ ਸਕਦੀਆਂ ਹਨ। ਕਿਸੇ ਸਮੇਂ ਨੰਗਾ ਘੁੰਮਦੇ ਆਦਿ ਮਾਨਵ ਤੋਂ ਮਨੁੱਖ ਬਣਿਆ ਇਨਸਾਨ ਅਸਲ ਵਿਚ ਕੀ ਕਦੇ ਇਨਸਾਨ ਵੀ ਬਣੇਗਾ? ਕਾਸ਼! ਅਜਿਹਾ ਹੋ ਜਾਵੇ ਤਾਂ ਸ਼ਾਇਦ ਉਸਨੂੰ ਹਥਿਆਰਾਂ ਦੀ ਲੋੜ ਹੀ ਨਾ ਰਹੇ। ਆਮੀਨ।
ਦਿੜ੍ਹਬਾ।
ਮੋ. 98151-71874
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.