ਆਪ ਵਿਧਾਇਕ ਨੇ ਪੁਲਿਸ ਅਧਿਕਾਰੀਆਂ ਨੂੰ ਨਸ਼ਾਂ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਚਾੜੇ ਆਦੇਸ਼ (AAP Leaders )
- ਪੁਲਿਸ ਮੁਲਾਜਮ ਨੂੰ ਇੱਕ ਹਫ਼ਤੇ ’ਚ ਆਪਣਾ ਡੋਪ ਟੇਸਟ ਕਰਵਾਉਣ ਦੇ ਵੀ ਦਿੱਤੇ ਆਦੇਸ਼
(ਸੁਨੀਲ ਚਾਵਲਾ) ਸਮਾਣਾ। ਭਾਰੀ ਬਹੁਮਤ ਨਾਲ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਹੀ ਪੂਰੇ ਜੋਸ਼ ਨਾਲ ਸੂਬੇ ਵਿੱਚ ਕੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸੇ ਤਹਿਤ ਅੱਜ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਜੌੜਾਮਾਜਰਾ (AAP Leaders) ਨੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਤੁਰੰਤ ਨਸ਼ਾ ਤਸਕਰਾਂ ਦੀਆਂ ਲਿਸਟਾਂ ਤਿਆਰ ਕਰਨ ਦੇ ਨਾਲ-ਨਾਲ ਉਨ੍ਹਾਂ ਖ਼ਿਲਾਫ਼ ਸ਼ਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ, ਉੱਥੇ ਹੀ ਪੁਲਿਸ ਮੁਲਾਜਮਾਂ ਦਾ ਇੱਕ ਹਫ਼ਤੇ ਵਿੱਚ ਡੋਪ ਟੈਸਟ ਕਰਵਾਉਣ ਲਈ ਪੁਲਿਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਹਾਲਾਂਕਿ ਇਨ੍ਹਾਂ ਪੁਲਿਸ ਅਧਿਕਾਰੀਆਂ ਵਿੱਚ ਖੁਦ ਡੀਐਸਪੀ ਸਮਾਣਾ ਸਣੇ ਕਈ ਮਹਿਲਾ ਅਧਿਕਾਰੀ ਵੀ ਹਨ।
ਸਥਾਨਕ ਰੈਸਟ ਹਾਊਸ ਵਿਖੇ ਆਪ ਵਿਧਾਇਕ ਚੇਤਨ ਜੌੜਾਮਾਜਰਾ ਨੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਸ਼ਿਆਂ ਨੂੰ ਪਹਿਲ ਦੇ ਆਧਾਰ ’ਤੇ ਖ਼ਤਮ ਕਰਨ ਲਈ ਸਖ਼ਤ ਕਦਮ ਚੁੱਕਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਸ਼ਾ ਤਸਕਰੀ ਵਿੱਚ ਲੱਗੇ ਕਿਸੇ ਵੀ ਵਿਕਅਤੀ ਨੂੰ ਨਾ ਬਖ਼ਸਣ,ਚਾਹੇ ਉਹ ਕੋਈ ਮੇਰਾ ਰਿਸ਼ਤੇਦਾਰ ਹੀ ਕਿਉਂ ਨਾ ਹੋਵੇ। ਉਨ੍ਹਾਂ ਨਾਲ ਹੀ ਅਧਿਕਾਰੀਆਂ ਨੂੰ ਸੱਟਾ ਤੇ ਹੋਰ ਗੈਰ ਕਾਨੂੰਨੀ ਧੰਦਿਆਂ ’ਤੇ ਵੀ ਤੁਰੰਤ ਤੋਂ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਬੰਦ ਕਰਵਾਉਣ ਦੇ ਆਦੇਸ਼ ਦਿੱਤੇ। ਆਪ ਵਿਧਾਇਕ ਨੇ ਕਿਹਾ ਕਿ ਜਿਸ ਵੀ ਅਧਿਕਾਰੀ ਦੇ ਅਧਿਕਾਰ ਖੇਤਰ ਵਿੱਚ ਨਸ਼ਾ ਤਸਕਰੀ, ਜੂਆ, ਸੱਟਾ ਜਾਂ ਕੋਈ ਹੋਰ ਗੈਰ ਕਾਨੂੰਨੀ ਗਤੀਵਿਧੀ ਹੋਵੇਗੀ ,ਉਸ ਲਈ ਉਕਤ ਅਧਿਕਾਰੀ ਜਿੰਮੇਵਾਰ ਹੋਵੇਗਾ।
ਆਪ ਵਿਧਾਇਕ ਨੇ ਮੀਟਿੰਗ ਦੌਰਾਨ ਸਾਰੇ ਪੁਲਿਸ ਮੁਲਾਜ਼ਮਾਂ ਦਾ ਇੱਕ ਹਫ਼ਤੇ ਵਿੱਚ ਡੋਪ ਟੈਸਟ ਕਰਵਾਉਣ ਦੇ ਆਦੇਸ਼ ਦਿੱਤੇ। ਜਦੋਂਕਿ ਮੌਕੇ ’ਤੇ ਪੁਲਿਸ ਅਧਿਕਾਰੀਆਂ ਦੀ ਅਗਵਾਈ ਮਹਿਲਾ ਡੀਐਸਪੀ ਅਧਿਕਾਰੀ ਕਰ ਰਹੇ ਸਨ। ਵਿਧਾਇਕ ਨੇ ਕਿਹਾ ਕਿ ਸੁਧਾਰਾਂ ਦੀ ਗੱਲ ਆਪਾਂ ਆਪਣੇ ਤੋਂ ਹੀ ਸ਼ੁਰੂ ਕਰਨੀ ਹੈ। ਆਪ ਆਗੂ ਨੇ ਪੁਲਿਸ ਅਧਿਕਾਰੀਆਂ ਨੂੰ ਭਰੋਸਾ ਦਵਾਇਆ ਕਿ ਆਮ ਆਦਮੀ ਪਾਰਟੀ ਛੇਤੀ ਹੀ ਨਵੀਂ ਭਰਤੀ ਕਰਕੇ ਮੁਲਾਜਮਾਂ ਦੇ ਮੋਢਿਆਂ ਤੋਂ ਕੰਮ ਦਾ ਭਾਰ ਘਟਾਵੇਗੀ।
ਉੱਚ ਅਧਿਕਾਰੀਆਂ ਦੇ ਆਦੇਸ਼ ’ਤੇ ਹੀ ਹੋਵੇਗਾ ਡੋਪ ਟੈਸਟ : ਡੀਐਸਪੀ ਸਮਾਣਾ
ਡੀਐਸਪੀ ਸਮਾਣਾ ਪ੍ਰਭਜੋਤ ਕੌਰ ਨੇ ਕਿਹਾ ਕਿ ਡੋਪ ਟੈਸਟ ਉੱਚ ਅਧਿਕਾਰੀਆਂ ਦੇ ਕਹਿਣ ’ਤੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਡੋਪ ਟੈਸਟ ਕਰਵਾਉਣ ਸੰਬੰਧੀ ਹਿਦਾਇਤ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਜਾਵੇਗੀ ਤੇ ਉੱਚ ਅਧਿਕਾਰੀਆਂ ਦੇ ਆਦੇਸ਼ ਅਨੁਸਾਰ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ