ਮਾਪੇ ਵੀ ਬੱਚਿਆਂ ਦੀ ਸਿਹਤ ਪ੍ਰਤੀ ਹੋਣ ਜਾਗਰੂਕ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਕੋਵਿਡ-19 ਕਰਕੇ ਸਾਰਾ ਸਮਾਜਿਕ ਤਾਣਾ ਬਾਣਾ ਉਲਝ ਕੇ ਰਹਿ ਗਿਆ ਹੈ ਸਮਾਜ ਦੇ ਹਰ ਵਰਗ ਨੂੰ ਇਸ ਕਾਰਨ ਵੱਡੀਆਂ ਮੁਸ਼ਕਿਲਾਂ ਨੇ ਘੇਰ ਰੱਖਿਆ ਹੈ ਇਸ ਲਾਕਡਾਊਨ ਕਾਰਨ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਤਵਾਜ਼ਨ ਪ੍ਰਭਾਵਿਤ ਹੋ ਰਿਹਾ ਹੈ, ਇੱਕ ਤਾਂ ਸਕੂਲ ਬੰਦ ਹੋਣ ਕਾਰਨ ਉਨ੍ਹਾਂ ਦੀ ਪੜ੍ਹਾਈ ਬਿਲਕੁਲ ਬੰਦ ਹੋ ਗਈ ਹੈ, ਦੂਜਾ ਉਹ ਬਾਹਰ ਨਾ ਨਿੱਕਲਣ ਕਾਰਨ ਪਿਛਲੇ ਦੋ ਮਹੀਨਿਆਂ ਘਰਾਂ ਵਿੱਚ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ ਇਸ ਗੰਭੀਰ ਮਸਲੇ ਨੂੰ ਅਸੀਂ ਬੱਚਿਆਂ ਦੀ ਸਿਹਤ ਦੇ ਮਾਹਿਰ ਸੰਗਰੂਰ ਦੇ ਉੱਘੇ ਡਾਕਟਰ ਅਮਿਤ ਸਿੰਗਲਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗੱਲਬਾਤ ਦੌਰਾਨ ਕਈ ਅਹਿਮ ਗੱਲਾਂ ਉੱਭਰ ਕੇ ਸਾਹਮਣੇ ਆਈਆਂ
ਸਵਾਲ : ਡਾ: ਸਿੰਗਲਾ ਇਸ ਲਾਕਡਾਊਨ ਕਾਰਨ ਬੱਚਿਆਂ ਨੂੰ ਕਿਸ ਪ੍ਰਸਥਿਤੀ ‘ਚ ਦੇਖਦੇ ਹੋ?
ਜਵਾਬ : ਕੋਵਿਡ 19 ਕਾਰਨ ਜਿੱਥੇ ਸਾਰੇ ਵਰਗ ਪੂਰੀ ਤਰ੍ਹਾਂ ਪ੍ਰਭਾਵਿਤ ਹਨ, ਉੱੇਥੇ ਖ਼ਾਸ ਕਰ ਬੱਚਿਆਂ ਨੂੰ ਵੱਡੀਆਂ ਉਲਝਣਾਂ ਵਿੱਚੋਂ ਨਿੱਕਲਣਾ ਪੈ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਬੱਚੇ ਦੋ ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਘਰਾਂ ਵਿੱਚ ਬੰਦ ਹਨ ਬਚਪਨ ਨੂੰ ਜ਼ਿਆਦਾ ਬੰਦਿਸ਼ਾਂ ਵਿੱਚ ਨਹੀਂ ਰੱਖਿਆ ਜਾ ਸਕਦਾ ਇਸ ਲਾਕਡਾਊਨ ਕਾਰਨ ਬੱਚਿਆਂ ਨੂੰ ਵੱਡੀ ਮਾਰ ਪਈ ਹੈ, ਆਊਟਡੋਰ ਨਾ ਹੋਣ ਕਾਰਨ ਜ਼ਿਆਦਾ ਬੱÎਚਿਆਂ ਵਿੱਚ ਭਾਰ ਵਧ ਗਿਆ ਅਤੇ ਉੱਥੇ ਉਨ੍ਹੈ ਦੀਆਂ ਸਰੀਰਕ ਬਿਮਾਰੀਆਂ ‘ਚ ਵੀ ਵੱਡਾ ਵਾਧਾ ਹੋਇਆ ਹੈ
ਸਵਾਲ : ਡਾ. ਸਾਹਿਬ ਸਕੂਲਾਂ ਵੱਲੋਂ ਅਜੇ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ?
ਜਵਾਬ : ਸਕੂਲ ਲਾਕਡਾਊਨ ਕਾਰਨ ਆਨਲਾਈਨ ਪੜ੍ਹਾਈ ਕਰਵਾ ਰਹੇ ਹਨ ਪਰ ਇਸ ਨਾਲ ਬੱਚਿਆਂ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ, ਜਿਸ ਬਾਰੇ ਸੁਚੇਤ ਰਹਿਣਾ ਪਵੇਗਾ ਆਨਲਾਈਨ ਪੜ੍ਹਾਈ ਮਜ਼ਬੂਰੀ ਹੋ ਸਕਦੀ ਹੈ ਪਰ ਆਪਣੇ ਆਪ ‘ਚ ਹੱਲ ਨਹੀਂ
ਸਵਾਲ : ਡਾ. ਸਾਹਿਬ ਤੁਸੀਂ ਹਰ ਰੋਜ਼ ਬੱਚਿਆਂ ਨੂੰ ਵੇਖਦੇ ਹੋ, ਉਨ੍ਹਾਂ ‘ਚ ਕਿਸ ਤਰ੍ਹਾਂ ਦੀਆਂ ਸਰੀਰਕ ਅਲਾਮਤਾਂ ਸਾਹਮਣੇ ਆ ਰਹੀਆਂ ਹਨ?
ਜਵਾਬ : ਜੇਕਰ ਉਨ੍ਹਾਂ ਨੂੰ ਕ੍ਰਮ ਅਨੁਸਾਰ ਵੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਬੱਚਿਆਂ ਸਿਰਦਰਦ ਦੀ ਸ਼ਿਕਾਇਤ ਸਾਹਮਣੇ ਆ ਰਹੀ ਹੈ ਉਨ੍ਹਾਂ ਕਿਹਾ ਕਿ ਮੈਂ ਪਿਛਲੇ 15 ਸਾਲਾਂ ਵਿੱਚ ਬੱਚਿਆਂ ਨੂੰ ਅਜਿਹੀ ਕਿਸੇ ਬਿਮਾਰੀ ਦਾ ਸ਼ਿਕਾਰ ਹੋਏ ਨਹੀਂ ਸੀ ਵੇਖਿਆ ਹੁਣ ਹਸਪਤਾਲ ‘ਚ ਵੱਡੀ ਗਿਣਤੀ ਆਉਣ ਵਾਲੇ ਬੱਚਿਆਂ ਦੀ ਇਹ ਸ਼ਿਕਾਇਤ ਹੁੰਦੀ ਹੈ, ਉਨ੍ਹਾਂ ਦਾ ਸਿਰਦਰਦ ਬਹੁਤ ਹੁੰਦਾ ਹੈ ਦੂਜਾ ਅੱਖਾਂ ਵਿੱਚ ਲਾਲੀ ਰਹਿਣਾ, ਜ਼ਿਆਦਾਤਰ ਮੋਬਾਇਲ ਵੇਖਣ ਨਾਲ ਅੱਖਾਂ ਤੇ ਵੀ ਇਸ ਦਾ ਮਾੜਾ ਅਸਰ ਪੈ ਰਿਹਾ ਹੈ, ਇੱਥੋਂ ਤੱਕ ਕਿ ਬੱਚਿਆਂ ਦੀ ਨਿਗ੍ਹਾ ਕਮਜ਼ੋਰ ਹੋ ਰਹੀ ਹੈ ਅਤੇ ਉਨ੍ਹਾਂ ਦੀ ਨਜ਼ਰ ਵਿੱਚ ਧੁੰਦਲਾਪਣ ਦੀ ਸ਼ਿਕਾਇਤ ਮਿਲ ਰਹੀ ਹੈ ਇਸ ਤੋਂ ਇਲਾਵਾ ਮੁਬਾਇਲ ਜ਼ਿਆਦਾ ਵੇਖਣ ਨਾਲ ਬੱਚਿਆਂ ਵਿੱਚ ਚਿੜਚੜਾਪਣ ਤੇ ਮਾਨਸਿਕ ਤਣਾਅ ਵਰਗੀਆਂ ਅਲਾਮਤਾਂ ਵੇਖਣ ਨੂੰ ਮਿਲ ਰਹੀਆਂ ਹਨ
ਸਵਾਲ : ਡਾ. ਸਾਹਿਬ ਇੱਕ ਦਿਨ ਕਿੰਨਾ ਸਮਾਂ ਬੱਚੇ ਸਕਰੀਨ ਵੇਖ ਸਕਦੇ ਹਨ?
ਜਵਾਬ : ਡਾਕਟਰੀ ਭਾਸ਼ਾ ਵਿੱਚ ਪੂਰੇ ਦਿਨ ਵਿੱਚ ਬੱਚਿਆਂ ਨੂੰ ਸਿਰਫ਼ ਇੱਕ ਤੋਂ ਡੇਢ ਘੰਟਾ ਹੀ ਮੋਬਾਇਲ, ਟੀ.ਵੀ. ਜਾਂ ਕੰਪਿਊਟਰ ਚਲਾਉਣ ਹੀ ਦੇਣਾ ਚਾਹੀਦਾ ਹੈ ਸਵੇਰੇ, ਦੁਪਹਿਰੇ, ਸ਼ਾਮ ਨੂੰ ਸਿਰਫ਼ ਮੁਬਾਇਲ ਹੀ ਵੇਖਣਾ ਬੱਚਿਆਂ ਦੀ ਨਜ਼ਰ ਤੇ ਇਸ ਦਾ ਜ਼ਬਰਦਸਤ ਪ੍ਰਭਾਵ ਪੈ ਰਿਹਾ ਹੈ
ਸਵਾਲ : ਮਾਪਿਆਂ ਨੂੰ ਅਜਿਹੀ ਸਥਿਤੀ ਵਿੱਚ ਕਿਸ ਤਰ੍ਹਾਂ ਦੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ?
ਜਵਾਬ : ਬਹੁਤ ਸਹੀ ਸਵਾਲ ਕੀਤਾ, ਹੁਣ ਸਾਰਾ ਕੁਝ ਮਾਪਿਆਂ ਦੇ ਹੱਥਾਂ ਵਿੱਚ ਉਹ ਆਪਣੇ ਪੱਧਰ ‘ਤੇ ਸਕੂਲਾਂ ਵਾਲਿਆਂ ਨੂੰ ਪਹੁੰਚ ਕਰਕੇ ਇਹ ਆਖਣ ਕਿ ਉਨ੍ਹਾਂ ਦੀਆਂ ਆਨ ਲਾਈਨ ਕਲਾਸਾਂ ਬੰਦ ਕਰਵਾਈਆਂ ਜਾਣ ਮੇਰੇ ਅਨੁਸਾਰ ਬੱਚਿਆਂ ਨੂੰ ਗਰਮੀਆਂ ਵਿੱਚ ਹੋਣ ਵਾਲੀਆਂ ਛੁੱਟੀਆਂ ਨੂੰ ਰੱਦ ਕਰਕੇ ਇਸ ਲਾਕਡਾਊਨ ਨੂੰ ਗਰਮੀਆਂ ਦੀਆਂ ਛੁੱਟੀਆਂ ਐਲਾਨਿਆ ਜਾਣਾ ਚਾਹੀਦਾ ਹੈ ਸਿਲੇਬਸ ਕਵਰ ਕਰਨ ਲਈ 3-4 ਮਹੀਨੇ ਹੀ ਬਹੁਤ ਜ਼ਿਆਦਾ ਹੁੰਦੇ ਹਨ ਇਸ ਤੋਂ ਇਲਾਵਾ ਬੱਚਿਆਂ ਨੂੰ ਸਰੀਰਕ ਬਿਮਾਰੀਆਂ ਨੂੰ ਬਚਾਉਣ ਲਈ ਮਾਪੇ ਆਪਣੇ ਬੱਚਿਆਂ ਨੂੰ ਘੱਟ ਤੋਂ ਘੱਟ 30 ਤੋਂ 40 ਮਿੰਟ ਦੀ ਸਰੀਰਕ ਕਸਰਤ ਜ਼ਰੂਰ ਕਰਵਾਉਣ, ਇਹ ਕਸਰਤ ਚਾਹੇ ਉਹ ਪੌੜੀਆਂ ਚੜ੍ਹਣਾ ਹੋਵੇ, ਰੱਸੀ ਟੱਪਣਾ, ਸਾਇਕਲ ਚਲਾਉਣਾ ਜਾਂ ਕੋਈ ਸਰੀਰਕ ਗਤੀਵਿਧੀ ਜਿਸ ਨਾਲ ਉਨ੍ਹਾਂ ਦਾ ਸਰੀਰ ਪਸੀਨੇ ਨਾਲ ਪੂਰੀ ਤਰ੍ਹਾਂ ਭਿੱਜ ਜਾਵੇ
ਸਵਾਲ : ਬੱਚਿਆਂ ਦੇ ਖਾਣ-ਪੀਣ ਦਾ ਕਿਵੇਂ ਖਿਆਲ ਰੱਖਿਆ ਜਾਵੇ?
ਜਵਾਬ : ਇਹ ਬਹੁਤ ਜ਼ਰੂਰੀ ਹੈ ਅਸੀਂ ਬੱਚਿਆਂ ਨੂੰ ਸੰਤੁਲਿਤ ਭੋਜਨ ਦੇਈਏ ਅੱਜ ਕੱਲ੍ਹ ਘਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਜਾ ਰਹੇ ਹਨ ਜਿਹੜੇ ਘੱਟ ਵਰਜ਼ਿਸ਼ ਕਾਰਨ ਬੱÎਚਿਆਂ ਲਈ ਭਾਰ ਵਧਾਉਣ ਵਾਲਾ ਸੌਦਾ ਸਾਬਤ ਹੋ ਰਹੇ ਹਨ ਅਜਿਹੇ ਸਮੇਂ ਵਿੱਚ ਬੱਚਿਆਂ ਦੇ ਖਾਣ ਪੀਣ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਬੱਚਿਆਂ ਨੂੰ ਕਾਰਬੋਹਾਈਡ੍ਰੇਟ ਵਾਲਾ ਖਾਣਾ ਘੱਟ ਜਿਸ ਵਿੱਚ ਜ਼ਿਆਦਾ ਮਿੱਠਾ, ਡੱਬਾ ਬੰਦ ਜੂਸ ਆਦਿ ਬਿਲਕੁਲ ਨਾ ਦਿੱਤੇ ਜਾਣ ਬੱਚਿਆਂ ਨੂੰ ਹਾਈਪ੍ਰੋਟੀਨ ਡਾਈਟ ਦਿੱਤੀ ਜਾਵੇ ਜਿਸ ਵਿੱਚ ਭੁੰਨੇ ਹੋਏ ਛੋਲੇ, ਸੋਇਆਬੀਨ, ਕੱਚਾ ਪਨੀਰ, ਹਰੀਆਂ ਸਬਜ਼ੀਆਂ ਆਦਿ ਵੱਧ ਦਿੱਤੀਆਂ ਜਾਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।