ਫਾਜਿ਼ਲਕਾ (ਰਜਨੀਸ਼ ਰਵੀ)। ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਫਾਜਿ਼ਲਕਾ ਜਿ਼ਲ੍ਹੇ ਵਿਚ ਮੂੰਗੀ ਦੀ ਕਾਸਤ ਨਾ ਕਰਨ ਦੀ ਸਲਾਹ ਕਿਸਾਨਾਂ ਨੂੰ ਦਿੱਤੀ ਗਈ ਹੈ। ਇਸ ਸਬੰਧੀ ਮੁੱਖ ਖੇਤੀਬਾੜੀ ਅਫ਼ਸਰ ਸਰਵਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫਾਜਿ਼ਲਕਾ ਸਮੇਤ ਨਰਮਾ ਪੱਟੀ ਦੇ ਜਿਲਿ੍ਹਆਂ ਵਿਚ ਨਰਮੇ ਦੀ ਕਾਸਤ ਨੂੰ ਪ੍ਰਫੁਲਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਮੂੰਗੀ ਦੀ ਕਾਸਤ ਕੀਤੀ ਜਾਂਦੀ ਹੈ ਤਾਂ ਇਸ ਨਾਲ ਚਿੱਟੀ ਮੱਖੀ ਦਾ ਨਰਮੇ ਤੇ ਅਗੇਤਾ ਹਮਲਾ ਹੋ ਜਾਂਦਾ ਹੈ ਅਤੇ ਇਸ ਨਾਲ ਨਰਮੇ ਦੀ ਮੁੱਖ ਫਸਲ ਨੂੰ ਨੁਕਸਾਨ ਹੁੰਦਾ ਹੈ। ਇਸੇ ਤਰਾਂ ਮੁੰਗੀ ਕਾਰਨ ਵੱਧੀ ਚਿੱਟੀ ਮੱਖੀ ਰਾਹੀਂ ਨਰਮੇ ਵਿਚ ਪੱਤ ਮਰੋੜ ਬਿਮਾਰੀ ਵੀ ਫੈਲਦੀ ਹੈ। (Fazilka News)
ਇਸ ਲਈ ਵਿਭਾਗ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫਾਜਿ਼ਲਕਾ ਜਿ਼ਲ੍ਹੇ ਵਿਚ ਮੂੰਗੀ ਦੀ ਕਾਸਤ ਨਾ ਕਰਨ ਬਲਕਿ ਨਰਮੇ ਹੇਠ ਰਕਬਾ ਵਧਾਉਣ। ਉਨ੍ਹਾਂ ਨੇ ਕਿਹਾ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਸਰਕਾਰ ਵੱਲੋਂ ਮੂੰਗੀ ਦੀ ਐਮਐਸਪੀ ਤੇ ਖਰੀਦ ਵੀ ਨਹੀਂ ਕੀਤੀ ਜਾਵੇਗੀ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਦੀ ਕਾਸਤ ਹੇਠ ਵੱਧ ਤੋਂ ਵੱਧ ਰਕਬਾ ਲਿਆਉਣ ਅਤੇ ਮੂੰਗੀ ਦੀ ਕਾਸਤ ਤੋਂ ਗੁਰੇਜ਼ ਕਰਨ।