Patiala River: ਏਡੀਸੀ ਨਵਰੀਤ ਕੌਰ ਸੇਖੋਂ ਨੇ ਵੱਡੀ ਨਦੀ ਦਾ ਕੀਤਾ ਦੌਰਾ

Patiala River
ਪਟਿਆਲਾ : ਏਡੀਸੀ ਵੱਡੀ ਨਦੀ ਦਾ ਦੌਰਾ ਕਰਦੇ ਹੋਏ।

ਵੱਡੀ ਨਦੀ ’ਚ ਪਾਣੀ ਦਾ ਪੱਧਰ ਘੱਟ, ਸ਼ਹਿਰ ਵਾਸੀ ਅਫ਼ਵਾਹਾਂ ਤੋਂ ਸੁਚੇਤ ਰਹਿਣ : ਏ.ਡੀ.ਸੀ.

  • ਵੱਡੀ ਨਦੀ ’ਚ ਆ ਰਹੀ ਬੂਟੀ ਦੀ ਕੀਤੀ ਜਾ ਰਹੀ ਹੈ ਨਾਲੋਂ ਨਾਲ ਸਫ਼ਾਈ 

Patiala River: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ ਨੇ ਅੱਜ ਵਰ੍ਹਦੇ ਮੀਂਹ ’ਚ ਵੱਡੀ ਨਦੀ ਦਾ ਦੌਰਾ ਕਰਕੇ ਚੱਲ ਰਹੇ ਸਫ਼ਾਈ ਕਾਰਜਾਂ ਸਮੇਤ ਨਦੀ ’ਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਵੱਡੀ ਨਦੀ ਵਿੱਚ ਪਾਣੀ ਦਾ ਪੱਧਰ ਕਾਫ਼ੀ ਘੱਟ ਹੈ ਅਤੇ ਜੋ ਬਰਸਾਤੀ ਪਾਣੀ ਆ ਰਿਹਾ ਹੈ ਉਸਨੂੰ ਅੱਗੇ ਜਾਣ ਵਿੱਚ ਕੋਈ ਰੁਕਾਵਟ ਨਹੀਂ ਤੇ ਪਾਣੀ ਆਰਾਮ ਨਾਲ ਅੱਗੇ ਲੰਘ ਰਿਹਾ ਹੈ ਅਤੇ ਇਸ ਦੇ ਇਕਦਮ ਵੱਧਣ ਦਾ ਕੋਈ ਖਦਸ਼ਾ ਨਹੀਂ ਹੈ, ਇਸ ਲਈ ਸ਼ਹਿਰ ਵਾਸੀ ਅਫ਼ਵਾਹਾਂ ਤੋਂ ਸੁਚੇਤ ਰਹਿੰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਜਾਂਦੀ ਅਧਿਕਾਰਤ ਜਾਣਕਾਰੀ ’ਤੇ ਹੀ ਵਿਸ਼ਵਾਸ ਕਰਨ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 24 ਘੰਟੇ ਜ਼ਿਲ੍ਹੇ ਦੇ ਨਦੀਆਂ/ਨਾਲਿਆਂ ਦੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਮੌਕੇ ਨਗਰ ਨਿਗਮ ਤੇ ਡਰੇਨੇਜ ਵਿਭਾਗ ਦੇ ਅਧਿਕਾਰੀ ਤੇ ਇਲਾਕੇ ਦੇ ਕੌਂਸਲਰ ਮੌਜੂਦ ਸਨ। ਨਵਰੀਤ ਕੌਰ ਸੇਖੋਂ ਨੇ ਕਿਹਾ ਕਿ ਵੱਡੀ ਨਦੀ ਵਿੱਚ ਪਾਣੀ ਦਾ ਪੱਧਰ ਨਦੀ ਦੇ ਕੈਚਮੈਂਟ ਖੇਤਰ ਵਿੱਚ ਪਈ ਬਰਸਾਤ ਕਾਰਨ ਵਧਦਾ ਹੈ, ਪਰ ਹਾਲ ਦੀ ਘੜੀ ਅਜਿਹੀ ਕੋਈ ਸਥਿਤੀ ਨਹੀਂ ਹੈ ਕਿ ਵੱਡੀ ਨਦੀ ਵਿੱਚ ਪਾਣੀ ਇਕਦਮ ਵਧੇ, ਇਸ ਲਈ ਘਬਰਾਹਟ ਵਿੱਚ ਆਉਣ ਵਾਲੀ ਕੋਈ ਸਥਿਤੀ ਨਹੀਂ ਹੈ।

ਇਹ ਵੀ ਪੜ੍ਹੋ: Flood News: ਹੜ੍ਹ ਦੇ ਪਾਣੀ ’ਚ ਚੌਗਾਠਾਂ ਤੱਕ ਡੁੱਬੇ ਮਕਾਨਾਂ ਤੱਕ ਪਹੁੰਚੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਉਨ੍ਹਾਂ ਕਿਹਾ ਕਿ ਵੱਡੀ ਨਦੀ ਵਿੱਚ ਆ ਰਹੀ ਬੂਟੀ ਦੀ ਸਫ਼ਾਈ ਦਾ ਕੰਮ ਵੀ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਮਸ਼ੀਨਰੀ ਅਤੇ ਲੇਬਰ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਡਰੇਨੇਜ ਵਿਭਾਗ ਦੇ ਨਾਲ ਨਾਲ ਨਗਰ ਨਿਗਮ ਪਟਿਆਲਾ ਦੀਆਂ ਟੀਮਾਂ ਵੀ ਪੂਰੀ ਤਰ੍ਹਾਂ ਚੌਕਸ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਮੌਜ਼ੂਦ ਨਗਰ ਨਿਗਮ ਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਲੋੜੀਂਦੇ ਨਿਰਦੇਸ਼ ਦਿੱਤੇ ਤਾਂ ਜੋ ਪਾਣੀ ਦੇ ਵਹਾਅ ਵਿੱਚ ਕੋਈ ਰੁਕਾਵਟ ਨਾ ਆਵੇ। ਉਨ੍ਹਾਂ ਦੱਸਿਆ ਕਿ ਪਿੰਡ ਦੌਲਤਪੁਰ ਵਿਖੇ ਵੱਡੀ ਨਦੀ ’ਤੇ ਬਣ ਰਹੇ ਨਵੇਂ ਪੁੱਲ ਕਾਰਨ ਬਣਾਈ ਗਈ ਅਸਥਾਈ ਡਾਇਵਰਜ਼ਨ ਨੂੰ ਵੀ ਇਹਤਿਆਤ ਦੇ ਤੌਰ ’ਤੇ ਅਗਲੇ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ ਸਿਰ ਅਲਰਟ ਅਤੇ ਅਪਡੇਟ ਜਾਰੀ ਕੀਤੇ ਜਾ ਰਹੇ ਹਨ। Patiala River