ਮਾਸਟਰ ਮੋਟੀਵੇਟਰ ਤੇ ਯੂਨੀਅਨ ਦੇ ਕਾਰਕੁਨਾਂ ਖੁਦ ਲਾਈ ਅੱਗ

Activists, Motivator, Themselves

ਮਾਲੇਰਕੋਟਲਾ (ਗੁਰਤੇਜ ਜੋਸ਼ੀ) | ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਅਨ ਦੇ 6 ਕਾਰਕੁਨ ਆਪਣੀਆਂ ਮੰਗਾਂ ਦੀ ਪੂਰਤੀ ਲਈ ਤੀਜੇ ਦਿਨ ਵੀ ਨੇੜਲੇ ਪਿੰਡ ਰਟੋਲਾਂ ਦੀ ਪਾਣੀ ਵਾਲੀ ਟੈਂਕੀ ‘ਤੇ ਡਟੇ ਰਹੇ। ਟੈਂਕੀ ‘ਤੇ ਚੜੀਆਂ ਯੂਨੀਅਨ ਦੀਆਂ ਦੋ ਕਾਰਕੁਨਾਂ ਤਰਨਵੀਰ ਕੌਰ ਅੰਮ੍ਰਿਤਸਰ ਅਤੇ ਕੁਲਜੀਤ ਕੌਰ ਦੀ ਬੀਤੀ ਰਾਤ ਤਬੀਅਤ ਖ਼ਰਾਬ ਹੋ ਗਈ ਸੀ। ਤਰਨਵੀਰ ਕੌਰ ਅੰਮ੍ਰਿਤਸਰ ਸਰਕਾਰੀ ਹਸਪਤਾਲ ਮਾਲੇਰਕੋਟਲਾ ਵਿਖੇ ਜੇਰੇ ਇਲਾਜ ਹੈ। ਯੂਨੀਅਨ ਵੱਲੋਂ ਤਿੰਨ ਵਜੇ ਟੈਂਕੀ ਨੇੜੇ ਹੀ ਲੁਧਿਆਣਾ- ਸੰਗਰੂਰ ਸੜਕ ‘ਤੇ ਧਰਨਾ ਲਾ ਦਿੱਤਾ ਤੇ ਧਰਨੇ ਦੌਰਾਨ ਹੀ ਯੂਨੀਅਨ ਕਾਰਕੁਨ ਲਖਵੀਰ ਸਿੰਘ ਪਿੰਡ ਸਮਾਘ (ਫ਼ਰੀਦਕੋਟ) ਨੇ ਖ਼ੁਦ ਨੂੰ ਅੱਗ ਲਾ ਲਈ, ਜਿਸ ਨੂੰ ਮੌਕੇ ‘ਤੇ ਹਾਜ਼ਰ ਡੀਐਸਪੀ ਅਮਰਗੜ ਸ੍ਰੀ ਪਲਵਿੰਦਰ ਸਿੰਘ ਚੀਮਾ ਅਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਯੂਨੀਅਨ ਕਾਰਕੁਨਾਂ ਦੀ ਮਦਦ ਨਾਲ ਅੱਗ ਬੁਝਾ ਕੇ ਐਂਬੂਲੈਂਸ ‘ਚ ਪਾ ਸਰਕਾਰੀ ਹਸਪਤਾਲ ਪਹੁੰਚਾਇਆ।

 ਟੈਂਕੀ ‘ਤੇ ਚੜੇ ਕਾਰਕੁਨ ਗੁਰਪ੍ਰੀਤ ਸਿੰਘ ਸੋਢੀ ਫ਼ਤਹਿਗੜ ਸਾਹਿਬ ਨੇ ਵੀ ਜਿਉਂ ਹੀ ਆਪਣੇ ਕਪੜਿਆਂ ‘ਤੇ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਟੈਂਕੀ ‘ਤੇ ਹੀ ਚੜੇ ਉਸ ਦੇ ਸਾਥੀਆਂ ਨੇ  ਸਥਿਤੀ ‘ਤੇ ਕਾਬੂ ਪਾਇਆ। ਯੂਨੀਅਨ ਦੇ ਸੂਬਾਈ ਆਗੂਆਂ ਨੇ ਕਿਹਾ ਕਿ ਜੇਕਰ ਮਾਸਟਰ ਮੋਟੀਵੇਟਰ ਜਾਂ ਮੋਟੀਵੇਟਰ ਯੂਨੀਅਨ ਪੰਜਾਬ ਦੇ ਕਿਸੇ ਵੀ ਮੁਲਾਜ਼ਮ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਲਈ ਜਲ ਸਪਲਾਈ ਵਿਭਾਗ ਅਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ।

ਧਰਨੇ ਨੂੰ ਸੰਬੋਧਨ ਕਰਦਿਆਂ ਬੱਗਾ ਸਿੰਘ, ਰਵਿੰਦਰ ਸਿੰਘ ਖ਼ਾਲਸਾ, ਰਮਨਦੀਪ ਕੌਰ, ਬਲਜੀਤ ਸਿੰਘ ਬਠਿੰਡਾ, ਰਣਜੀਤ ਸਿੰਘ ਰਾਣਾ, ਜਗਸੀਰ ਸਿੰਘ ਸੰਗਰੂਰ ਆਦਿ ਨੇ ਸਰਕਾਰ ਤੋਂ ਮੰਗਾਂ ਤੁਰੰਤ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਯੂਨੀਅਨ ਕਾਰਕੁਨ ਕੋਈ ਸਖ਼ਤ ਕਦਮ ਚੁੱਕਦੇ ਹਨ ਤਾਂ ਇਸ ਦੀ ਜ਼ਿੰਮੇਵਾਰੀ ਵਿਭਾਗ ਅਤੇ ਸਰਕਾਰ ਦੀ ਹੋਵੇਗੀ।
ਡੀਐਸਪੀ ਅਮਰਗੜ ਸ੍ਰੀ ਪਲਵਿੰਦਰ ਸਿੰਘ ਚੀਮਾ ਅਤੇ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਵੱਲੋਂ ਸੜਕ ਤੋਂ ਧਰਨਾ ਚੁੱਕਣ ਅਤੇ ਸਮਾਪਤ ਕਰਨ ਦੀਆਂ ਅਪੀਲਾਂ ਤੋਂ ਬਾਅਦ ਧਰਨਾਕਾਰੀਆਂ ਨੇ ਸੜਕ ਤੋਂ ਧਰਨਾ ਚੁੱਕ ਕੇ ਟੈਂਕੀ ਨੇੜੇ ਧਰਨਾ ਲਾਉਂਦਿਆਂ ਐਲਾਨ ਕੀਤਾ ਕਿ ਯੂਨੀਅਨ, ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਨਾਲ 12 ਮਾਰਚ ਨੂੰ ਤੈਅ ਹੋਈ ਬੈਠਕ ਦੇ ਸਿੱਟੇ ਤੱਕ ਆਪਣਾ ਧਰਨਾ ਜਾਰੀ ਰੱਖੇਗੀ ਤੇ ਟੈਂਕੀ ‘ਤੇ ਚੜੇ ਕਾਰਕੁਨ ਟੈਂਕੀ ਉਪਰ ਹੀ ਰਹਿਣਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।