ਨਸ਼ਾ ਤਸਕਰੀ ਤਹਿਤ ਕੀਤੀ ਗਈ ਕਾਰਵਾਈ
ਪਟਿਆਲਾ, (ਖੁਸ਼ਵੀਰ ਸਿੰਘ ਤੂਰ (ਸੱਚ ਕਹੂੰ))। ਪੁਲਿਸ ਵੱਲੋਂ ਨਸ਼ਾ ਸਮੱਗਲਰਾਂ ਦੀ ਜਾਇਦਾਦ ਫਰੀਜ ਕਰਵਾਉਣ ਲਈ ਮੁਹਿੰਮ ਤਹਿਤ ਅਸ਼ੋਕ ਕੁਮਾਰ ਪੁੱਤਰ ਚਰਨਜੀਤ ਲਾਲ ਅਤੇ ਉਸ ਦੀ ਪਤਨੀ ਦਵਿੰਦਰ ਕੁਮਾਰੀ ਵਾਸੀਆਨ ਪਾਤੜਾਂ ਦੀ ਸਮਰੱਥ ਅਥਾਰਟੀ ਦਿੱਲੀ ਪਾਸੋਂ ਹੁਕਮ ਹਾਸਲ ਕਰਕੇ ਚੱਲ ਅਤੇ ਅਚੱਲ ਜਾਇਦਾਦ ਫਰੀਜ ਕਰਵਾਈ ਗਈ ਹੈ, ਜਿਸ ਦੀ ਕੀਮਤ 1 ਕਰੋੜ 28 ਲੱਖ ਰੁਪਏ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁੱਖੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਅਸ਼ੋਕ ਕੁਮਾਰ ਅਤੇ ਦਵਿੰਦਰ ਕੁਮਾਰੀ ਤੋਂ 1170 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਸਨ। ਇਨ੍ਹਾਂ ਦੋਵਾਂ ਨੇ ਨਸ਼ਿਆਂ ਦੀ ਸਮੱਗਲਿੰਗ ਕਰਕੇ ਵੱਖ-ਵੱਖ ਥਾਵਾਂ ’ਤੇ ਜ਼ਮੀਨ ਜਾਇਦਾਦ ਆਦਿ ਖਰੀਦ ਕੀਤੀ ਹੋਈ ਸੀ। ਇਸ ਵਿੱਚ ਬ੍ਰੀਜ਼ਾ ਕਾਰ ਜਿਸ ਦੀ ਕੀਮਤ 7 ਲੱਖ ਰੁਪਏ, ਪਿੰਡ ਦੁਗਾਲ ਕਲਾਂ ਵਿਖੇ ਜ਼ਮੀਨ ਜਿਸ ਦੀ ਕੀਮਤ 25,43,500 ਰੁਪਏ, ਕਮਰਸੀਅਲ ਸ਼ੋਅਰੂਮ ਜਿਸ ਦੀ ਕੀਮਤ 25,19,000 ਰੁਪਏ ਹੈ।
ਇਸ ਤੋਂ ਇਲਾਵਾ ਪਾਤੜਾਂ ਵਿਖੇ ਰਿਹਾਇਸ਼ੀ ਮਕਾਨ ਜਿਸ ਦੀ ਕੀਮਤ 69,76,000 ਰੁਪਏ ਹੈ ਅਤੇ ਇਨ੍ਹਾਂ ਦੇ ਬੈਂਕ ਖਾਤੇ ਵਿੱਚ ਜਮਾਂ 42,06394 ਰੁਪਏ ਜੋ ਕਿ ਫਰੀਜ ਕਰਵਾਏ ਗਏ ਹਨ। ਅਸੋਕ ਕੁਮਾਰ ਅਤੇ ਦਵਿੰਦਰ ਕੁਮਾਰੀ ਦੀ 1 ਕਰੋੜ 28 ਲੱਖ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਪਾਤੜਾਂ ਪੁਲਿਸ ਵੱਲੋਂ ਫਰੀਜ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਸਮੱਗਲਰਾਂ ਵਿੱਰੁਧ ਵਿੱਢੀ ਇਸ ਖਾਸ ਮੁਹਿੰਮ ਤਹਿਤ ਪਹਿਲਾਂ ਵੀ ਪਟਿਆਲਾ ਪੁਲਿਸ ਵੱਲੋਂ ਕਈ ਮੁਕੱਦਮਿਆਂ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਫਰੀਜ ਕਰਵਾਈ ਜਾ ਚੁੱਕੀ ਹੈ ਅਤੇ ਇਹ ਮੁਹਿੰਮ ਜਾਰੀ ਰਹੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.