ਚੰਡੀਗੜ੍ਹ ਪੁਲਿਸ ਅੰਮ੍ਰਿਤਸਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਆਪਣੇ ਨਾਲ ਲੈ ਕੇ ਆਈ
(ਐੱਮ ਕੇ ਸ਼ਾਇਨਾ) ਚੰਡੀਗੜ੍ਹ। Chandigarh News: ਚੰਡੀਗੜ੍ਹ ਸੈਕਟਰ-10 ਗ੍ਰਨੇਡ ਬਲਾਸਟ ਮਾਮਲੇ ’ਚ 4 ਮੁਲਜ਼ਮਾਂ ਨੂੰ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ। ਬੁੱਧਵਾਰ ਨੂੰ ਚੰਡੀਗੜ੍ਹ ਪੁਲਿਸ ਇਨ੍ਹਾਂ ਚਾਰੇ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਲੈ ਕੇ ਆਈ। ਜਿਸ ਤੋਂ ਬਾਅਦ ਉਹਨਾਂ ਨੂੰ ਸੀਜੇਐਮ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਨੇ ਉਨ੍ਹਾਂ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਬਲਾਸਟ ਮਾਮਲੇ ਨੂੰ ਲੈ ਕੇ ਕਈ ਅਹਿਮ ਖੁਲਾਸੇ ਹੋ ਸਕਦੇ ਹਨ
ਚੰਡੀਗੜ੍ਹ ਪੁਲੀਸ ਹੁਣ ਰਿਮਾਂਡ ਦੌਰਾਨ ਚਾਰਾਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰੇਗੀ। ਇਸ ਦੌਰਾਨ ਬਲਾਸਟ ਮਾਮਲੇ ਨੂੰ ਲੈ ਕੇ ਕਈ ਅਹਿਮ ਖੁਲਾਸੇ ਹੋ ਸਕਦੇ ਹਨ। ਪੁਲਿਸ ਇਹ ਵੀ ਪਤਾ ਲਗਾਵੇਗੀ ਕਿ ਧਮਾਕੇ ਵਿੱਚ ਕਿਹੜੇ ਗ੍ਰਨੇਡ ਦੀ ਵਰਤੋਂ ਕੀਤੀ ਗਈ ਸੀ। ਇਹ ਕਿੱਥੋਂ ਬਣਾਇਆ ਗਿਆ ਸੀ? ਸ਼ੱਕ ਕੀਤਾ ਜਾ ਰਿਹਾ ਹੈ ਕਿ ਗ੍ਰਨੇਡ ਵਿਦੇਸ਼ ਤੋਂ ਸਪਲਾਈ ਕੀਤਾ ਗਿਆ ਸੀ। ਚਾਰ ਮੁਲਜ਼ਮਾਂ ਦੀ ਪਛਾਣ ਰੋਹਨ ਮਸੀਹ, ਵਿਸ਼ਾਲ (ਦੋਵੇਂ ਮੁੱਖ ਮੁਲਜ਼ਮ) ਅਤੇ ਦੋ ਹੋਰਾਂ ਦੀ ਪਛਾਣ ਅਮਰਜੀਤ ਅਤੇ ਅਕਾਸ਼ਦੀਪ ਵਜੋਂ ਹੋਈ ਹੈ।
ਇਹ ਵੀ ਪੜ੍ਹੋ: Khanauri Border: ਖਨੌਰੀ ਬਾਰਡਰ ’ਤੇ ਕਿਸਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ
ਇਨ੍ਹਾਂ ਦੋਵਾਂ ਨੇ ਰੋਹਨ-ਵਿਸ਼ਾਲ ਨੂੰ ਹਥਿਆਰ ਅਤੇ ਗ੍ਰੇਨੇਡ ਵਰਗੇ ਵਿਸਫੋਟਕ ਮੁਹੱਈਆ ਕਰਵਾਉਣ ਵਿਚ ਮਦਦ ਕੀਤੀ ਸੀ। ਚਾਰਾਂ ਨੂੰ ਚੰਡੀਗੜ੍ਹ ਪੁਲਿਸ ਅਪਰੇਸ਼ਨ ਸੈੱਲ ਦੇ ਇੰਸਪੈਕਟਰ ਸ਼ੇਰ ਸਿੰਘ ਦੀ ਨਿਗਰਾਨੀ ਹੇਠ ਚੰਡੀਗੜ੍ਹ ਲਿਆਂਦਾ ਗਿਆ ਹੈ। ਮੁੱਖ ਮੁਲਜ਼ਮ ਰੋਹਨ ਮਸੀਹ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ ਹੈ। Chandigarh News
ਰੋਹਨ ਮਸੀਹ ਨੂੰ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਨੇ ਹਿਰਾਸਤ ਵਿੱਚ ਲਿਆ ਸੀ। ਜਦਕਿ ਮੁਲਜ਼ਮ ਵਿਸ਼ਾਲ ਨੂੰ ਪੰਜਾਬ ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ। ਦੱਸ ਦਈਏ ਕਿ ਗ੍ਰੇਨੇਡ ਧਮਾਕੇ ਦੀ ਘਟਨਾ 11 ਸਤੰਬਰ ਦੀ ਸ਼ਾਮ ਚੰਡੀਗੜ੍ਹ ਦੇ ਸੈਕਟਰ-10 ਵਿੱਚ ਵਾਪਰੀ ਸੀ। ਸ਼ਾਮ ਕਰੀਬ 5.30 ਵਜੇ ਆਟੋ ਰਾਹੀਂ ਆਏ ਮੁਲਜ਼ਮਾਂ ਨੇ ਇੱਥੋਂ ਦੇ ਸੇਵਾਮੁਕਤ ਪ੍ਰਿੰਸੀਪਲ ਦੇ ਘਰ (ਨੰਬਰ 575) ’ਤੇ ਹੈਂਡ ਗਰਨੇਡ ਸੁੱਟਿਆ ਤੇ ਮੌਕੇ ਤੋਂ ਫਰਾਰ ਹੋ ਗਏ ਸਨ।














