ਕੁਵੈਤ ‘ਚ ਫ਼ਸੇ ਸੂਬੇ ਦੇ 650 ਦੇ ਕਰੀਬ ਪੰਜਾਬੀ ਨੌਜਵਾਨਾਂ ਨੇ ਆਪਣੀ ਘਰ ਵਾਪਸੀ ਲਈ ਸਰਕਾਰ ਨੂੰ ਕੀਤੀ ਅਪੀਲ

ਕੰਪਨੀ ਨੇ ਤਿੰਨ ਤਿੰਨ ਮਹੀਨਿਆਂ ਦੀ ਤਨਖਾਹ ਰੋਕੀ : ਨੌਜਵਾਨ

ਕਿਹਾ ਪੇਟ ਭਰ ਖਾਣਾ ਨਾ ਮਿਲਣ ਕਾਰਨ ਨੌਜਵਾਨ ਹੋ ਰਹੇ ਨੇ ਬਿਮਾਰੀ

ਬਰਨਾਲਾ, (ਜਸਵੀਰ ਸਿੰਘ) ਰੋਟੀ ਰੋਜ਼ੀ ਲਈ ਕੁਵੈਤ ਵਿਖੇ ਫ਼ਸੇ 650 ਦੇ ਕਰੀਬ ਪੰਜਾਬੀ ਨੌਜਵਾਨਾਂ ਨੇ ਪੰਜਾਬ ਸਰਕਾਰ ਅੱਗੇ ਆਪਣੀ ਘਰ ਵਾਪਸੀ ਲਈ ਅਪੀਲ ਕੀਤੀ ਹੈ। ਨੌਜਵਾਨਾਂ ਨੇ ਪੱਤਰਕਾਰਾਂ ਨੂੰ ਭੇਜੀ ਵੀਡੀਓ ‘ਚ ਕਿਹਾ ਕਿ ਕੰਪਨੀ ਵੱਲੋਂ ਉਨਾਂ ਨੂੰ ਤਨਖ਼ਾਹ ਨਹੀ ਦਿੱਤੀ ਜਾ ਰਹੀ, ਜਿਸ ਕਾਰਨ ਉਨ੍ਹਾਂ ਨੂੰ ਭੁੱਖੇ ਪੇਟ ਸੌਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਸ਼ੋਸਲ ਮੀਡੀਆ ਰਾਹੀਂ ਕੁਵੈਤ ਤੋਂ ਭੇਜੀ ਵੀਡੀਓ ‘ਚ ਗੁਰਪ੍ਰੀਤ ਸਿੰਘ ਕਲਾਲਮਾਜਰਾ, ਤਰਸੇਮ ਸਿੰਘ, ਮਨਦੀਪ ਸਿੰਘ, ਕੁਲਵੀਰ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ, ਸ਼ਮਸ਼ੇਰ ਸਿੰਘ, ਲਵਪ੍ਰੀਤ ਸਿੰਘ, ਬਲਜੀਤ ਸਿੰਘ, ਨਛੱਤਰ ਸਿੰਘ, ਹਰਬੰਸ ਸਿੰਘ, ਜਗਰਾਜ ਸਿੰਘ, ਰਣਜੋਧ ਸਿੰਘ, ਰਵਿੰਦਰ ਸਿੰਘ ਅਤੇ ਰਣਜੀਤ ਸਿੰਘ ਨੇ ਕਿਹਾ ਕਿ ਉਹ ਕੁਵੈਤ ਵਿਖੇ ਇੱਕ ਕੰਪਨੀ ‘ਚ ਕੰਮ ਕਰਦੇ ਹਨ, ਜਿੱਥੇ ਉਹ ਦੋ ਸਾਲ ਪਹਿਲਾਂ ਆਪਣੇ ਪਰਿਵਾਰਾਂ ਲਈ ਰੋਟੀ ਰੋਜ਼ੀ ਦਾ ਜੁਗਾੜ ਕਰਨ ਲਈ ਗਏ ਸਨ।

ਪਰ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਹੀ ਕੋਰੋਨਾ ਮਹਾਂਮਾਰੀ ਕਾਰਨ ਹੋਏ ਲਾਕਡਾਊਨ ਦੌਰਾਨ ਕੰਪਨੀ ਦੁਆਰਾ ਤਿੰਨ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਾ ਦੇਣ ਕਾਰਨ ਆਰਥਿਕ ਸੰਕਟ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ ਅਤੇ ਉਹ ਕੰਮਕਾਜ ਤੋਂ ਪੂਰੀ ਤਰਾਂ ਵਿਹਲੇ ਬੈਠੇ ਹਨ। ਪੇਟ ਭਰਨ ਲਈ ਉਨਾਂ ਨੂੰ ਕੰਪਨੀ ਵੱਲੋਂ ਚੌਲ ਤੇ ਮੱਛੀ ਦੇ ਕੇ ਬੁੱਤਾ ਸਾਰਿਆ ਜਾ ਰਿਹਾ ਹੈ ਜਿਸ ਕਾਰਨ ਉਨਾਂ ਦੇ ਬਹੁਤੇ ਸਾਥੀ ਬਿਮਾਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ ਸਮੇਤ ਸੂਬੇ ਦੇ ਵੱਖ ਵੱਖ ਜ਼ਿਲਿਆਂ ਨਾਲ ਸਬੰਧਿਤ ਹਨ। ਉਨਾਂ ਮੰਗ ਕੀਤੀ ਕਿ ਇਸ ਮਾਮਲੇ ‘ਚ ਪੰਜਾਬ ਸਰਕਾਰ ਦਖ਼ਲ ਦੇ ਕੇ ਉਨਾਂ ਨੂੰ ਆਪਣੇ ਘਰ ਪਹੁੰਚਾਉਣ ਦਾ ਪ੍ਰਬੰਧ ਕਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।