ਜਲ ਤੋਪਾ ਅਤੇ ਹਲਕੇ ਲਾਠੀ ਚਾਰਜ ਦਾ ਕੀਤਾ ਇਸਤੇਮਾਲ, 4 ਘੰਟੇ ਤੱਕ ਗਰਜ਼ਦੇ ਨਜ਼ਰ ਆਪ ਲੀਡਰ
- ਮੁਹਾਲੀ ਜ਼ਿਲ੍ਹੇ ਦੀ ਸਾਰੀ ਪੁਲਿਸ ਲੱਗੀ ਹੋਈ ਸੀ ਰੋਕਣ, ਮੁਸ਼ਕਿਲ ਨਾਲ ਹੱਥ ਆਏ ਆਪ ਲੀਡਰ
ਅਸ਼ਵਨੀ ਚਾਵਲਾ, ਚੰਡੀਗੜ੍ਹ। ਬਿਜਲੀ ਦੇ ਮੁੱਦੇ ’ਤੇ ਅਮਰਿੰਦਰ ਸਿੰਘ ਦੀ ਪ੍ਰਾਈਵੇਟ ਫਾਰਮ ਹਾਉਸ ਨੂੰ ਘੇਰਣ ਲਈ ਸਿਸਵਾਂ ਪੁੱਜੇ ਆਮ ਆਦਮੀ ਪਾਰਟੀ ਨੇ ਪਿਛਲੇ ਸਾਰੇ ਰਿਕਾਰਡ ਹੀ ਤੋੜ ਦਿੱਤੇ ਹਨ। ਮੁੱਖ ਮੰਤਰੀ ਦੀ ਰਿਹਾਇਸ਼ ਨੂੰ ਘੇਰਣ ਲਈ ਹੁਣ ਤੱਕ ਦਾ ਇਹ ਸਾਰੀਆਂ ਨਾਲੋਂ ਜਿਆਦਾ ਵੱਡਾ ਸਿਆਸੀ ਇਕੱਠ ਦੱਸਿਆ ਜਾ ਰਿਹਾ ਹੈ, ਇਸ ਤੋਂ ਪਹਿਲਾਂ ਕਾਫ਼ੀ ਸਿਆਸੀ ਇਕੱਠੇ ਹੋਏ ਪਰ ਇਸ ਤੋਂ ਵੱਡਾ ਇਕੱਠ ਨਹੀਂ ਹੋ ਪਾਇਆ ਹੈ। ਆਮ ਆਦਮੀ ਪਾਰਟੀ ਦੇ ਇਸ ਇਕੱਠ ਨੂੰ ਹੀ ਦੇਖਦੇ ਹੋਏ ਮੁਹਾਲੀ ਪੁਲਿਸ ਨੇ ਆਪਣੇ ਸਾਰੇ ਜ਼ਿਲ੍ਹੇ ਦੀ ਪੁਲਿਸ ਫੋਰਸ ਸਿਸਵਾਂ ਵਿਖੇ ਹੀ ਭੇਜਣੀ ਸ਼ੁਰੂ ਕਰ ਦਿੱਤੀ ਅਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਰੋਕਣ ਲਈ ਇੱਕ ਨਹੀਂ ਸਗੋਂ ਤਿੰਨ ਤਿੰਨ ਬਾਰਡਰ ਤਿਆਰ ਕੀਤੇ ਗਏ ਸਨ। ਬੈਰੀਕੇਟਿੰਗ ਦੇ ਰੂਪ ਵਿੱਚ ਤਿਆਰ ਕੀਤੇ ਗਏ ਪਹਿਲੇ ਬਾਰਡਰ ਨੂੰ ਸੌਖਾ ਸੀ ਪਰ ਦੂਜੇ ਅਤੇ ਤੀਜੇ ਬੈਰੀਕੇਟਿੰਗ ਦੇ ਰੂਪ ਵਿੱਚ ਤਿਆਰ ਬਾਰਡਰ ਨੂੰ ਲੰਘਣਾ ਹੀ ਔਖਾ ਸੀ।
ਜਿਸ ਕਾਰਨ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਦੂਜੀ ਬੈਰੀਕੇਟਿੰਗ ਕੋਲ ਹੀ ਆਪਣਾ ਦਮ ਛੱਡ ਦਿੱਤਾ ਹਾਲਾਂਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਦੂਜੀ ਬੈਰੀਕੇਟਿੰਗ ਨੂੰ ਤੋੜਨ ਲਈ ਲੱਖ ਕੋਸ਼ਸ਼ ਕੀਤੀ ਗਈ ਪਰ ਤਿੰਨ ਲਾਈਨਾਂ ਵਿੱਚ ਤਿਆਰ ਕੀਤੀ ਗਈ ਸਖ਼ਤ ਬੈਰੀਕੇਟਿੰਗ ਨੂੰ ਤੋੜਨ ਵਿੱਚ ਉਹ ਨਾਕਾਮਯਾਬ ਸਾਬਤ ਹੋਏ। ਇਸ ਦੌਰਾਨ ਪੰਜਾਬ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਦਾ ਸੁਆਗਤ ਜਲ ਤੋਪਾਂ ਨਾਲ ਵੀ ਕੀਤਾ ਅਤੇ ਕਾਫ਼ੀ ਦੇਰ ਤੱਕ ਜਲ ਤੋਪਾ ਦੀ ਬੁਛਾੜ ਮਾਰਦੇ ਹੋਏ ਰੋਕਣ ਦੀ ਕੋਸ਼ਸ਼ ਕੀਤੀ ਪਰ ਇਸ ਦੌਰਾਨ ਜਲ ਤੋਪਾਂ ਵਿੱਚ ਹੀ ਪਾਣੀ ਖ਼ਤਮ ਹੋਣ ਤੋਂ ਬਾਅਦ ਹਲਕੇ ਲਾਠੀ ਚਾਰਜ ਦਾ ਇਸਤੇਮਾਲ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਲੀਡਰਾਂ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲਿਸ ਨੂੰ ਪਤਾ ਸੀ ਕਿ ਜੇਕਰ ਲੀਡਰਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਮੌਕੇ ਤੋਂ ਲੈ ਗਏ ਤਾਂ ਵੱਡੀ ਗਿਣਤੀ ਵਿੱਚ ਭੀੜ ਵੀ ਤਿੱਤਰ ਬਿੱਤਰ ਹੋ ਜਾਏਗ ਅਤੇ ਸਾਰੇ ਵਾਪਸ ਚਲੇ ਜਾਣਗੇ। ਪੰਜਾਬ ਪੁਲਿਸ ਵਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਵਿੱਚ ਭਗਵੰਤ ਮਾਨ ਅਤੇ ਮੀਤ ਹੇਅਰ ਸਣੇ ਕੁਝ ਹੋਰ ਲੀਡਰਾਂ ਨੂੰ ਖਰੜ ਦੇ ਰੈਸਟ ਹਾਉਸ ਵਿਖੇ ਲੈ ਕੇ ਜਾਇਆ ਗਿਆ ਤਾਂ ਹਰਪਾਲ ਚੀਮਾ ਨੂੰ ਕੁਰਾਲੀ ਦੇ ਥਾਣੇ ਵਿੱਚ ਲੈ ਕੇ ਜਾਇਆ ਗਿਆ, ਜਿਥੇ ਕਿ ਕੁਝ ਦੇਰ ਬਾਅਦ ਹੀ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਗ੍ਰਿਫ਼ਤਾਰੀ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਵੱਡੀ ਤਿਆਰੀ ਕੀਤੀ ਹੋਈ ਸੀ ਅਤੇ ਸਟੇਜ ਤਿਆਰ ਕਰਨ ਦੇ ਨਾਲ ਹੀ ਟੈਂਟ ਵੀ ਲਾਏ ਗਏ ਸਨ ਤਾਂ ਕਿ ਦੂਰ ਦਰਾੜੇ ਤੋਂ ਆਉਣ ਵਾਲੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਬੈਠਣ ਅਤੇ ਧਰਨੇ ਵਿੱਚ ਸ਼ਾਮਲ ਹੋਣ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ। ਆਮ ਆਦਮੀ ਪਾਰਟੀ ਦੇ ਲੀਡਰਾਂ ਵਲੋਂ 11 ਵਜੇ ਧਰਨਾ ਸ਼ੁਰੂ ਕਰਦੇ ਹੋਏ ਲਗਭਗ 3 ਘੰਟੇ ਭਾਸ਼ਣਬਾਜੀ ਕਰਦੇ ਹੋਏ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕਾਂਗਰਸ ਸਰਕਾਰ ਨੂੰ ਬਿਜਲੀ ਦੇ ਮੁੱਦੇ ’ਤੇ ਜੰਗ ਕੇ ਕੋਸੀਆਂ ਗਿਆ। ਜਿਸ ਤੋਂ ਬਾਅਦ 2 ਵਜੇ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਨੇ ਫਾਰਮ ਹਾਉਸ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਪੁਲਿਸ ਵਲੋਂ ਲਗਾਈ ਗਈ ਬੈਰੀਕੇਟਿੰਗ ਨੂੰ ਕੁਝ ਹੀ ਮਿੰਟਾਂ ਵਿੱਚ ਤੋੜਦੇ ਹੋਏ ਆਮ ਵਰਕਰ ਅਤੇ ਲੀਡਰ ਅੱਗੇ ਵੱਧ ਗਏ ਪਰ ਤਿੰਨ ਲਾਈਨਾਂ ਵਿੱਚ ਸਖ਼ਤ ਤਿਆਰ ਕੀਤੀ ਗਈ ਦੂਜੀ ਬੈਰੀਕੇਟਿੰਗ ਨੂੰ ਤੋੜਨ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਕਾਮਯਾਬ ਨਹੀਂ ਹੋਏ, ਇਸ ਦੌਰਾਨ ਉਨ੍ਹਾਂ ਨੂੰ ਜਲ ਤੋਪਾ ਅਤੇ ਪੁਲਿਸ ਦੀ ਡਾਂਗ ਦਾ ਸਾਹਮਣਾ ਵੀ ਕਰਨਾ ਪਿਆ।
ਸਿਸਵਾਂ ਫਾਰਮ ਹਾਉਸ ਤੱਕ ਜਾਵੇ ਆਵਾਜ਼, ਲਾਏ ਵੱਡੇ ਸਪੀਕਰ
ਆਮ ਆਦਮੀ ਪਾਰਟੀ ਨੇ ਆਪਣਾ ਧਰਨਾ ਚੰਡੀਗੜ੍ਹ ਟੀ-ਪੁਆਇੰਟ ’ਤੇ ਬੈਰੀਕੇਟਰ ਦੇ ਨੇੜੇ ਲਾਇਆ ਹੋਇਆ ਸੀ। ਇਸ ਦੌਰਾਨ ਧਰਨੇ ਵਿੱਚ ਸੰਬੋਧਨ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਆਵਾਜ਼ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਉਸ ਤੱਕ ਪੁੱਜੇ, ਇਸ ਦਾ ਖ਼ਾਸ ਇੰਤਜ਼ਾਮ ਕੀਤਾ ਹੋਇਆ ਸੀ। ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਸਪੀਕਰ ਲਗਾਏ ਹੋਏ ਸਨ ਅਤੇ ਉਨ੍ਹਾਂ ਦਾ ਮੂੰਹ ਵੀ ਸਿਸਵਾਂ ਫਾਰਮ ਹਾਉਸ ਵਲ ਕੀਤਾ ਹੋਇਆ ਸੀ ਤਾਂ ਕਿ ਧਰਨੇ ਵਿੱਚ ਅਮਰਿੰਦਰ ਸਿੰਘ ਨੂੰ ਸੁਣਾਈ ਜਾਣ ਵਾਲੀ ਹਰ ਆਵਾਜ਼ ਫਾਰਮ ਹਾਉਸ ਵਿੱਚ ਬੈਠ ਅਮਰਿੰਦਰ ਸਿੰਘ ਤੱਕ ਪੁੱਜ ਸਕੇ।
ਨਹੀਂ ਦਿਖਾਈ ਦਿੱਤੇ ਕੁੰਵਰ ਵਿਜੈ ਪ੍ਰਤਾਪ
ਆਮ ਆਦਮੀ ਪਾਰਟੀ ਵਲੋਂ ਲਗਾਏ ਸਿਸਵਾਂ ਫਾਰਮ ਹਾਉਸ ਤੋਂ ਕੁਝ ਹੀ ਦੂਰੀ ’ਤੇ ਲਾਏ ਗਏ ਧਰਨੇ ਵਿੱਚ ਕੁੰਵਰ ਵਿਜੈ ਪ੍ਰਤਾਪ ਦਿਖਾਈ ਨਹੀਂ ਦਿੱਤੇ। ਆਮ ਆਦਮੀ ਪਾਰਟੀ ਦੇ ਜ਼ਿਆਦਾਤਰ ਵਿਧਾਇਕ ਅਤੇ ਸੰਗਠਨ ਦੇ ਲੀਡਰ ਮੌਕੇ ’ਤੇ ਹਾਜ਼ਰ ਸਨ ਪਰ ਕੁਝ ਹਫ਼ਤੇ ਪਹਿਲਾਂ ਹੀ ਪਾਰਟੀ ਵਿੱਚ ਸ਼ਾਮਲ ਹੋਏ ਕੁੰਵਰ ਵਿਜੈ ਪ੍ਰਤਾਪ ਸਿੰਘ ਉਥੇ ਦਿਖਾਈ ਨਹੀਂ ਦਿੱਤੇ। ਇਸ ਗਲ ਨੂੰ ਲੈ ਕੇ ਵੀ ਸੁਆਲ ੳੁੱਠ ਰਹੇ ਹਨ ਕਿ ਜਿਥੇ ਸ਼ਾਨ ਨਾਲ ਸਟੇਜ ’ਤੇ ਬੈਠਣਾ ਹੁੰਦਾ ਹੈ। ਉਥੇ ਤਾਂ ਕੁੰਵਰ ਵਿਜੈ ਪ੍ਰਤਾਪ ਪੁੱਜ ਰਹੇ ਹਨ ਅਤੇ ਜਿਥੇ ਗਰਮੀ ਵਿੱਚ ਪ੍ਰਦਰਸ਼ਨ ਕਰਨਾ ਹੁੰਦਾ ਹੈ, ਉਥੋਂ ਕੁੰਵਰ ਵਿਜੈ ਪ੍ਰਤਾਪ ਗਾਇਬ ਨਜ਼ਰ ਆ ਰਹੇ ਹਨ।
ਆਮ ਆਦਮੀ ਪਾਰਟੀ ਦੇ ਵਰਕਰ ਹੋਏ ਜ਼ਖ਼ਮੀ
ਪੁਲਿਸ ਵਲੋਂ ਜਲ ਤੋਪਾ ਰਾਹੀਂ ਮਾਰੀ ਗਈ ਪਾਣੀ ਦੀਆਂ ਬੂਛਾੜਾ ਅਤੇ ਲਾਠੀ ਚਾਰਜ ਕਰਕੇ ਕੁਝ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਲੀਡਰਾਂ ਨੂੰ ਸੱਟਾ ਵੀ ਲਗੀਆ ਹਨ, ਜਿਸ ਕਾਰਨ ਉਨ੍ਹਾਂ ਨੂੰ ਨੇੜਲੀ ਥਾਂਵਾਂ ’ਤੇ ਇਲਾਜ ਲਈ ਪਹੁੰਚਾਇਆ ਗਿਆ ਹੈ। ਇਥੇ ਹੀ ਮੌਕੇ ’ਤੇ ਕੁਝ ਵਰਕਰ ਬਿਹੋਸ਼ ਹੋ ਕੇ ਵੀ ਡਿੱਗ ਗਏ ਸਨ, ਉਹ ਵੀ ਹਸਪਤਾਲਾਂ ਵਿੱਚ ਜੇਰੇ ਇਲਾਜ ਦੱਸੇ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।