ਸੂਬੇ ਭਰ ’ਚ 139 ਥਾਂਵਾਂ ‘ਤੇ ਆਪ ਨੇ ਲਾਇਆ ਝਾੜੂ, ਵਿਰੋਧੀਆਂ ਦਾ ਸਫ਼ਾਇਆ ਕਰਨ ਦੀ ਕੀਤੀ ਅਪੀਲ

ਸਾਰਿਆਂ ਨੂੰ ਅਜ਼ਮਾਇਆ, ਸਾਰਿਆਂ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ’’ ਮੁਹਿੰਮ ਦੀ ਕੀਤੀ ਸ਼ੁਰੂਆਤ

ਚੰਡੀਗੜ, (ਅਸ਼ਵਨੀ ਚਾਵਲਾ)। ਸ਼ਹਿਰੀ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਅਤੇ ਪੰਜਾਬ ਪੱਧਰ ਦੀ ਲੀਡਰਸ਼ਿਪ ਖ਼ੁਦ ਸੜਕਾਂ ’ਤੇ ਉੱਤਰ ਆਈ ਹੈ ਤਾਂ ਕਿ ਇਨਾਂ ਚੋਣਾਂ ਵਿੱਚ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਮੁਕਾਬਲਾ ਦੇਣ ਦੇ ਨਾਲ ਹੀ ਬਾਕੀ ਵਿਰੋਧੀ ਪਾਰਟੀਆਂ ਤੋਂ ਕਾਫ਼ੀ ਜਿਆਦਾ ਚੰਗਾ ਪ੍ਰਦਰਸ਼ਨ ਕੀਤਾ ਜਾ ਸਕੇ। ਆਪ ਲੀਡਰਸ਼ਿਪ ਵਲੋਂ ਆਪਣੇ ਚੋਣ ਨਿਸ਼ਾਨ ਝਾੜੂ ਦਾ ਹੀ ਇਸਤੇਮਾਲ ਕੀਤਾ ਗਿਆ ਹੈ ਅਤੇ ਪੰਜਾਬ ਭਰ ਦੀਆਂ 139 ਥਾਂਵਾਂ ’ਤੇ ਝਾੜੂ ਮਾਰਦੇ ਹੋਏ ਨਵੀਂ ਮੁਹਿੰਮ ਦਾ ਆਗਾਜ਼ ਕੀਤਾ ਗਿਆ ਹੈ।

ਇਸ ਮੁਹਿੰਮ ਦੀ ਸ਼ੁਰੂਆਤ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ‘ਆਪ’ ਦੇ ਵਿਧਾਇਕਾਂ ਜਗਤਾਰ ਸਿੰਘ ਜੱਗਾ, ਪਿ੍ਰੰਸੀਪਲ ਬੁੱਧ ਰਾਮ, ਰੁਪਿੰਦਰ ਕੌਰ ਰੂਬੀ, ਗੁਰਮੀਤ ਸਿੰਘ ਮੀਤ ਹੇਅਰ, ਬਲਦੇਵ ਸਿਘ ਜੇਤੋ ਵੱਲੋਂ ਚੋਣ ਪ੍ਰਚਾਰ ਸਬੰਧੀ ਇਕ ਗੀਤ ਲਾਂਚ ਕੀਤਾ ਗਿਆ। ਪਾਰਟੀ ਹੈੱਡ ਕੁਆਟਰ ਤੋਂ ਜਾਰੀ ਬਿਆਨ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ‘ਆਪ’ ਦੇ ਸਾਰੇ ਉਮੀਦਵਾਰਾਂ ਅਤੇ ਅਹੁਦੇਦਾਰਾਂ ਵੱਲੋਂ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਲਗਾ ਕੇ ਕੀਤੀ ਗਈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਦੇ ਸਾਰੇ ਵਲੰਟੀਅਰਾਂ ਵੱਲੋਂ ਅੱਜ ਝਾੜੂ ਚਲਾਕੇ ਸਾਰੇ ਪੰਜਾਬ ਵਿੱਚ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਉਨਾਂ ਕਿਹਾ ਕਿ ਘਰਾਂ, ਗਲੀਆਂ ’ਚ ਝਾੜੂ ਲਗਾ ਕੇ ਗੰਦਗੀ ਨੂੰ ਸਾਫ ਕੀਤਾ ਜਾਂਦਾ ਹੈ, ਚੋਣਾਂ ਵਿੱਚ ਝਾੜੂ ਚਲਾਕੇ ਅਕਾਲੀਆਂ-ਕਾਂਗਰਸੀਆਂ ਵੱਲੋਂ ਨਗਰ ਨਿਗਮਾਂ, ਮਿਊਸ਼ਪਲ ਕੌਂਸਲ ਵਿੱਚ ਪਾਈ ਭਿ੍ਰਸ਼ਟਾਚਾਰ ਦੀ ਗੰਦਗੀ ਨੂੰ ਸਾਫ ਕੀਤਾ ਜਾਵੇਗਾ।

ਉਨਾਂ ਕਿਹਾ ਕਿ ਵਲੰਟੀਅਰ ਭਿ੍ਰਸ਼ਟਾਚਾਰ ਦੀ ਗੰਦਗੀ ਨੂੰ ਸਾਫ ਕਰਨ ਵਾਲੇ ਅੱਜ ਪ੍ਰਣ ਕਰਨਗੇ। ਉਨਾਂ ਕਿਹਾ ਕਿ ਪਾਰਟੀ ਵੱਲੋਂ ‘ਸਾਰਿਆਂ ਨੂੰ ਅਜ਼ਮਾਇਆ, ਸਾਰਿਆਂ ਨੇ ਦਿੱਤਾ ਧੋਖਾ, ਹੁਣ ਝਾੜੂ ਵਾਲਿਆਂ ਨੂੰ ਦੇਵਾਂਗੇ ਮੌਕਾ’ ਦਾ ਸੰਲੋਗਨ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਸਥਾਨਕ ਸਰਕਾਰਾਂ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਭਿ੍ਰਸ਼ਟਾਚਾਰ ਅੱਡੇ ਬਣ ਚੁੱਕੇ ਹਨ।

ਸ਼ਹਿਰਾਂ ਵਿੱਚ ਸਫਾਈ ਵਿਵਸਥਾ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ, ਕਿਤੇ ਵੀ ਸ਼ਹਿਰ ਵਿੱਚ ਅਪਰਾਧਾਂ ਨੂੰ ਰੋਕਣ ਦੇ ਲਈ ਸੀਸੀਟੀਵੀ ਕੈਮਰਿਆਂ ਦਾ ਪ੍ਰਬੰਧ ਨਹੀਂ ਹੈ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸੀਆਂ ਨੇ ਆਪਣੇ ਘਰਾਂ ਨੂੰ ਭਰਨ ਲਈ ਕੰਮ ਕੀਤਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹੁਣ ਲੋਕਾਂ ਨੂੰ ਬਦਲਾਅ ਦਿੱਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਦੇ ਲਈ ਕੰਮ ਕਰਨ ਵਾਲਿਆਂ ਨੂੰ ਜਤਾਇਆ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.