ਮ੍ਰਿਤਕ ਟਰੈਕਟਰ ਮਕੈਨਿਕ ਦੇ ਪਰਿਵਾਰ ਦੀ ਮੱਦਦ ਲਈ ਆਪ ਨੇ ਇਕੱਠੇ ਕੀਤੇ 10 ਲੱਖ ਰੁਪਏ

ਸੰਘਰਸ਼ ਦੌਰਾਨ ਕਿਸਾਨਾਂ ਦੇ ਟਰੈਕਟਰਾਂ ਅਤੇ ਹੋਰ ਵਾਹਨਾਂ ਦੀ ਮੁਫ਼ਤ ਮੁਰੰਮਤ ਕਰਨ ਲਈ ਗਿਆ ਸੀ ਮਕੈਨਿਕ ਜਨਕ ਰਾਜ

ਫਿਰੋਜ਼ਪੁਰ, (ਸਤਪਾਲ ਥਿੰਦ)। ਲੋਕ ਲਹਿਰ ਬਣ ਰਹੇ ਕਿਸਾਨ ਅੰਦੋਲਨ ਦੀ ਅੱਜ ਹਰ ਵਰਗ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦੇ ਸਾਥ ਲਈ ਦਿੱਲੀ ਪਹੁੰਚ ਕੀਤੀ ਰਹੀ ਹੈ।  ਟਿਕਰੀ ਵਿਖੇ ਕਾਰ ਨੂੰ ਅੱਗ ਲੱਗਣ ਦੇ ਵਾਪਰੇ ਹਾਦਸੇ ‘ਚ ਜਾਨ ਗਵਾਉਣ ਵਾਲੇ ਮਕੈਨਿਕ ਜਨਕ ਰਾਜ ਵਾਸੀ ਧਨੌਲਾ ਦੇ ਪਰਿਵਾਰ ਨਾਲ ਮੁਸੀਬਤ ਸਮੇਂ ਖੜ੍ਹਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਫ਼ੰਡ ਇਕੱਠਾ ਕਰਨ ਲਈ ਇੱਕ ਮੁਹਿੰਮ ਚਲਾਈ ਗਈ ਸੀ।

ਇਸ ਮੁਹਿੰਮ ਦੇ ਸ਼ੁਰੂ ਹੋਣ ਤੋਂ 72 ਘੰਟਿਆਂ ਅੰਦਰ ਦੁਪਹਿਰ ਬੁੱਧਵਾਰ ਤੱਕ 10 ਲੱਖ ਰੁਪਏ ਇਕੱਠੇ ਹੋਏ। ਇਸ ਦਰਦਨਾਕ ਹਾਦਸੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਯੂਥ ਵਿੰਗ ਦੀ ਸਹਿ-ਪ੍ਰਧਾਨ ਅਨਮੋਲ ਗਗਨ ਮਾਨ ਨੇ ਪੀੜਿਤ ਪਰਿਵਾਰ ਦੇ ਨਾਲ ਘਰ ਪਹੁੰਚ ਕੇ ਹਮਦਰਦੀ ਪ੍ਰਗਟਾਈ।  ਇੱਕ ਬਿਆਨ ਰਾਹੀਂ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਇਸ ਮੁਹਿੰਮ ਵਿੱਚ ਦਿੱਲੀ-ਪੰਜਾਬ ਤੋਂ ਲੈ ਕੇ ‘ਆਪ’ ਨਾਲ ਜੁੜੇ ਹੋਏ ਐਨਆਰਆਈਜ਼ ਨੇ ਦਿਲ ਖੋਲ੍ਹ ਕੇ ਮੱਦਦ ਕੀਤੀ ਹੈ। ਜਨਕ ਰਾਜ ਸੰਘਰਸ਼ ਦੌਰਾਨ ਕਿਸਾਨਾਂ ਦੇ ਟਰੈਕਟਰਾਂ ਅਤੇ ਹੋਰ ਵਾਹਨਾਂ ਦੀ ਮੁਫ਼ਤ ਮੁਰੰਮਤ ਕਰਨ ਲਈ ਗਿਆ ਹੋਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.