ਆਪ ਆਗੂ ਮਲਹੋਤਰਾ ਬੋਲੇ, ਕੰਮ ਨਾ ਕਰਨ ਵਾਲੇ ਅਜਿਹੇ ਅਫ਼ਸਰ ਤੇ ਮੁਲਾਜ਼ਮ ਸਰਕਾਰ ਨੂੰ ਲੱਗੇ ਹੋਏ ਨੇ ਫ਼ੇਲ੍ਹ ਕਰਨ | Punjab News
Punjab News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਆਮ ਆਦਮੀ ਪਾਰਟੀ ਦਾ ਸੀਨੀਅਰ ਆਗੂ ਅੱਜ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਦੀ ਹਾਜਰੀ ਵਿੱਚ ਨਗਰ ਨਿਗਮ ਅਧਿਕਾਰੀਆਂ ਸਮੇਤ ਅਫ਼ਸਰਸਾਹੀ ’ਤੇ ਐਨਾ ਭੜਕ ਗਿਆ ਕਿ ਕੈਬਨਿਟ ਮੰਤਰੀ ਉਨ੍ਹਾਂ ਨੂੰ ਰੋਕਦੇ ਨਜ਼ਰ ਆਏ। ਉਕਤ ਆਗੂ ਨੇ ਇੱਥੋਂ ਤੱਕ ਆਖ ਦਿੱਤਾ ਕਿ ਕੁਝ ਮੁਲਾਜ਼ਮ ਅਤੇ ਅਧਿਕਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਸੇ ਸਾਜ਼ਿਸ ਤਹਿਤ ਫੇਲ੍ਹ ਕਰਨ ’ਤੇ ਲੱਗੇ ਹੋਏ ਹਨ ਤਾਂ ਜੋ ਆਮ ਲੋਕਾਂ ਦੇ ਕੰਮ ਨਾ ਹੋ ਸਕਣ ਅਤੇ ਲੋਕ ਸਰਕਾਰ ’ਤੇ ਉਂਗਲ ਚੁੱਕਣ।
ਇਹ ਵੀ ਪੜ੍ਹੋ: Punjab Farmers News: ਕਿਸਾਨਾਂ ’ਤੇ ਪਾਏ ਪਰਾਲੀ ਦੇ ਪਰਚੇ ਤੇ ਰੈਡ ਐਂਟਰੀਆਂ ਵਾਪਸ ਲਵੇ ਸਰਕਾਰ : ਚੱਠਾ
ਜਾਣਕਾਰੀ ਮੁਤਾਬਿਕ ਇਹ ਮਾਮਲਾ ਉਸ ਸਮੇਂ ਗਰਮ ਹੋਇਆ ਜਦੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ‘ਪੰਜਾਬ ਸਰਕਾਰ ਆਪ ਦੇ ਦੁਆਰ’ ਤਹਿਤ ਪਟਿਆਲਾ ਅੰਦਰ ਆਮ ਲੋਕਾਂ ਦੀ ਮੁਸ਼ਕਿਲਾਂ ਸੁਣਨ ਲਈ ਪੁੱਜੇ ਹੋਏ ਸਨ। ਆਮ ਲੋਕਾਂ ਨੇ ਤਾਂ ਆਪਣੇ ਦੁੱਖੜੇ ਮੰਤਰੀ ਅੱਗੇ ਫਰੋਲਣੇ ਹੀ ਸਨ ਪਰ ਆਪ ਆਗੂ ਅਤੇ ਪਾਰਟੀ ਦੇ ਬੁਲਾਰੇ ਮੇਜਰ ਆਰ ਪੀ ਐਸ ਮਲਹੋਤਰਾ ਆਪਣੇ ਮੁਹੱਲੇ ਵਿੱਚ ਕੰਮ ਨਾ ਹੋਣ ਕਰਕੇ ਡਾ. ਬਲਬੀਰ ਸਿੰਘ ਦੀ ਹਾਜ਼ਰੀ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ’ਤੇ ਬੁਰੀ ਤਰ੍ਹਾਂ ਭੜਕ ਗਏ।
100 ਮੀਟਰ ਸੜਕ ਦਾ ਟੋਟਾ ਕਈ ਮਹੀਨਿਆਂ ਤੋਂ ਪਿਆ ਪੁੱਟਿਆ, ਨਿਗਮ ਦੇ ਅਫ਼ਸਰਾਂ ਨੇ ਨਹੀਂ ਸੁਣੀ ਗੱਲ
ਉਨ੍ਹਾਂ ਸਿਹਤ ਮੰਤਰੀ ਦੇ ਸਾਹਮਣੇ ਉੱਚੀ ਉੱਚੀ ਬੋਲਦਿਆਂ ਆਖਿਆ ਕਿ ਉਨ੍ਹਾਂ ਦੇ ਮੁਹੱਲੇ ਵਿੱਚ 100 ਮੀਟਰ ਦਾ ਟੋਟਾ ਪਿਛਲੇ ਕਈ ਮਹੀਨਿਆਂ ਤੋਂ ਪੁਟਿਆ ਪਿਆ ਹੈ ਅਤੇ ਉਸ ਵਿੱਚ ਪਾਈਪ ਪਾਉਣੀ ਹੈ, ਲੋਕ ਕਈ ਮਹੀਨਿਆਂ ਤੋਂ ਪਰੇਸ਼ਾਨ ਹੋ ਰਹੇ ਹਨ। ਨਗਰ ਨਿਗਮ ਦੇ ਸਬੰਧਿਤ ਅਧਿਕਾਰੀਆਂ ਨੂੰ ਇਸ ਸਬੰਧੀ ਦਰਜ਼ਨਾਂ ਬਾਰ ਉਥੇ ਸੜ੍ਕ ਬਣਾਉਣ ਲਈ ਕਿਹਾ, ਪਰ ਕਿਸੇ ਨੇ ਕੋਈ ਗੱਲ ਨਾ ਸੁਣੀ। ਉਨ੍ਹਾਂ ਨਗਰ ਨਿਗਮ ਦੇ ਦੋਂ ਅਧਿਕਾਰੀਆਂ ਦਾ ਮੰਤਰੀ ਸਾਹਮਣੇ ਨਾਂਅ ਲੈਂਦਿਆ ਆਖਿਆ ਕਿ ਇਹ ਲੋਕ ਠੇਕੇਦਾਰ ਨਾਲ ਮਿਲੇ ਹੋਏ ਹਨ ਅਤੇ ਸਾਡੀ ਸਰਕਾਰ ਖਿਲਾਫ਼ ਕੰਮ ਕਰ ਰਹੇ ਹਨ। Punjab News
ਇਸ ਲਈ ਅਜਿਹੇ ਅਧਿਕਾਰੀਆਂ ਨੂੰ ਇੱਥੋਂ ਤੁਰੰਤ ਆਊਟ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਅਧਿਕਾਰੀ ਅਤੇ ਮੁਲਾਜ਼ਮ ਆਮ ਲੋਕਾਂ ਦੇ ਕੰਮ ਨਹੀਂ ਕਰ ਰਹੇ, ਸਗੋਂ ਪ੍ਰੇਸ਼ਾਨ ਕਰ ਰਹੇ ਹਨ। ਇਨ੍ਹਾਂ ਦਾ ਮਕਸਦ ਆਪ ਆਦਮੀ ਪਾਰਟੀ ਦੀ ਸਰਕਾਰ ਨੂੰ ਫੇਲ੍ਹ ਕਰਨਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਆਪ ਆਗੂ ਆਰਪੀਐਸ ਮਲਹੋਤਰਾ ਨੂੰ ਰੋਕਦੇ ਨਜ਼ਰ ਆਏ, ਪਰ ਉਹ ਇਨ੍ਹਾਂ ਅਧਿਕਾਰੀਆਂ ਖਿਲਾਫ਼ ਲਗਾਤਾਰ ਭੜਾਸ ਕੱਢਦੇ ਰਹੇ। ਇਸ ਦੌਰਾਨ ਕਈ ਹੋਰ ਲੋਕਾਂ ਨੇ ਵੀ ਮੰਤਰੀ ਅੱਗੇ ਆਪਣੀਆਂ ਮੁਸ਼ਕਿਲਾਂ ਨੂੰ ਰੱਖਿਆ।
ਜੇਕਰ ਸਰਕਾਰ ਕਾਮਯਾਬ ਹੋ ਗਈ, ਦੋ ਨੰਬਰ ਦਾ ਕੰਮ ਹੋ ਜਾਵੇਗਾ ਬੰਦ: ਆਰਪੀਐਸ ਮਲਹੋਤਰਾ
ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਆਰਪੀਐਸ ਮਲਹੋਤਰਾ ਨੇ ਆਖਿਆ ਕਿ ਕਾਰਪੋਰੇਸ਼ਨਾਂ ਅਤੇ ਹੋਰ ਮਹਿਕਮਿਆਂ ਵਿੱਚ ਕੰਮ ਰਹੇ ਅਧਿਕਾਰੀ ਅਤੇ ਮੁਲਾਜ਼ਮਾਂ ਨੂੰ ਇਹ ਲੱਗਦਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਕਾਮਯਾਬ ਹੋ ਗਈ ਤਾਂ ਉਨ੍ਹਾਂ ਦਾ ਭ੍ਰਿਸਟਾਚਾਰ ਅਤੇ ਦੋ ਨੰਬਰ ਦਾ ਕੰਮ ਬੰਦ ਹੋ ਜਾਵੇਗਾ, ਇਸ ਲਈ ਉਹ ਕੰਮ ਕਰਕੇ ਰਾਜੀ ਨਹੀਂ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਲੋਕਾਂ ਦੇ ਕੰਮ ਕਰਨ ਨੂੰ ਤਰਜ਼ੀਹ ਦੇ ਰਹੀ ਹੈ, ਪਰ ਪਿਛਲੀਆਂ ਸਰਕਾਰਾਂ ਵਿੱਚ ਬਿਗੜੇ ਅਫ਼ਸਰ ਤੇ ਕਰਮਚਾਰੀ ਆਮ ਲੋਕਾਂ ਦੀ ਸੁਣਵਾਈ ਨਹੀਂ ਕਰ ਰਹੇ।