‘ਆਪ’ ਵਿਧਾਇਕਾਂ ਘੜੀਸ ਘੜੀਸ ਕੇ ਸੁੱਟਿਆ ਸਦਨ ਤੋਂ ਬਾਹਰ

ਲੱਥੀ ਪੱਗ, ਟੁੱਟੀ ਬਾਂਹ, ਦੋ ਵਿਧਾਇਕ ਜ਼ਖ਼ਮੀ

ਅਸ਼ਵਨੀ ਚਾਵਲਾ,ਚੰਡੀਗੜ, 22 ਜੂਨ: ਪੰਜਾਬ ਵਿਧਾਨ ਸਭਾ ਵਿੱਚ ਵੀਰਵਾਰ ਨੂੰ ਇਸ ਕਦਰ ਹੰਗਾਮਾ ਹੋਇਆ ਕਿ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਆਦੇਸ਼ ‘ਤੇ ਮਾਰਸ਼ਲ ਨੇ ਨਾ ਸਿਰਫ਼ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਘੜੀਸ  ਘੜੀਸ ਕੇ ਸਦਨ ਤੋਂ ਬਾਹਰ ਕੱਢ ਦਿੱਤਾ, ਸਗੋਂ ਇਸੇ ਖਿੱਚ ਧੂਹ ਵਿਚਕਾਰ ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਸਰਬਜੀਤ ਕੌਰ ਮਾਣੂਕੇ ਦੀ ਇੱਕ ਬਾਂਹ ਵੀ ਟੁੱਟ ਗਈ, ਜਦੋਂ ਕਿ ਦੋ ਹੋਰ ਵਿਧਾਇਕ ਜ਼ਖ਼ਮੀ ਹੋਣ ਦੇ ਕਾਰਨ ਇਨ੍ਹਾਂ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਉਣਾ ਪਿਆ।

ਇਹ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਨੂੰ ਵਿਧਾਨ ਸਭਾ ਦੀ ਬਿਲਡਿੰਗ ਦੇ ਹੀ ਅੰਦਰ ਨਹੀਂ ਆਉਣ ਦੇ ਆਦੇਸ਼ ਦੇ ਖ਼ਿਲਾਫ਼ ਸਦਨ ਦੇ ਅੰਦਰ ਨਾਅਰੇਬਾਜ਼ੀ ਕਰ ਰਹੇ ਸਨ, ਜਿਸ ਕਾਰਨ ਸਪੀਕਰ ਨੇ ਇਨ੍ਹਾਂ ਸਾਰੇ ਵਿਧਾਇਕਾਂ ਨੂੰ ਬਾਹਰ ਕੱਢਣ ਦੇ ਆਦੇਸ਼ ਦਿੱਤੇ ਸਨ।

ਸੁਖਪਾਲ ਖਹਿਰਾ ਨੂੰ ਵਿਧਾਨ ਸਭਾ ਦੀ ਬਿਲਡਿੰਗ ਦੇ ਅੰਦਰ ਨਹੀਂ ਆਉਣ ਦੇਣ ਕਾਰਨ ਕਰ ਰਹੇ ਸਨ ਰੋਸ

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਦੋਂ ਲਗਭਗ ਪੌਣੇ 10 ਵਜੇ ਵਿਧਾਇਕ ਸੁਖਪਾਲ ਖਹਿਰਾ ਅਤੇ ਸਿਮਰਜੀਤ ਸਿੰਘ ਬੈਂਸ ਵਿਧਾਨ ਸਭਾ ਦੀ ਬਿਲਡਿੰਗ ਦੇ ਅੰਦਰ ਆਉਣ ਲਗੇ ਤਾਂ ਮੌਕੇ ‘ਤੇ ਤੈਨਾਤ ਸੁਰਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਇਸ ‘ਤੇ ਇਨ੍ਹਾਂ ਦੋਹੇ ਵਿਧਾਇਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਦਨ ਵਿੱਚੋਂ ਮੁਅੱਤਲ ਕੀਤੀ ਗਿਆ ਹੈ, ਜਦੋਂ ਕਿ ਬਿਲਡਿੰਗ ਦੇ ਅੰਦਰ ਜਾਣ ਦੀ ਕੋਈ ਪਾਬੰਦੀ ਨਹੀਂ ਹੈ ਪਰ ਸੁਰਖਿਆ ਕਰਮਚਾਰੀਆਂ ਨੇ ਸਾਫ਼ ਇਨਕਾਰ ਕਰ ਦਿੱਤਾ। ਜਿਸ ਕਾਰਨ ਇਨ੍ਹਾਂ ਵਿਧਾਇਕਾਂ ਦੀ ਜੰਮ ਕੇ ਸੁਰਖਿਆ ਕਰਮਚਾਰੀਆਂ ਨਾਲ ਧੱਕਾ ਮੁੱਕੀ ਵੀ ਹੋਈ।

ਇਸ ਸਬੰਧੀ ਜਦੋਂ ਵਿਧਾਨ ਸਭਾ ਦੇ ਸਦਨ ਅੰਦਰ ਬੈਠੇ ਵਿਧਾਇਕਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਸਦਨ ਦੇ ਅੰਦਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਸਪੀਕਰ ਰਾਣਾ ਕੇ.ਪੀ. ਸਿੰਘ ਨੇ ਉਨ੍ਹਾਂ ਨੂੰ ਬੈਠਣ ਲਈ ਕਿਹਾ ਪਰ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੀ ਮੰਗ ‘ਤੇ ਅੜੇ ਰਹੇ ਕਿ ਖਹਿਰਾ ਅਤੇ ਬੈਂਸ ਨੂੰ ਸਦਨ ਦੇ ਅੰਦਰ ਹੀ ਮੁਅੱਤਲ ਕੀਤਾ ਗਿਆ ਪਰ ਉਨ੍ਹਾਂ ਨੂੰ ਬਿਲਡਿੰਗ ਅੰਦਰ ਆਉਣ ਤੋਂ ਹੀ ਰੋਕ ਦਿੱਤਾ ਗਿਆ ਹੈ। ਸਪੀਕਰ ਨੇ ਉਨ੍ਹਾਂ ਦੀ ਮੰਗ ਮਨਜ਼ੂਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ‘ਤੇ ਉਨ੍ਹਾਂ ਹੋਰ ਹੰਗਾਮਾ ਕੀਤਾ ਅਤੇ ਸਪੀਕਰ ਵਲ ਕਾਗ਼ਜ਼ ਸੁੱਟਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਨਰਾਜ਼ ਹੁੰਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਅੱਜ ਦੀ ਕਾਰਵਾਈ ਲਈ ਮੁਅੱਤਲ ਕਰਦੇ ਹੋਏ ਚੁੱਕ ਕੇ ਸਦਨ ਤੋਂ ਬਾਹਰ ਕਰਨ ਦੇ ਆਦੇਸ਼ ਦੇ ਦਿੱਤੇ।

ਵਿਧਾਨ ਸਭਾ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਸਪੀਕਰ ਨੇ ਦਿੱਤੇ ਸਨ ਆਦੇਸ਼

ਸਪੀਕਰ ਆਦੇਸ਼ ਤੋਂ ਬਾਅਦ ਮਾਰਸ਼ਲ ਨੇ ਇਨ੍ਹਾਂ ਵਿਧਾਇਕਾਂ ਨੂੰ ਘੜੀਸ  ਘੜੀਸ ਕੇ ਸਦਨ ਤੋਂ ਬਾਹਰ ਕਰ ਦਿੱਤਾ। ਇਸ ਦਰਮਿਆਨ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਪਿਰਮਲ ਸਿੰਘ ਦੀ ਪੱਗ ਵੀ ਉੱਤਰ ਗਈ। ਇਸ ਸ਼੍ਰੋਮਣੀ ਅਕਾਲੀ ਦਲ ਨੇ ਇਤਰਾਜ਼ ਜ਼ਾਹਿਰ ਕਰਦੇ ਹੋਏ ਸਦਨ ਅੰਦਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਚਾਨਕ ਫਲੋਰ ਨੂੰ ਕਰਾਸ ਕਰਦੇ ਹੋਏ ਅਕਾਲੀ-ਭਾਜਪਾ ਦੇ ਸਾਰੇ ਸਦਨ ਵਿੱਚੋਂ ਬਾਹਰ ਚਲੇ ਗਏ ਪਰ ਅਚਾਨਕ ਹੀ ਸੁਖਬੀਰ ਬਾਦਲ ਆਪਣੇ ਵਿਧਾਇਕਾਂ ਦੇ ਘੇਰੇ ਵਿਚਕਾਰ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਸਦਨ ਵਿੱਚ ਹੀ ਲੈ ਆਏ। ਜਿਸ ਨੂੰ ਦੇਖਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਅਤੇ ਮਾਰਸ਼ਲ ਨੂੰ ਆਦੇਸ਼ ਦਿੱਤੇ ਗਏ ਕਿ ਆਪ ਵਿਧਾਇਕਾਂ ਨੂੰ ਬਾਹਰ ਕੀਤਾ ਜਾਵੇ।

ਮਾਰਸ਼ਲ ਨੇ ਮੁੜ ਤੋਂ ਆਪ ਵਿਧਾਇਕਾਂ ਨੂੰ ਸਦਨ ਵਿੱਚੋਂ ਬਾਹਰ ਕਰਨ ਲਈ ਖਿੱਚ ਧੂਹ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਆਪ ਵਿਧਾਇਕਾਂ ਨੇ ਕਾਫ਼ੀ ਕੋਸ਼ਸ਼ ਕੀਤੀ ਪਰ ਉਨ੍ਹਾਂ ਨੂੰ ਘਸੀਟ ਘਸੀਟ ਕੇ ਸਦਨ ਤੋਂ ਬਾਹਰ ਲੈ ਜਾਇਆ ਗਿਆ। ਇਸ ਦਰਮਿਆਨ ਆਪ ਵਿਧਾਇਕ ਸਰਬਜੀਤ ਕੌਰ ਮਾਣੂਕੇ ਨਾਲ ਇੱਕ ਟੇਬਲ ਵੀ ਡਿੱਗ, ਜਿਸ ਕਾਰਨ ਉਨ੍ਹਾਂ ਦੀ ਬਾਂਹ ਟੁੱਟ ਗਈ। ਮਾਰਸ਼ਲ ਨੇ ਇਨ੍ਹਾਂ ਸਾਰੇ ਵਿਧਾਇਕਾਂ ਨੂੰ ਸਦਨ ਤੋਂ ਬਾਹਰ ਕਰਦੇ ਹੋਏ ਕਾਫ਼ੀ ਜਿਆਦਾ ਜਿਆਦਾ ਧੱਕਾ ਮੁੱਕੀ ਵੀ ਕੀਤੀ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ।