ਆਪ ਨੇ ਬਿਜਲੀ ਮੁੱਦੇ ’ਤੇ ਬਦਲਿਆ ਦੋ ਵਾਰ ਬਿਆਨ, ਹੁਣ ਦੋ ਮਹੀਨਿਆਂ’ਚ ਮਿਲੇਗੀ 600 ਯੂਨਿਟ ਮੁਫਤ
ਅਸ਼ਵਨੀ ਚਾਵਲਾ, ਚੰਡੀਗੜ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੁਫਤ ਬਿਜਲੀ ਦੀ ਦਿੱਤੀ ਗਈ ਗਾਰੰਟੀ ਸਬੰਧੀ ਲਗਾਤਾਰ ਤਿੰਨ ਦਿਨ ਭੰਬਲਭੂਸਾ ਪਿਆ ਰਿਹਾ ਅੱਜ ਤੀਜੇ ਦਿਨ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਮੀਤ ਹੇਅਰ ਨੇ ਨਵਾਂ ਬਿਆਨ ਦੇ ਕੇ ਸਥਿਤੀ ਸਪੱਸ਼ਟ ਕੀਤੀ ਮੀਤ ਹੇਅਰ ਨੇ ਅੱਜ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ’ਚ 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਜਿਹੜਾ 300 ਯੂਨਿਟ ਬਿੱਲ ਮਾਫ ਕਰਨ ਦਾ ਐਲਾਨ ਕੀਤਾ ਗਿਆ ਸੀ ਉਸ ਦੇ ਮੁਤਾਬਕ ਪੰਜਾਬ ਦੇ ਲੋਕਾਂ ਨੂੰ ਦੋ ਮਹੀਨਿਆਂ ’ਚ 600 ਯੂਨਿਟ ਬਿਜਲੀ ਮੁਫਤ ਮਿਲੇਗੀ ਉਨ੍ਹਾਂ ਕਿਹਾ ਕਿ ਦਿੱਲੀ ’ਚ 200 ਯੂਨਿਟ ਮਾਫ ਹੈ ਅਤੇ ਉੱਥੇ ਬਿੱਲ ਹਰ ਮਹੀਨੇ ਆਉਂਦਾ ਹੈ ਪਰ ਪੰਜਾਬ ’ਚ ਇਹ ਬਿੱਲ ਦੋ ਮਹੀਨਿਆਂ ਬਾਅਦ ਆਉਂਦਾ ਹੈ ਇਸ ਕਰਕੇ ਪੰਜਾਬ ’ਚ ਦੋ ਮਹੀਨਿਆਂ ’ਚ 600 ਯੂਨਿਟ ਬਿੱਲ ਮਾਫ ਹੋਵੇਗਾ।
ਇਸ ਤੋਂ ਪਹਿਲਾਂ ਪਿਛਲੇ ਮੰਗਲਵਾਰ ਨੂੰ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਐਲਾਨ ਕੀਤਾ ਸੀ ਕਿ ਪੰਜਾਬ ’ਚ ਆਪ ਸਰਕਾਰ ਆਉਣ ’ਤੇ 300 ਯੂਨਿਟ ਬਿੱਲ ਮਾਫ ਹੋਵੇਗਾ ਪਰ 300 ਤੋਂ ਇੱਕ ਯੂਨਿਟ ਵੀ ਵੱਧ ਆਉਣ ’ਤੇ ਪੂਰਾ ਬਿੱਲ ਭਰਨਾ ਪਵੇਗਾ ਪੰਜਾਬ ਤੇ ਦਿੱਲੀ ਦੇ ਬਿੱਲਾਂ ਦੀ ਉਗਰਾਹੀ ’ਚ ਇੱਕ ਮਹੀਨੇ ਦਾ ਫਰਕ ਹੋਣ ਕਾਰਨ ਕੇਜਰੀਵਾਲ ਦੇ ਬਿਆਨ ਨਾਲ ਮਾਮਲਾ ਉਲਝ ਗਿਆ ਸੀ ਅਗਲੇ ਦਿਨ ਬੁੱਧਵਾਰ ਨੂੰ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਇੱਕ ਨਵਾਂ ਬਿਆਨ ਦੇ ਦਿੱਤਾ ਕਿ ਹਰ ਇੱਕ ਖਪਤਕਾਰ ਨੂੰ 300 ਯੂਨਿਟ ਮਾਫ ਹੋਵੇਗੀ ਉਨ੍ਹਾਂ ਇਹ ਵੀ ਦੱਸਿਆ ਕਿ 300 ਤੋਂ ਵੱਧ ਯੂਨਿਟ ਆਉਣ ’ਤੇ ਸਿਰਫ ਉੱਪਰਲੇ ਯੂਨਿਟਾਂ ਦਾ ਹੀ ਬਿੱਲ ਆਵੇਗਾ।
ਪਹਿਲਾ ਬਿਆਨ : 300 ਯੂਨਿਟ ਹੋਵੇਗੀ ਮਾਫ
ਅਰਵਿੰਦ ਕੇਜਰੀਵਾਲ ਨੇ ਕਿਹਾ, 300 ਯੂਨਿਟ ਮਾਫ ਹੋਵੇਗੀ ਪਰ 301 ਯੂਨਿਟ ਖਰਚ ਹੋਣ ’ਤੇ ਸਾਰਾ ਬਿੱਲ ਭਰਨਾ ਪਵੇਗਾ।
ਦੂਜਾ ਬਿਆਨ : ਸਿਰਫ 300 ਤੋਂ ਉੱਪਰ ਦਾ ਬਿੱਲ ਆਵੇਗਾ
ਭਗਵੰਤ ਮਾਨ ਨੇ ਕਿਹਾ ਕਿ 300 ਯੂਨਿਟ ਮਾਫ ਰਹੇਗਾ, ਸਿਰਫ ਉਪਰਲੀਆਂ ਯੂਨਿਟਾਂ ਦਾ ਬਿੱਲ ਆਵੇਗਾ।
ਤੀਜਾ ਬਿਆਨ : 600 ਯੂਨਿਟ ਹੋਵੇਗੀ ਮਾਫ
ਮੀਤ ਹੇਅਰ ਨੇ ਆਖਿਆ ਦਿੱਲੀ ’ਚ 200 ਯੂਨਿਟ ਹਰ ਮਹੀਨੇ ਮਾਫ ਹੈ ਇਸੇ ਪੈਟਰਨ ’ਤੇ ਪੰਜਾਬ ’ਚ ਦੋ ਮਹੀਨਿਆਂ ’ਚ 600 ਯੂਨਿਟ ਮਾਫ ਹੋਵੇਗੀ।
ਆਮ ਆਦਮੀ ਪਾਰਟੀ ਭਲਕੇ ਕਰੇਗੀ ਸਿਸਵਾਂ ਫਾਰਮ ਹਾਊਸ ਦਾ ਘਿਰਾਓ
ਆਮ ਆਦਮੀ ਪਾਰਟੀ ਦੇ ਆਗੂ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ’ਚ ਵਧ ਰਹੇ ਬਿਜਲੀ ਸੰਕਟ, ਬਿਜਲੀ ਦੇ ਰੇਟਾਂ ਅਤੇ ਸਰਕਾਰ ਵੱਲੋਂ ਨਿੱਜੀ ਕੰਪਨੀਆਂ ਨਾਲ ਕੀਤੇ ਗਏ ਬਿਜਲੀ ਸਮਝੌਤਿਆਂ ਦੇ ਖਿਲਾਫ 3 ਜੁਲਾਈ ਨੂੰ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ਸਿਸਵਾਂ ਫਾਰਮ ਦਾ ਘਿਰਾਓ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।