ਐਸਸੀ ਐਸਟੀ ਵਿਦਿਆਰਥੀਆਂ ਦੀ ਪੋਸਟ ਮੈਟਿ੍ਰਕ ਸਕਾਲਰਸ਼ਿਪ ’ਚ ਹੋਏ ਘੁਟਾਲੇ ਦਾ ਆਪ ਨੇ ਖੋਲ੍ਹਿਆ ਪਿਟਾਰਾ

Scholarship Scam Sachkahoon

ਪੋਸਟ ਮੈਟਿ੍ਰਕ ਸਕਾਲਰਸ਼ਿਪ ’ਚ ਕੀਤੇ ਘੁਟਾਲੇ ਦੇ ਮੁਦੇ ’ਤੇ ਵਾਈਟ ਪੇਪਰ ਜਾਰੀ ਕਰੇ ਸਰਕਾਰ : ਤੇਜਿੰਦਰ ਮਹਿਤਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਐਸ.ਸੀ ਐਸ.ਟੀ ਵਿਦਿਆਰਥੀਆਂ ਦੀ ਪੋਸਟ ਮੈਟਿ੍ਰਕ ਸਕਾਲਰਸ਼ਿਪ ਵਿੱਚ ਕੀਤੇ ਘੁਟਾਲੇ ਵਿਰੁੱਧ ਅੱਜ ਆਮ ਆਦਮੀ ਪਾਰਟੀ (ਆਪ) ਨੇ ਇੱਥੇ ਬੱਸ ਸਟੈਂਡ ਵਿਖੇ ਜ਼ੋਰਦਾਰ ਪ੍ਰਦਰਸ਼ਨ ਕੀਤਾ । ਆਪ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਮੇਘ ਚੰਦ ਸ਼ੇਰਮਾਜਰਾ ਦੀ ਅਗਵਾਈ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਿਰੁੱਧ ਪੁਤਲਾ ਫੂਕਿਆ ਗਿਆ । ਪ੍ਰਦਰਸ਼ਨਕਾਰੀਆਂ ਨੇ ਕਾਂਗਰਸ ਸਰਕਾਰ ਖਿਲਾਫ਼ ਨਾਅਰੇਬਾਜੀ ਕਰਦਿਆਂ ਘੁਟਾਲੇ ਵਿੱਚ ਸ਼ਾਮਲ ਮੰਤਰੀਆਂ ਅਤੇ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

ਪ੍ਰਦਰਸਨਕਾਰੀਆਂ ਨੂੰ ਸੰਬੋਧਨ ਕਰਦਿਆਂ ਮਹਿਤਾ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਿੱਖਿਆ ਮੰਤਰੀ ਸਿੱਖਿਆ ਪ੍ਰਣਾਲੀ ਵਿੱਚ ਵਿਕਾਸ ਕਰਨ ਦੇ ਦਮਗਜੇ ਮਾਰਦੇ ਫਿਰਦੇ ਹਨ, ਜਦੋਂ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੀ ਇਹ ਅਸਲ ਤਸਵੀਰ ਹੈ ਕਿ ਪੰਜਾਬ ਦੇ 2 ਲੱਖ ਤੋਂ ਜ਼ਿਆਦਾ ਐਸ.ਸੀ ਐਸ.ਟੀ. ਵਿਦਿਆਰਥੀਆਂ ਪ੍ਰੀਖਿਆਵਾਂ ਦੇ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੋਸਟ ਮੈਟਿ੍ਰਕ ਸਕਾਲਰਸ਼ਿਪ ਵਿੱਚ ਕੀਤੇ ਘੁਟਾਲੇ ਦੇ ਮੁੱਦੇ ਤੇ ਵ੍ਹਾਈਟ ਪੇਪਰ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਸਕਾਲਰਸ਼ਿਪ ਘੁਟਾਲੇ ਦੀ ਸੱਚਾਈ ਲੋਕਾਂ ਸਾਹਮਣੇ ਆ ਸਕੇ। ਆਪ ਆਗੂਆਂ ’ਚ ਮੇਘ ਚੰਦ ਸ਼ੇਰਮਾਜਰਾ ਅਤੇ ਗੁਰਮੁਖ ਸਿੰਘ ਘਨੌਰ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ 2020-21 ਵਿੱਦਿਅਕ ਵਰ੍ਹੇ ਦੀ ਪੋਸਟ ਮੈਟਿ੍ਰਕ ਸਕਾਲਰਸ਼ਿਪ ਦੀ ਅੰਤਮ ਕਿਸਤ ਜਾਰੀ ਕਰਨ ਦਾ ਐਲਾਨ ਕੀਤਾ ਪ੍ਰੰਤੂ ਕੇਂਦਰ ਤੇ ਸੂਬਾ ਸਰਕਾਰ ਦੀ ਖੇਡ ਵਿੱਚ ਬਾਕੀ ਤਿੰਨ ਸੈਸ਼ਨ ਦੇ ਬੱਚਿਆਂ ਦਾ ਭਵਿੱਖ ਅਜੇ ਵੀ ਦਾਅ ’ਤੇ ਲੱਗਿਆ ਹੋਇਆ ਹੈ।

ਆਪ ਆਗੂਆਂ ਨੇ ਕਿਹਾ ਕਿ ਐਸ.ਸੀ. ਵਿਦਿਆਰਥੀਆਂ ਦੀ ਸਕਾਲਰਸ਼ਿਪ ’ਚ ਘੁਟਾਲੇ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਲੱਖਾਂ ਵਿਦਿਆਰਥੀਆਂ ਦਾ ਜੀਵਨ ਬਰਬਾਦ ਕਰਕੇ ਰੱਖ ਦਿੱਤਾ ਹੈ । ਆਗੂਆਂ ਨੇ ਮੰਗ ਕੀਤੀ ਕਿ ਕੈਪਟਨ ਸਰਕਾਰ ਪੰਜਾਬ ਦੇ ਐਸ.ਸੀ. ਐਸ.ਟੀ. ਵਿਦਿਆਰਥੀਆਂ ਦੀ ਪੋਸਟ ਮੈਟਿ੍ਰਕ ਸਕਾਲਰਸ਼ਿਪ ਤੁਰੰਤ ਜਾਰੀ ਕਰੇ ਅਤੇ ਸਕਾਲਰਸ਼ਿਪ ਰਕਮ ਵਿੱਚ ਘੁਟਾਲਾ ਕਰਨ ਵਾਲੇ ਮੰਤਰੀਆਂ ਮਨਪ੍ਰੀਤ ਸਿੰਘ ਬਾਦਲ, ਸਾਧੂ ਸਿੰਘ ਧਰਮਸੋਤ ਅਤੇ ਅਧਿਕਾਰੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰੇ। ਇਸ ਮੌਕੇ ਕੁਲਵੰਤ ਸਿੰਘ ਬਾਜੀਗਰ, ਨਾਰਾਇਣ ਸਿੰਘ ਨਰਸੌਤ, ਬਲਵਿੰਦਰ ਸਿੰਘ, ਵੀਰਪਾਲ ਕੌਰ ਚਹਿਲ ਜ਼ਿਲ੍ਹਾ ਪ੍ਰਧਾਨ ਵੂਮੈਨ ਵਿੰਗ, ਗੁਰਦੇਵ ਸਿੰਘ ਦੇਵ ਮਾਨ, ਅਮਰੀਕ ਸਿੰਘ ਬੰਗਰ, ਬਰਿੰਦਰ ਬਿਟੂ ਯੂਥ ਪ੍ਰਧਾਨ, ਜਸੀ ਸੌਹੀਆਂਵਾਲਾ, ਨੀਨਾ ਮਿਤਲ ਖਜਾਨਚੀ ਪੰਜਾਬ, ਚੇਤਨ ਸਿੰਘ ਜੌੜੇਮਾਜਰਾ ਹਲਕਾ ਇੰਚਾਰਜ ਸਮਾਣਾ, ਹਰਮੀਤ ਸਿੰਘ ਪਠਾਣਮਾਜਰਾ ਹਲਕਾ ਇੰਚਾਰਜ ਸਨੌਰ, ਮੇਜਰ ਆਰਪੀਐਸ ਮਲਹੌਤਰਾ, ਜੇਪੀ ਸਿੰਘ, ਗੁਰਪ੍ਰੀਤ ਸਿੰਘ ਧਮੌਲੀ, ਬੰਤ ਸਿੰਘ ਰਾਜਪੁਰਾ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।