ਬੈਰੀਕੇਡ ਤੋੜੇ, ਪੁਲਿਸ ਨਾਲ ਹੋਈ ਖਿੱਚਧੂਹ, ਮੰਤਰੀ ਦੀ ਰਿਹਾਇਸ਼ ਮੂਹਰੇ ਕੀਤਾ ਅਰਥੀ ਫੂਕ ਪ੍ਰਦਰਸ਼ਨ
ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ। ਆਮ ਆਦਮੀ ਪਾਰਟੀ ਵੱਲੋਂ ਘਰਾਚੋਂ ਪਿੰਡ ਦੇ ਸਰਪੰਚ ਨਾਲ ਹੋ ਰਹੀ ਕਥਿਤ ਧੱਕੇਸ਼ਾਹੀ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਸਿੱਖਿਆ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਅਤੇ ਵਰਕਰਾਂ ਵੱਲੋਂ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਬੈਰੀਕੇਡ ਤੋੜ ਦਿੱਤੇ ਅਤੇ ਸਿੱਖਿਆ ਮੰਤਰੀ ਦਾ ਪੁਤਲਾ ਸਾੜਿਆ। ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਭਾਰੀ ਗਰਮੀ ਦੇ ਚਲਦਿਆਂ ਹਰੀਪੁਰਾ ਰੋਡ ’ਤੇ ਕੈਬਨਿਟ ਮੰਤਰੀ ਦੀ ਰਿਹਾਇਸ਼ ਦੇ ਨੇੜੇ ਧਰਨਾ ਦਿੱਤਾ ਗਿਆ ਜਿਸ ਵਿੱਚ ਜ਼ਿਲ੍ਹਾ ਸੰਗਰੂਰ ਤੋਂ ਵੱਡੀ ਗਿਣਤੀ ਵਰਕਰਾਂ ਨੇ ਸ਼ਮੂਲੀਅਤ ਕੀਤੀ।
ਧਰਨੇ ਉਪਰੰਤ ਜਦੋਂ ਆਪ ਸਮਰਥਕਾਂ ਨੇ ਮੰਤਰੀ ਦੀ ਰਿਹਾਇਸ਼ ਵੱਲ ਵਧਣਾ ਆਰੰਭ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਇਸ ਦੌਰਾਨ ਆਪ ਆਗੂਆਂ ਦੀ ਪੁਲਿਸ ਦੇ ਨਾਲ ਖਿੱਚ ਧੂਹ ਹੋ ਗਈ ਵਰਕਰ ਮੰਤਰੀ ਦੇ ਗੇਟ ਮੂਹਰੇ ਪੁਤਲਾ ਫੂਕਣ ਦੀ ਜ਼ਿੱਦ ਕਰ ਰਹੇ ਸਨ ਤੇ ਕਾਫ਼ੀ ਚਿਰ ਮਗਰੋਂ ਆਪ ਵਰਕਰਾਂ ਨੇ ਪੁਲਿਸ ਬੈਰੀਕੇਡ ਤੋੜ ਦਿੱਤੇ ਅਤੇ ਦੋਵੇਂ ਬੈਰੀਕੇਡ ਤੋੜਣ ਉਪਰੰਤ ਵਰਕਰ ਮੰਤਰੀ ਦੀ ਰਿਹਾਇਸ਼ ਮੂਹਰੇ ਪਹੁੰਚਣ ’ਚ ਕਾਮਯਾਬ ਹੋ ਗਏ ਅਤੇ ਉਨ੍ਹਾਂ ਨੇ ਮੰਤਰੀ ਦੀ ਰਿਹਾਇਸ਼ ਦੇ ਗੇਟ ਮੂਹਰੇ ਅਰਥੀ ਫੂਕ ਪ੍ਰਦਰਸ਼ਨ ਕੀਤਾ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਡਾ: ਗੁਨਿੰਦਰਜੀਤ ਸਿੰਘ ਜਵੰਧਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਕੈਬਨਿਟ ਮੰਤਰੀ ਭਾਰੀ ਰੋਹ ਹੈ ਉਨ੍ਹਾਂ ਕਿਹਾ ਕਿ ਸੱਤਾਧਾਰੀ ਲੋਕਤੰਤਰ ਦਾ ਘਾਣ ਕਰਦਿਆਂ ਲਗਾਤਾਰ ਘਰਾਚੋਂ ਪਿੰਡ ਦੇ ਸਰਪੰਚ ਗੁਰਮੇਲ ਸਿੰਘ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ।
ਮੰਤਰੀ ਵੱਲੋਂ ਪਹਿਲਾਂ ਘਰਾਚੋਂ ਪਿੰਡ ਦੀ 23 ਕਿੱਲੇ ਪੰਚਾਇਤੀ ਜ਼ਮੀਨ ਹੜੱਪਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਉਹ ਕਾਮਯਾਬ ਨਾ ਹੋ ਸਕੇ ਕਿਉਂਕਿ ਸਰਪੰਚ ਨੇ ਅਦਾਲਤ ਦਾ ਸਹਾਰਾ ਲੈ ਕੇ ਜ਼ਮੀਨ ਬਚਾ ਲਈ ਅਤੇ ਹੁਣ ਸਿੱਖਿਆ ਮੰਤਰੀ ਕਥਿਤ ਨਾਜਾਇਜ਼ ਤਰੀਕੇ ਨਾਲ ਪਿੰਡ ਦੇ ਪੰਚਾਇਤੀ ਫੰਡ ਵਿੱਚੋਂ 25 ਲੱਖ ਰੁਪਿਆ ਕਢਵਾਉਣਾ ਚਾਹੁੰਦੇ ਹਨ ਅਤੇ ਲਗਾਤਾਰ ਸਰਪੰਚ ਗੁਰਮੇਲ ਸਿੰਘ ਨਾਲ ਧੱਕੇਸ਼ਾਹੀ ਕਰ ਰਹੇ। ਇਸ ਮੌਕੇ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਬਦੇਸ਼ਾ ਨੇ ਕਿਹਾ ਕਿ ਉਹ ਘਰਾਚੋਂ ਪਿੰਡ ਦੇ ਸਰਪੰਚ ਨਾਲ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ ਜੇਕਰ ਉਹ ਸਰਪੰਚ ਨਾਲ ਇਸੇ ਤਰ੍ਹਾਂ ਕਰਦੇ ਰਹੇ ਤਾਂ ਉਹ ਉਨ੍ਹਾਂ ਖਿਲਾਫ ਵੱਡਾ ਸੰਘਰਸ਼ ਵਿੱਢਣਗੇ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ 2022 ਵਿੱਚ ਭੁਗਤਣਾ ਪਵੇਗਾ।
ਇਸ ਮੌਕੇ ਮਰਹੂਮ ਸੰਦੀਪ ਸਿੰਗਲਾ ਧੂਰੀ ਦੀ ਟੀਮ ਦੇ ਮੈਂਬਰ ਦਰਸ਼ਨ ਸਿੰਘ, ਸੋਨੀ, ਮੋਹਿਤ ਸ਼ਰਮਾ, ਸੁਰੇਸ਼ ਕੁਮਾਰ, ਨਰੇਸ਼ ਕੁਮਾਰ, ਮਨਪ੍ਰੀਤ ਜਵੰਧਾ, ਰੋਹਿਤ ਵਰਮਾ, ਜਗਰੂਪ ਸਿੰਘ ਤੇ ਸੁਖਬੀਰ ਸਿੰਘ ਤੋਂ ਇਲਾਵਾ ਰਾਜਵੰਤ ਘੁੱਲੀ,ਅਨਵਰ ਧੂਰੀ, ਐਸ.ਐਸ. ਚੱਠਾ ਧੂਰੀ, ਜਸਵੀਰ ਕੁਦਨੀ ਲਹਿਰਾ, ਜਸਵੰਤ ਗੱਜਣਮਾਜਰਾ, ਕੁਲਜਿੰਦਰ ਢੀਂਡਸਾ, ਲਾਭ ਸਿੰਘ ਉਗੋਕੇ, ਗੁਰਦੀਪ ਬਾਠ,ਅਵਤਾਰ ਤਾਰੀ,ਰਾਜਿੰਦਰ ਗੋਗੀ ਹਾਜ਼ਰ ਰਹੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।