ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੈਨੇਡਾ ਵਿਖੇ ਪਿਛਲੇ ਦਿਨਾਂ ਦੌਰਾਨ ਵਾਪਰੇ ਇੱਕ ਸੜਕ ਹਾਦਸੇ ’ਚ ਪਟਿਆਲਾ ਦੇ ਨੌਜਵਾਨ ਦੀ ਮੌਤ ਹੋ ਗਈ। ਸੁਖਮਨ ਸਿੰਘ ਵਿਰਕ (33 ਸਾਲ) ਦਾ ਕੈਨੇਡਾ ਦੇ ਓਂਟਾਰੀਓ ਸੂਬੇ ਦੇ ਸ਼ਹਿਰ ਵਿੰਡਸਰ ਵਿਖੇ ਰਹਿੰਦਾ ਸੀ ਅਤੇ ਪਿਛਲੇ ਦਿਨੀ ਜਦੋਂ ਸੁਖਮਨ ਸਿੰਘ ਆਪਣੇ ਘਰ ਤੋਂ ਕੰਮ ਤੇ ਜਾ ਰਿਹਾ ਸੀ ਤਾਂ ਘਰ ਤੋਂ ਕੁਝ ਦੂਰ ਹੀ ਉਸ ਨੂੰ ਦਿਲ ਦਾ ਦੌਰਾ ਪਿਆ। ਜਿਸ ਕਾਰਨ ਉਸ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਇਸ ਦੌਰਾਨ ਮੌਕੇ ’ਤੇ ਹੀ ਸੁਖਮਨ ਸਿੰਘ ਦੀ ਮੌਤ ਹੋ ਗਈ। ਸੁਖਮਨ ਸਿੰਘ ਸਾਬਕਾ ਜ਼ਿਲ੍ਹਾ ਖੇਡ ਅਫਸਰ ਤੇ ਖੋ-ਖੋ ਦੇ ਖੇਤਰ ਦੀ ਨਾਮਵਰ ਸ਼ਖਸ਼ੀਅਤ ਉਪਕਾਰ ਸਿੰਘ ਵਿਰਕ ਤੇ ਸਰਕਾਰੀ ਸੀਨੀਅਰ ਸੈਕੰਡਰੀ ਵਿਕਟੋਰੀਆ ਸਕੂਲ ਪਟਿਆਲਾ ਦੀ ਸਾਬਕਾ ਪ੍ਰਿੰਸੀਪਲ ਗੁਰਪ੍ਰੀਤ ਕੌਰ ਦਾ ਪੁੱਤਰ ਸੀ। (Road Accident)
ਇਹ ਵੀ ਪੜ੍ਹੋ : ਫਿਲੀਪੀਨਜ਼ ’ਚ ਪੰਜਾਬੀ ਨੌਜਵਾਨ ਦੀ ਮੌਤ, ਡੇਢ ਮਹੀਨਾ ਪਹਿਲਾਂ ਗਿਆ ਸੀ ਵਿਦੇਸ਼
ਸੁਖਮਨ ਸਿੰਘ ਦੀ ਕੈਨੇਡਾ ਵਸਦੀ ਧਰਮਪਤਨੀ ਹਰਸ਼ਿਕਾ ਵਿਰਕ, ਅਸਟਰੇਲੀਆ ਵਸਦੀ ਭੈਣ ਮਨਕੀਰਤ ਕੌਰ ਵਿਰਕ ਤੇ ਢਾਈ ਸਾਲ ਦਾ ਪੁੱਤਰ ਜਹਾਨ ਸਿੰਘ ਵਿਰਕ (ਕੈਨੇਡਾ) ਵੀ ਪਟਿਆਲਾ ਪੁੱਜ ਗਏ ਹਨ। ਉਪਕਾਰ ਸਿੰਘ ਵਿਰਕ ਨੇ ਦੱਸਿਆ ਕਿ ਸੁਖਮਨ ਸਿੰਘ ਦੀ ਮ੍ਰਿਤਕ ਦੇਹ ਅੱਜ ਕੈਨੇਡਾ ਤੋਂ ਪਟਿਆਲਾ ਪੁੱਜ ਗਈ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਭਲਕੇ 14 ਜਨਵਰੀ ਨੂੰ ਘਲੌੜੀ ਗੇਟ ਸ਼ਮਸ਼ਾਨ ਘਾਟ (ਸਨੌਰੀ ਅੱਡਾ) ਵਿਖੇ ਕੀਤਾ ਜਾਵੇਗਾ। ਵਿਰਕ ਪਰਿਵਾਰ ਨਾਲ ਇਸ ਦੁੱਖ ਦੀ ਘੜੀ ’ਚ ਵਿਧਾਇਕ ਗੁਰਲਾਲ ਸਿੰਘ ਘਨੌਰ, ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਐਸਐਸਪੀ ਪ੍ਰਿਤਪਾਲ ਸਿੰਘ ਵਿਰਕ ਤੇ ਦਰਸ਼ਨ ਸਿੰਘ ਮਾਨ, ਸਾਬਕਾ ਐਸਈ ਭੁਪਿੰਦਰ ਸਿੰਘ ਸੱਭਰਵਾਲ, ਚੰਡੀਗੜ੍ਹ ਯੂਨੀਵਰਸਿਟੀ ਦੇ ਖੇਡ ਨਿਰਦੇਸ਼ਕ ਡਾ. ਰਾਜ ਕੁਮਾਰ ਸ਼ਰਮਾ ਆਦਿ ਸਮੇਤ ਖੇਡਾਂ ਤੇ ਸਿੱਖਿਆ ਦੇ ਖੇਤਰ ਨਾਲ ਜੁੜੀਆਂ ਸ਼ਖਸ਼ੀਅਤਾਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। (Road Accident)