ਚਾਰ ਸਾਲ ਪਹਿਲਾਂ ਗਿਆ ਸੀ ਐਮਬੀਬੀਐਸ ਦੀ ਪੜ੍ਹਾਈ ਕਰਨ
(ਜਸਵੀਰ ਸਿੰਘ ਗਹਿਲ) ਬਰਨਾਲਾ। ਯੂਕਰੇਨ (Ukrainian) ਦੇ ਵਨੀਸੀਆ ਸਟੇਟ ’ਚ ਤਕਰੀਬਨ ਇੱਕ ਮਹੀਨੇ ਤੋਂ ਇਲਾਜ਼ ਅਧੀਨ ਚੱਲ ਰਹੇ ਬਰਨਾਲਾ ਵਾਸੀ ਨੌਜਵਾਨ ਦੀ ਮੌਤ ਹੋ ਜਾਣ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਨੌਜਵਾਨ ਉਧਰ ਡਾਕਟਰੀ ਦੀ ਪੜਾਈ ਕਰਨ ਗਿਆ ਹੋਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਤਾਇਆ ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਉਨਾਂ ਦੇ ਭਰਾ ਸ਼ੀਸਨ ਕੁਮਾਰ ਜਿੰਦਲ ਦਾ ਪੁੱਤਰ ਚੰਦਨ ਜਿੰਦਲ (21) ਕਰੀਬ ਚਾਰ ਕੁ ਸਾਲ ਪਹਿਲਾਂ ਡਾਕਟਰੀ ਦੀ ਪੜ੍ਹਾਈ ਕਰਨ ਲਈ ਯੂਕਰੇਨ ਦੀ ਸਟੇਟ ਵਨੀਸੀਆ ਗਿਆ ਸੀ। ਜਿੱਥੋਂ ਲੰਘੀ 3 ਫਰਵਰੀ ਨੂੰ ਡਾਕਟਰਾਂ ਨੇ ਫੋਨ ’ਤੇ ਉਨਾਂ ਤੋਂ ਚੰਦਨ ਜਿੰਦਲ ਦੇ ਦਿਮਾਗ ਦਾ ਅਪ੍ਰੇਸ਼ਨ ਕਰਨ ਦੀ ਮੰਨਜੂਰੀ ਮੰਗੀ ਕਿਉਂਕਿ ਡਾਕਟਰਾਂ ਮੁਤਾਬਕ ਚੰਦਨ ਦੇ ਦਿਮਾਗ ਤੇ ਦਿਲ ’ਚ ਕਲੋਟਜ਼ ਆਉਣ ਦੇ ਨਾਲ ਹੀ ਉਸਨੂੰ ਪੈਰਾਲਾਇਜਜ਼ ਹੋ ਗਿਆ ਸੀ।
ਚੰਦਨ ਜਿੰਦਲ ਦਾ ਅਪ੍ਰੇਸ਼ਨ ਰਿਹਾ ਸੀ ਸਫ਼ਲ
ਉਨਾਂ ਤੁਰੰਤ ਫੋਨ ’ਤੇ ਹੀ ਡਾਕਟਰਾਂ ਨੂੰ ਚੰਦਨ ਦਾ ਅਪ੍ਰੇਸ਼ਨ ਕਰਨ ਦੀ ਲਿਖਤੀ ਪ੍ਰਵਾਨਗੀ ਭੇਜ ਦਿੱਤੀ ਸੀ। ਇਸ ਤੋਂ ਬਾਅਦ ਉਹ ਅਤੇ ਉਨਾਂ ਦਾ ਭਰਾ ਸ਼ੀਸਨ ਕੁਮਾਰ ਆਪਣੇ ਪੁੱਤਰ ਦਾ ਪਤਾ ਲੈਣ ਲਈ ਯੂਕਰੇਨ ਚਲੇ ਗਏ ਸਨ, ਇਸ ਪਿੱਛੋਂ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਸ਼ੁਰੂ ਹੋਣ ਦੀ ਜਾਣਕਾਰੀ ਮਿਲੀ ਤੇ ਉਹ ਵੀ ਉਧਰ ਹੀ ਫਸ ਗਏ ਸਨ। ਉਨਾਂ ਦੱਸਿਆ ਕਿ ਚੰਦਨ ਜਿੰਦਲ ਦਾ ਅਪ੍ਰੇਸ਼ਨ ਹੋ ਗਿਆ ਸੀ ਜੋ ਸਫ਼ਲ ਰਿਹਾ ਤੇ ਡਾਕਟਰਾਂ ਮੁਤਾਬਕ ਉਸਦੀ ਸਿਹਤ ’ਚ ਵੀ ਲਗਾਤਾਰ ਸੁਧਾਰ ਹੋ ਰਿਹਾ ਸੀ। ਜਿਸ ਪਿੱਛੋਂ ਉਹ ਆਪਣੇ ਭਰਾ ਦੇ ਕਹਿਣ ’ਤੇ ਲੰਘੇ ਕੱਲ 1 ਮਾਰਚ ਨੂੰ ਹੀ ਯੂਕਰੇਨ ਤੋਂ ਭਾਰਤ ਵਾਪਸ ਆਇਆ ਸੀ ਜਦਕਿ ਉਨਾਂ ਦਾ ਭਰਾ ਸ਼ੀਸਨ ਕੁਮਾਰ ਹਾਲੇ ਵੀ ਚੰਦਨ ਜਿੰਦਲ ਕੋਲ ਹੀ ਸੀ।
ਡਾਕਟਰਾਂ ਨੇ ਚੰਦਨ ਜਿੰਦਲ ਨੂੰ ਭਾਵੇਂ ਖਤਰੇ ਤੋਂ ਬਾਹਰ ਦੱਸਿਆ ਸੀ, ਪਰ ਅੱਜ 2 ਮਾਰਚ ਨੂੰ ਸਵੇਰ ਸਮੇਂ ਫੋਨ ’ਤੇ ਚੰਦਨ ਜਿੰਦਲ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸ਼ਕ ਗਈ। ਉਨਾਂ ਦੱਸਿਆ ਕਿ ਉਨਾਂ ਮੰਗ ਕੀਤੀ ਕਿ ਉਨਾਂ ਦੇ ਭਰਾ ਨੂੰ ਚੰਦਨ ਜਿੰਦਲ ਦੀ ਮਿ੍ਰਤਕ ਦੇਹ ਨੂੰ ਭਾਰਤ ਲਿਆਉਣ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।
ਪ੍ਰਾਪਤ ਜਾਣਕਾਰੀ ਅਨੁਸਾਰ ਤਕਰੀਬਨ 16 ਕੁ ਸਾਲ ਪਹਿਲਾਂ ਚੰਦਨ ਜਿੰਦਲ ਦੇ ਦੂਜੇ ਭਰਾ ਦੀ ਵੀ 12 ਕੁ ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ ਸੀ। ਚੰਦਨ ਜਿੰਦਲ ਦੀ ਇੱਕੋ ਇੱਕ ਭੈਣ ਹੈ ਜੋ ਵਿਆਹੀ ਹੋਈ ਹੈ। ਚੰਦਨ ਜਿੰਦਲ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ’ਚ ਮਾਹੌਲ ਬੇਹੱਦ ਗਮਗੀਨ ਹੋ ਗਿਆ। ਜਿਸ ਕਾਰਨ ਪਰਿਵਾਰਕ ਮੈਂਬਰ ਰੋ ਰੋ ਬੇਹਾਲ ਹੋ ਰਹੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ