ਸਮਾਜਿਕ ਵਿਕਾਸ ’ਚ ਬਜ਼ੁਰਗਾਂ ਦਾ ਬਹੁਤ ਅਹਿਮ ਯੋਗਦਾਨ
ਬਜ਼ੁਰਗਾਂ ਦਾ ਸਾਡੀ ਜ਼ਿੰਦਗੀ ਵਿੱਚ ਇੱਕ ਅਹਿਮ ਰੋਲ ਹੈ। ਸਮਾਜਿਕ ਵਿਕਾਸ ਵਿੱਚ ਇਨ੍ਹਾਂ ਦਾ ਬਹੁਤ ਅਹਿਮ ਯੋਗਦਾਨ ਹੁੰਦਾ ਹੈ। ਬਜ਼ੁਰਗ ਵਿਅਕਤੀ ਨੌਜਵਾਨ ਪੀੜ੍ਹੀ ਨੂੰ ਤਜ਼ੁਰਬਾ ਅਤੇ ਗਿਆਨ ਦੇਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਬਜ਼ੁਰਗਾਂ ਨੂੰ ਬਿਹਤਰ ਅਤੇ ਸੰਤੁਸ਼ਟੀਪੂਰਨ ਜੀਵਨ ਦੇਣ ਦੀ ਜ਼ਰੂਰਤ ਹੈ। ਭਾਰਤ ਵਿੱਚ 60 ਸਾਲ ਦੀ ਉਮਰ ਦੇ ਲੋਕਾਂ ਦੀ ਗਿਣਤੀ ਸਾਢੇ ਸੱਤ ਕਰੋੜ ਦੇ ਲਗਭਗ ਹੈ। ਸਾਡੇ ਦੇਸ਼ ਵਿੱਚ ਵਿਸ਼ਵ ਬਜ਼ੁਰਗ ਦਿਵਸ ਮਨਾਇਆ ਜਾਂਦਾ ਹੈ। ਜਿਸ ਨੂੰ ਕਲੱਬਾਂ, ਸੰਸਥਾਵਾਂ, ਸਰਕਾਰੀ, ਗੈਰ-ਸਰਕਾਰੀ ਸੰਗਠਨਾਂ ਵੱਲੋਂ ਮਨਾਇਆ ਜਾਂਦਾ ਹੈ ਪਰ ਕੀ ਅਸੀਂ ਵਾਕਿਆ ਹੀ ਬਜ਼ੁਰਗਾਂ ਦਾ ਸਤਿਕਾਰ ਕਰਦੇ ਹਾਂ? ਕਿਤੇ ਇਹ ਬਜ਼ੁਰਗ ਦਿਵਸ ਮਨਾਉਣਾ ਸਿਰਫ਼ ਰਸਮੀ ਗੱਲਾਂ ਤਾਂ ਨਹੀਂ?
ਜੀ ਹਾਂ, ਜ਼ਿਆਦਾਤਰ ਇਹ ਗੱਲਾਂ ਸਿਰਫ ਰਸਮੀ ਹੀ ਹਨ। ਥਾਂ-ਥਾਂ ਬਣੇ ਬਿਰਧ ਆਸ਼ਰਮ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹਨ, ਕਿਉਂਕਿ ਇਨ੍ਹਾਂ ਆਸ਼ਰਮਾਂ ਵਿੱਚ ਜ਼ਿਆਦਾਤਰ ਉਹ ਬਜ਼ੁਰਗ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਨੂੰਹਾਂ-ਪੁੱਤਾਂ ਵੱਲੋਂ ਘਰ ਰੱਖਣ ਤੋਂ ਮਨ੍ਹਾ ਕਰ ਦਿੱਤਾ ਗਿਆ ਜਾਂ ਫਿਰ ਅਜਿਹੇ ਬਜ਼ੁਰਗ ਹਨ ਜੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਹਨ ਤੇ ਉਨ੍ਹਾਂ ਦੇ ਪੁੱਤਾਂ ਜਾਂ ਧੀਆਂ ਨੇ ਉਨ੍ਹਾਂ ਨੂੰ ਆਪਣੇ ਕੋਲ ਰੱਖਣ ਤੋਂ ਅਸਮਰੱਥਾ ਜ਼ਾਹਿਰ ਕਰਦਿਆਂ ਬਿਰਧ ਆਸ਼ਰਮਾਂ ਵੱਲ ਧੱਕ ਦਿੱਤਾ।
ਅਜੋਕੇ ਸਮੇਂ ਇਹ ਬਜ਼ੁਰਗਾਂ ਦੀ ਤ੍ਰਾਸਦੀ ਨਹੀਂ ਤਾਂ ਹੋਰ ਕੀ ਹੈ। ਇਹ ਤਾਂ ਉਹ ਗੱਲਾਂ ਹਨ ਜੋ ਜੱਗ ਜ਼ਾਹਿਰ ਹੁੰਦੀਆਂ ਹਨ, ਮਤਲਬ ਇਹ ਤਾਂ ਉਹ ਬਜ਼ੁਰਗ ਹਨ ਜਿਨ੍ਹਾਂ ਦੀ ਗਿਣਤੀ ਸਾਨੂੰ ਪਤਾ ਲੱਗਦੀ ਹੈ ਕਿ ਇੰਨੇ ਬਜ਼ੁਰਗ ਬਿਰਧ ਆਸ਼ਰਮਾਂ ਜਾਂ ਨਿੱਜੀ ਤੌਰ ’ਤੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ, ਪਰ ਇਸ ਤੋਂ ਇਲਾਵਾ ਬਹੁਤੀ ਗਿਣਤੀ ਉਨ੍ਹਾਂ ਬਜ਼ੁਰਗਾਂ ਦੀ ਹੈ ਜਿਨ੍ਹਾਂ ਦੀ ਆਪਣੇ ਹੀ ਘਰਾਂ ਵਿੱਚ ਇੰਨੀ ਬਦਤਰ ਹਾਲਤ ਹੈ ਕਿ ਉਹ ਇੱਕ ਘਰੇਲੂ ਨੌਕਰ ਤੋਂ ਵੱਧ ਕੁਝ ਵੀ ਨਹੀਂ ਹਨ।
ਬਹੁਤੇ ਬਜ਼ੁਰਗ ਜੋ ਮੌਤ ਦੇ ਨੇੜੇ ਹੁੰਦੇ ਹਨ ਉਨ੍ਹਾਂ ਨੂੰ ਇੱਕ ਸਟੋਰਨੁਮਾ ਕਮਰੇ ਵਿੱਚ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਕੋਈ ਨਾ ਵਰਤੋਂ ਵਿੱਚ ਆਉਣ ਵਾਲੀ ਕਿਸੇ ਚੀਜ਼ ਨੂੰ ਇੱਕ ਸਟੋਰ ਵਿੱਚ ਸੁੱਟ ਦਿੱਤਾ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ ਦੇਸ਼ ਵਿੱਚ ਬਜ਼ੁਰਗਾਂ ਦੀ 70 ਫੀਸਦੀ ਆਬਾਦੀ ਅੱਜ ਪੇਂਡੂ ਖੇਤਰਾਂ ਵਿੱਚ ਰਹਿ ਰਹੀ ਹੈ। ਭਾਵੇਂ ਇਨ੍ਹਾਂ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਬਜ਼ੁਰਗਾਂ ਲਈ ਸਰਕਾਰ ਵੱਲੋਂ ਵਿਸ਼ੇਸ਼ ਕਲਿਆਣਕਾਰੀ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ ਪਰ ਉਹ ਯੋਜਨਾਵਾਂ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਰਹਿ ਜਾਂਦੀਆਂ ਹਨ। ਜਿਸ ਕਾਰਨ ਪੇਂਡੂ ਬਜ਼ੁਰਗ ਗਰੀਬੀ, ਲਾਚਾਰੀ ਤੇ ਬੇਵਸੀ ਦੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹੁੰਦੇ ਹਨ।
ਉਪਰੋਕਤ ਤੋਂ ਇਲਾਵਾ ਬਜ਼ੁਰਗਾਂ ਦੀ ਇੱਕ ਕੈਟਾਗਰੀ ਹੋਰ ਵੀ ਹੈ ਜੋ ਜ਼ਿਆਦਾਤਰ ਸ਼ਹਿਰਾਂ ਵਿੱਚ ਹੁੰਦੀ ਹੈ। ਇਸ ਵਿੱਚ ਉਹ ਬਜ਼ੁਰਗ ਆਉਂਦੇ ਹਨ ਜੋ ਨੂੰਹਾਂ-ਪੁੱਤਾਂ ਜਾਂ ਧੀਆਂ ’ਤੇ ਡਿਪੈਂਡ ਨਹੀਂ, ਸਗੋਂ ਸਰਕਾਰੀ ਮੁਲਾਜ਼ਮ ਹੋਣ ਕਰਕੇ ਪੈਨਸ਼ਨ ਮਿਲਦੀ ਹੁੰਦੀ ਹੈ ਜਾਂ ਕਿਸੇ ਹੋਰ ਪਾਸਿਓਂ ਆਮਦਨ ਦਾ ਸਾਧਨ ਹੁੰਦਾ ਹੈ, ਪਰ ਜਦੋਂ ਤੱਕ ਇਹ ਬਜ਼ੁਰਗ ਦੰਪਤੀ ਕਾਇਮ ਹੁੰਦੇ ਹਨ ਉਹ ਇੱਕ-ਦੂਜੇ ਦਾ ਧਿਆਨ ਕਿਸੇ ਹੱਦ ਤੱਕ ਰੱਖਦੇ ਹਨ। ਪਰ ਦੋਵਾਂ ’ਚੋਂ ਇੱਕ ਨੇ ਤਾਂ ਪਹਿਲਾਂ ਜਾਣਾ ਹੀ ਹੁੰਦਾ ਹੈ
ਅਜਿਹਾ ਹੋਣ ’ਤੇ ਇਕੱਲੇ ਦੀ ਪੁੱਛ-ਗਿੱਛ ਘੱਟ ਹੋ ਜਾਂਦੀ ਹੈ। ਇਸ ਤੋਂ ਬਾਅਦ ਕੋਈ ਇਹ ਨਹੀਂ ਕਹਿੰਦਾ ਕਿ ਅਸੀਂ ਮਾਂ ਜੀ ਕੋਲ ਰਹਿੰਦੇ ਹਾਂ ਜਾਂ ਪਿਤਾ ਜੀ ਕੋਲ ਰਹਿੰਦੇ ਹਾਂ। ਸਗੋਂ ਕਿਹਾ ਜਾਂਦਾ ਹੈ ਕਿ ਮਾਂ ਜੀ ਜਾਂ ਪਿਤਾ ਜੀ ਸਾਡੇ ਕੋਲ ਰਹਿੰਦੇ ਹਨ। ਜੇ ਕਿਤੇ ਪੁੱਤਰ ਇੱਕ ਤੋਂ ਵੱਧ ਹੋਣ ਤਾਂ ਗਿਣਵੇਂ ਮਹੀਨੇ ਵਾਰੀ-ਵਾਰੀ ਰਹਿਣਾ ਹੁੰਦਾ ਹੈ। ਕਈ ਵਾਰ ਮਾਂ ਤੇ ਪਿਓ ਦੀ ਵੰਡ ਹੋ ਜਾਂਦੀ ਹੈ। ਮਾਂ ਇੱਕ ਕੋਲ ਤੇ ਪਿਓ ਦੂਜੇ ਕੋਲ।
ਉਂਜ ਇਸ ਤਸਵੀਰ ਦਾ ਦੂਸਰਾ ਪਾਸਾ ਵੀ ਹੈ ‘ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ’ ਦੇ ਮੁਹਾਵਰੇ ਅਨੁਸਾਰ ਸਾਰੇ ਹੀ ਨੂੰਹ-ਪੁੱਤਰ ਇਸ ਤਰ੍ਹਾਂ ਦੇ ਨਹੀਂ ਹੁੰਦੇ। ਕੁਝ ਘਰਾਂ ’ਚ ਅਜਿਹੇ ਕੇਸ ਵੀ ਵੇਖਣ ਨੂੰ ਮਿਲਦੇ ਹਨ, ਜਿੱਥੇ ਕੁਝ ਖਾਸ ਕਾਰਨਾਂ ਕਰਕੇ ਬਜ਼ੁਰਗ ਖ਼ੁਦ ਹੀ ਆਪਣਾ ਸਤਿਕਾਰ ਗੁਆ ਬੈਠਦੇ ਹਨ। ਜਿਵੇਂ ਬਜ਼ੁਰਗ ਨੂੰ ਪਹਿਲਾਂ ਤੋਂ ਹੀ ਕਿਸੇ ਖਾਸ ਨਸ਼ੇ ਦੀ ਲਤ ਹੋਣਾ ਅਤੇ ਪੁੱਤਰ ਉਸ ਨਸ਼ੇ ਤੋਂ ਦੂਰ ਰਹਿਣਾ ਚਾਹੁੰਦੇ ਹੋਣ ਜਾਂ ਕੁੱਝ ਕੇਸਾਂ ਵਿੱਚ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਬਜ਼ੁਰਗ ਜੋੜਾ ਖੁਦ ਹੀ ਅਲੱਗ ਰਹਿਣਾ ਚਾਹੁੰਦਾ ਹੋਵੇ। ਪਰ ਸਮਾਜਿਕ ਤੌਰ ’ਤੇ ਉਨ੍ਹਾਂ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਦੇ ਨੂੰਹ-ਪੁੱਤ ਰੱਖ ਨਹੀਂ ਰਹੇ।
ਖ਼ੈਰ! ਕੁਝ ਵੀ ਹੈ ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ। ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਜੇਕਰ ਅਸੀਂ ਬਜ਼ੁਰਗਾਂ ਦਾ ਉਪਯੋਗ ਵਿਕਾਸ ਪ੍ਰਕਿਰਿਆ, ਸ਼ਾਂਤੀਪੂਰਨ ਅਤੇ ਸਥਿਰ ਸਮਾਜ ਦੇ ਨਿਰਮਾਣ ਵਿੱਚ ਕਰੀਏ ਤਾਂ ਨਿਸ਼ਚਿਤ ਰੂਪ ’ਚ ਪੂਰੇ ਸਮਾਜ ਨੂੰ ਉਨ੍ਹਾਂ ਤੋਂ ਲਾਭ ਹੋ ਸਕਦਾ ਹੈ। ਅਜੋਕੇ ਸਮੇਂ ਸਮੁੱਚੇ ਰੂਪ ਵਿੱਚ ਬਜ਼ੁਰਗਾਂ ਦੀਆਂ ਵਧਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਉਨ੍ਹਾਂ ਦੀ ਰਿਹਾਇਸ਼ ਵਿਵਸਥਾ ਯਕੀਨੀ ਬਣਾ ਕੇ ਜਿੱਥੇ ਉਨ੍ਹਾਂ ਦੀ ਮੱਦਦ ਕਰ ਸਕਦੇ ਹਾਂ, ਉੱਥੇ ਬਜੁਰਗ ਵਧਦੀ ਉਮਰ ਦੇ ਬਾਵਜੂਦ ਆਪਣੇ ਭਾਈਚਾਰੇ ਵਿੱਚ ਸਰਗਰਮ ਰਹਿ ਸਕਦੇ ਹਨ।
ਸਿਵੀਆਂ, ਬਠਿੰਡਾ
ਮੋ. 80547-57806
ਹਰਮੀਤ ਸਿਵੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ