ਨਰੋਏ ਸਮਾਜ ਦਾ ਨਿਰਮਾਤਾ ਹੁੰਦੈ ਇੱਕ ਸੱਚਾ ਅਧਿਆਪਕ

Teachers day

ਅਧਿਆਪਕ ਦਿਵਸ ’ਤੇ ਵਿਸ਼ੇਸ਼ | Teachers day

ਸਮੇਂ ਦੇ ਮੌਜ਼ੂਦਾ ਦੌਰ ਵਿਚ ਨੈਤਿਕ ਕਦਰਾਂ-ਕੀਮਤਾਂ ਸਾਡੇ ਸਮਾਜ ਵਿੱਚੋਂ ਕਿਧਰੇ ਖੰਭ ਲਾ ਕੇ ਉੱਡ ਗਈਆਂ ਹਨ। ਇਨ੍ਹਾਂ ਨੈਤਿਕ ਕਦਰਾਂ-ਕੀਮਤਾਂ ਨੂੰ ਜੇਕਰ ਕੋਈ ਸਾਡੇ ਸਮਾਜ ਵਿੱਚ ਪੈਦਾ ਕਰ ਸਕਦਾ ਹੈ ਤਾਂ ਉਹ ਇੱਕ ਅਧਿਆਪਕ ਹੀ ਹੈ। ਇਸ ਲਈ ਹੀ ਤਾਂ ਅਧਿਆਪਕ ਨਰੋਏ ਸਮਾਜ ਦਾ ਨਿਰਮਾਤਾ ਹੁੰਦਾ ਹੈ। ਸੱਚਾ ਅਧਿਆਪਕ ਇੱਕ ਚੰਗਾ ਦੋਸਤ, ਦਾਰਸ਼ਨਿਕ ਤੇ ਰਾਹ-ਦਸੇਰਾ ਹੁੰਦਾ ਹੈ। ਅਧਿਆਪਕ ਹੀ ਸਾਨੂੰ ਹਨੇ੍ਹਰੇ ਵਿੱਚੋਂ ਕੱਢ ਕੇ ਰੌਸ਼ਨੀ ਪ੍ਰਦਾਨ ਕਰਦਾ ਹੈ।

ਅਧਿਆਪਕ ਇੱਕ ਸ਼ਿਲਪਕਾਰ ਦੀ ਤਰ੍ਹਾਂ ਸਾਡੇ ਸਮਾਜ ਨੂੰ ਤਰਾਸ਼ ਕੇ ਨਰੋਏ ਸਮਾਜ ਦੀ ਸਿਰਜਣਾ ਕਰਦਾ ਹੈ। ਪਿਆਰ, ਸਤਿਕਾਰ, ਪ੍ਰਸੰਸਾ, ਕਦਰ ਤੇ ਸਨਮਾਨ ਦੀ ਮੂਰਤ ਸਾਬਕਾ ਰਾਸ਼ਟਰਪਤੀ ਸਵ: ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਦਾ ਜਨਮ ਦਿਨ 5 ਸਤੰਬਰ ਨੂੰ ਸਮੁੱਚੇ ਭਾਰਤ ਵਿੱਚ ਅਧਿਆਪਕ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਵਿਦਿਆਰਥੀ ਆਪਣੇ ਅਧਿਆਪਕਾਂ ਦਾ ਸਹੀ ਮਾਰਗ-ਦਰਸ਼ਨ ਬਣਨ ਲਈ ਧੰਨਵਾਦ ਕਰਦੇ ਹਨ।

ਪਿਤਾ ਇੱਕ ਬ੍ਰਾਹਮਣ

ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਜੀ ਦਾ ਜਨਮ 5 ਸਤੰਬਰ 1888 ਅਤੇ ਦੱਖਣ ਭਾਰਤ ਦੇ ਛੋਟੇ ਜਿਹੇ ਕਸਬੇ ਤਿਰੂਤਾਣੀ ਵਿਖੇ ਹੋਇਆ ਸੀ, ਜੋ ਚੇਨਈ ਤੋਂ 64 ਕਿਲੋਮੀਟਰ ਉੱਤਰ-ਪੂਰਬ ਵਿੱਚ ਹੈ। ਇਨ੍ਹਾਂ ਦੇ ਪਿਤਾ ਇੱਕ ਗਰੀਬ ਬ੍ਰਾਹਮਣ ਸਨ ਅਤੇ ਤਿਰੂਤਾਣੀ ਕਸਬੇ ਦੇ ਜ਼ਿਮੀਂਦਾਰਾਂ ਕੋਲ ਸਧਾਰਨ ਕਰਮਚਾਰੀ ਦੇ ਤੌਰ ’ਤੇ ਕੰਮ ਕਰਦੇ ਸਨ। ਰਾਧਾਕਿ੍ਰਸ਼ਨਨ ਚਾਰ ਭਰਾਵਾਂ ਤੇ ਇੱਕ ਭੈਣ ਵਿੱਚੋਂ ਆਪਣੇ ਮਾਤਾ-ਪਿਤਾ ਦੀ ਦੂਜੀ ਸੰਤਾਨ ਸਨ। ਅੱਠ ਮੈਂਬਰੀ ਪਰਿਵਾਰ ਦੀ ਆਮਦਨ ਦੇ ਸਾਧਨ ਬਹੁਤ ਹੀ ਸੀਮਤ ਸਨ। ਘੱਟ ਆਮਦਨ ਵਿੱਚ ਵੀ ਰਾਧਾਕਿ੍ਰਸ਼ਨਨ ਜੀ ਨੇ ਇਹ ਸਿੱਧ ਕਰਕੇ ਦਿਖਾਇਆ ਕਿ ਤੁਹਾਡੇ ਅੰਦਰਲੇ ਹੁਨਰ ਨੂੰ ਜੇਕਰ ਤੁਸੀਂ ਚਾਹੋ ਤਾਂ ਕੋਈ ਰੋਕ ਨਹੀਂ ਸਕਦਾ। ਇਹ ਮਹਾਨ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਹੀ ਨਹੀਂ ਸਗੋਂ ਦੇਸ਼ ਦੇ ਸਰਵਉੱਚ ਰਾਸ਼ਟਰਪਤੀ ਦੇ ਅਹੁਦੇ ’ਤੇ ਵੀ ਬਿਰਾਜਮਾਨ ਹੋਏ।

ਸੰਨ 1902 ਵਿੱਚ ਰਾਧਾਕਿ੍ਰਸ਼ਨਨ ਜੀ ਨੇ ਬਹੁਤ ਚੰਗੇ ਅੰਕਾਂ ਨਾਲ ਮੈਟਿ੍ਰਕ ਪੱਧਰ ਦੀ ਪੜ੍ਹਾਈ ਪਾਸ ਕੀਤੀ। ਕਲਾ ਫੈਕਲਟੀ ਦੀ ਬੈਚੁਲਰ ਪੱਧਰ ਦੀ ਪ੍ਰੀਖਿਆ ਵਿੱਚ ਪਹਿਲੇ ਨੰਬਰ ’ਤੇ ਆਏ, ਫਿਲਾਸਫੀ ਵਿੱਚ ਗ੍ਰੈਜੂਏਸ਼ਨ ਕੀਤੀ ਤੇ ਮਦਰਾਸ ਰੈਜੀਡੈਂਸੀ ਕਾਲਜ ਵਿੱਚ ਫਲਾਸਫੀ ਦੇ ਸਹਾਇਕ ਪ੍ਰੋਫੈਸਰ ਨਿਯੁਕਤ ਹੋਏ। ਡਾ. ਰਾਧਾਕਿ੍ਰਸ਼ਨਨ ਜੀ ਨੇ 40 ਸਾਲ ਇੱਕ ਅਧਿਆਪਕ ਦੇ ਰੂਪ ਵਿੱਚ ਬਿਤਾਏ।

ਰਾਸ਼ਟਰਪਤੀ ਦਾ ਅਹੁਦਾ | Teachers day

ਇਨ੍ਹਾਂ ਦੀ ਯੋਗਤਾ ਤੇ ਲਗਨ ਦੇਖਦੇ ਹੋਏ ਸੰਵਿਧਾਨ ਨਿਰਮਾਣ ਸਭਾ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ, ਇਸ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਅਹੁਦੇ ’ਤੇ ਨਿਯੁਕਤੀ ਹੋਈ। ਸੰਨ 1962 ਵਿੱਚ ਸ੍ਰੀ ਰਾਜਿੰਦਰ ਪ੍ਰਸਾਦ ਜੀ ਦਾ ਕਾਰਜਕਾਲ ਸਮਾਪਤ ਹੋਣ ਤੋਂ ਬਾਅਦ ਡਾ. ਰਾਧਾਕਿ੍ਰਸ਼ਨਨ ਜੀ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਲਾਇਆ ਗਿਆ। ਸਿੱਖਿਆ ਦੇ ਨਾਲ-ਨਾਲ ਰਾਜਨੀਤੀ ਵਿੱਚ ਉਚੇਚਾ ਯੋਗਦਾਨ ਹੋਣ ਕਾਰਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਤਿਕਾਰ ਯੋਗ ਰਾਜਿੰਦਰ ਪ੍ਰਸਾਦ ਜੀ ਨੇ ਡਾ. ਸਰਵਪੱਲੀ ਰਾਧਾਕਿ੍ਰਸ਼ਨਨ ਜੀ ਨੂੰ ਭਾਰਤ ਰਤਨ ਨਾਲ ਨਿਵਾਜਿਆ। 17 ਅਪਰੈਲ 1975 ਨੂੰ ਡਾ. ਰਾਧਾਕਿ੍ਰਸ਼ਨਨ ਜੀ ਨੇ ਲੰਬੀ ਬਿਮਾਰੀ ਤੋਂ ਬਾਦ ਆਪਣੀ ਦੇਹ ਤਿਆਗੀ।

ਕਿਸੇ ਵੀ ਬੱਚੇ ਦੇ ਪਹਿਲੇ ਅਧਿਆਪਕ ਮਾਪੇ ਹੀ ਹੁੰਦੇ ਹਨ। ਉਹ ਜੋ ਵੀ ਸਿਖਾਉਣਗੇ, ਬੱਚਾ ਉਸੇ ਤਰ੍ਹਾਂ ਹੀ ਕਰੇਗਾ। ਫਿਰ ਉਸ ਤੋਂ ਬਾਅਦ ਸਕੂਲੀ ਅਧਿਆਪਕ ਦਾ ਯੋਗਦਾਨ ਸ਼ੁਰੂ ਹੁੰਦਾ ਹੈ ਜੋ ਬੱਚੇ ਦੀ ਬੁੱਧੀ ਦਾ ਅਧਿਐਨ ਕਰਨ ਤੋਂ ਬਾਅਦ ਉਸਨੂੰ ਆਪਣੇ ਗਿਆਨ ਦੀ ਭੱਠੀ ਵਿੱਚ ਢਾਲ਼ ਕੇ ਸਮਾਜਿਕ ਤੌਰ ’ਤੇ ਦੁਨੀਆਂ ਵਿੱਚ ਵਿਚਰਨ ਲਈ ਊਰਜਾ ਪ੍ਰਦਾਨ ਕਰਦਾ ਹੈ। ਸੱਚਾ ਅਧਿਆਪਕ ਜਦ ਪਰਉਪਕਾਰੀ ਤਰੀਕੇ ਨਾਲ ਸਿੱਖਿਆਰਥੀਆਂ ਨੂੰ ਦੇਸ਼ ਦੇ ਭਵਿੱਖ ਲਈ ਤਿਆਰ ਕਰਦਾ ਹੈ ਤਾਂ ਭਵਿੱਖ ਘਾੜਾ ਅਖਵਾਉਂਦਾ ਹੈ। ਜਿਸ ਨਾਲ ਉਸ ਵੱਲੋਂ ਦਿੱਤੀ ਹੌਂਸਲਾ ਅਫਜਾਈ ਤੇ ਚੰਗੀ ਸਿੱਖਿਆ ਨਾਲ ਵਿਦਿਆਰਥੀ ਇੱਕ ਆਦਰਸ਼ ਡਾਕਟਰ, ਇੰਜੀਨੀਅਰ ਜਾਂ ਪ੍ਰਸ਼ਾਸਨਿਕ ਅਧਿਕਾਰੀ ਬਣਦਾ ਹੈ।

ਪਹਿਲਾਂ ਪੁਰਾਣੇ ਸਮਿਆਂ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਸੀ। ਸਕੂਲ ਪਹੁੰਚਣ ਵੇਲੇ, ਛੁੱਟੀ ਵੇਲੇ ਬੱਚੇ ਅਧਿਆਪਕ ਦੇ ਪੈਰ ਛੂੰਹਦੇ ਸਨ। ਉਸ ਦਾ ਅਸਲ ਕਾਰਨ ਮਨ ਵਿੱਚ ਨਿਮਰਤਾ ਪੈਦਾ ਕਰਨਾ ਸੀ। ਸਕੂਲ ਟਾਈਮ ਤੋਂ ਬਾਅਦ ਜੇਕਰ ਕਿਧਰੇ ਅਧਿਆਪਕ ਮਿਲ ਜਾਂਦਾ ਤਾਂ ਤੁਰੰਤ ਝੁਕ ਕੇ ਉਹਦੇ ਪੈਰ ਛੂਹੇ ਜਾਂਦੇ ਸਨ।

ਵਿਦਿਆਰਥੀ ਦੇ ਅੰਦਰਲੇ ਟੈਲੇਂਟ

ਜ਼ਮਾਨਾ ਬਦਲ ਗਿਆ ਹੈ, ਸਿੱਖਿਆ ਦਾ ਵਪਾਰੀਕਰਨ ਹੋ ਗਿਆ ਹੈ। ਜਿਸ ਕਰਕੇ ਨੈਤਿਕਤਾ ਪਹਿਲਾਂ ਵਾਂਗ ਨਹੀਂ ਰਹੀ ਅਧਿਆਪਕ ਦਾ ਸਹੀ ਕੰਮ ਵਿਦਿਆਰਥੀ ਦੇ ਅੰਦਰਲੇ ਟੈਲੇਂਟ ਨੂੰ ਬਾਹਰ ਕੱਢ ਕੇ ਸਮਾਜ ਵਿਚ ਕਿਸ ਤਰ੍ਹਾਂ ਵਿਚਰਨਾ ਹੈ ਇਹ ਸਿਖਾਉਣਾ ਹੁੰਦਾ ਹੈ। ਇੱਕ ਚੰਗੇ ਅਧਿਆਪਕ ਨੂੰ ਆਪਣੇ ਵਿਦਿਆਰਥੀਆਂ ਅੰਦਰ ਵਿਸ਼ਿਆਂ ਸਬੰਧੀ ਦਿਲਚਸਪੀ ਪੈਦਾ ਕਰਨ ਦਾ ਗਿਆਨ ਹੋਣ ਦੇ ਨਾਲ-ਨਾਲ ਨੈਤਿਕਤਾ ਵੀ ਜ਼ਰੂਰੀ ਹੈ।

ਅਧਿਆਪਕ ਇੱਕ ਅਜਿਹਾ ਦੀਵਾ ਹੈ ਜੋ ਬਲਣ ਉਪਰੰਤ ਰੌਸ਼ਨੀ ਹੀ ਨਹੀਂ ਕਰਦਾ ਬਲਕਿ ਬਾਕੀ ਦੀਵਿਆਂ ਨੂੰ ਵੀ ਬਾਲ ਕੇ ਵਿਦਿਆਰਥੀਆਂ ਦੇ ਜੀਵਨ ਨੂੰ ਹਨ੍ਹੇਰੇ ਤੋਂ ਚਾਨਣ ਵੱਲ ਲੈ ਜਾਂਦਾ ਹੈ। ਅੱਜ ਦੇ ਨਵੇਂ ਜਮਾਨੇ ਦੇ ਅਧਿਆਪਕਾਂ ਦੇ ਮਨਾਂ ਵਿਚ ਇਹ ਧਾਰਨਾ ਘਰ ਕਰ ਚੁੱਕੀ ਹੈ ਕਿ ਵਿਦਿਆਰਥੀ ਸੌ ਫੀਸਦੀ ਅੰਕ ਹੀ ਹਾਸਲ ਕਰੇ। ਉਹ ਵਿਦਿਆਰਥੀਆਂ ਨੂੰ ਜੀਵਨ ਜਿਊਣ ਦੇ ਢੰਗ ਸਿਖਾਉਣ ਵਾਲੀਆਂ ਰਿਪੋਰਟਾਂ ਤਿਆਰ ਕਰਨ ਦੀ ਬਜਾਏ ਬੱਚਿਆਂ ਦੇ ਅੰਕਾਂ ਵਾਲੇ ਰਿਪੋਰਟ ਕਾਰਡਾਂ ਵਿੱਚ ਪ੍ਰਤੀਸ਼ਤਤਾ ਵਧਾਉਣ ਲਈ ਹੱਥਕੰਡੇ ਅਪਣਾਉਂਦੇ ਹਨ।

ਵਿੱਦਿਆ ਦੇ ਵਪਾਰੀਕਰਨ ਨੇ ਸਾਡੇ ਸਮਾਜ ਵਿਚ ਅਨੈਤਿਕਤਾ ਫੈਲਾਈ | Teachers day

ਚਾਹੀਦਾ ਤਾਂ ਇਹ ਸੀ ਕਿ ਪੁਰਾਣੇ ਟੀਚਰਾਂ ਜਾਂ ਗੁਰੂਆਂ ਦੀ ਵਾਂਗ ਪੜ੍ਹਾਈ ਦੇ ਨਾਲ-ਨਾਲ ਸਮਾਜਿਕ ਜ਼ਿੰਦਗੀ ਜਿਉਣ ਦੇ ਢੰਗ-ਤਰੀਕੇ ਸਿਖਾ ਕੇ ਬੱਚਿਆਂ ਅੰਦਰ ਇਨਸਾਨੀਅਤ ਦੇ ਗੁਣ ਪੈਦਾ ਕੀਤੇ ਜਾਣ, ਤੇ ਨੈਤਿਕਤਾ ਸਿਖਾ ਕੇ ਇੱਕ ਚੰਗਾ ਪੁਲਿਸ ਅਫਸਰ, ਚੰਗਾ ਪ੍ਰਸ਼ਾਸਨਿਕ ਅਧਿਕਾਰੀ, ਚੰਗਾ ਜੱਜ, ਵਕੀਲ ਤੇ ਇੱਕ ਚੰਗਾ ਅਧਿਆਪਕ ਕਿਸ ਤਰ੍ਹਾਂ ਬਣਾਉਣਾ ਹੈ, ਇਹ ਸਭ ਤਾਂ ਹੀ ਸੰਭਵ ਹੋਵੇਗਾ ਜੇਕਰ ਅੱਜ ਦਾ ਅਧਿਆਪਕ ਖੁਦ ਨੈਤਿਕਤਾ ਨਾਲ ਭਰਪੂਰ ਹੋਵੇਗਾ।

ਵਿੱਦਿਆ ਦੇ ਵਪਾਰੀਕਰਨ ਨੇ ਸਾਡੇ ਸਮਾਜ ਵਿਚ ਅਨੈਤਿਕਤਾ ਫੈਲਾਈ ਹੈ। ਜੇਕਰ ਕਿਸੇ ਜ਼ਜ਼ਬਾਤੀ ਬੱਚੇ ਦੀ ਅੰਕਾਂ ਦੀ ਪ੍ਰਸੈਂਟੇਜ ਘਟਦੀ ਹੈ ਤਾਂ ਉਹ ਖੁਦਕੁਸ਼ੀ ਕਰ ਲੈਂਦਾ ਹੈ। ਇਸ ਦਾ ਮੁੱਖ ਕਾਰਨ ਵਿਦਿਆਰਥੀਆਂ ’ਤੇ ਵੱਧ ਫੀਸਦੀ ਅੰਕ ਹਾਸਲ ਕਰਨ ਦਾ ਦਬਾਅ ਹੁੰਦਾ ਹੈ। ਇਹੀ ਦਬਾਅ ਜੇਕਰ ਚੰਗਾ ਇਨਸਾਨ ਬਣ ਕੇ ਦੁਨੀਆਦਾਰੀ ਵਿੱਚ ਵਿਚਰਨ ਲਈ ਪਾਇਆ ਹੋਵੇ ਤਾਂ ਇਸਦੇ ਨਤੀਜੇ ਸਾਰਥਕ ਨਿੱਕਲਣਗੇ। ਅਸਲ ਵਿੱਚ ਤਾਂ ਨੈਤਿਕ ਕਦਰਾਂ-ਕੀਮਤਾਂ ਹੀ ਤੈਅ ਕਰਦੀਆਂ ਹਨ ਕਿ ਬੱਚਾ ਵੱਡਾ ਹੋ ਕੇ ਕਿਹੋ-ਜਿਹਾ ਇਨਸਾਨ ਬਣੇਗਾ। ਜਿਵੇਂ ਕਿ ਡਾ. ਰਾਧਾਕਿ੍ਰਸ਼ਨਨ ਜੀ ਨੇ ਇਹ ਸਭ ਕਰਕੇ ਦਿਖਾਇਆ ਜਿਸ ਵਿੱਚ ਉਨ੍ਹਾਂ ਦੇ ਅਧਿਆਪਕਾਂ ਦਾ ਵੱਡਮੁੱਲਾ ਯੋਗਦਾਨ ਸੀ।

ਇਹ ਵੀ ਪੜ੍ਹੋ : ਵਿੰਨੀਪੈਗ ਵਿਖੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਕੀਤੀ ਸਫਾਈ

ਬਾਕੀ ਅੱਜ ਦੇ ਅਧਿਆਪਕਾਂ ਨੂੰ ਵੀ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਉਹ ਵੀ ਕਿਸੇ ਲਈ ਚਾਨਣ-ਮੁਨਾਰਾ ਬਣ ਸਕਣ। ਅੱਜ ਜੇਕਰ ਅਸੀਂ ਗੱਲ ਕਰਦੇ ਹਾਂ ਕਿ ਇਸ ਸਾਰੇ ਵਰਤਾਰੇ ਪ੍ਰਤੀ ਅਧਿਆਪਕ ਜਿੰਮੇਵਾਰ ਹੈ ਤਾਂ ਮੌਜੂਦਾ ਸਮਾਜਿਕ ਢਾਂਚੇ ਦੇ ਖਿੱਲਰੇ ਤਾਣੇ-ਬਾਣੇ ਲਈ ਬੱਚੇ ਤੇ ਉਨ੍ਹਾਂ ਦੇ ਮਾਪੇ ਵੀ ਜ਼ਿੰਮੇਵਾਰ ਹਨ। ਮਾਪਿਆਂ ਨੇ ਬੱਚਿਆਂ ਨੂੰ ਪੈਸੇ ਤੇ ਹੋਰ ਕਈ ਤਰ੍ਹਾਂ ਦੀਆਂ ਖੁੱਲ੍ਹਾਂ ਦੇ ਕੇ ਵਿਗਾੜਿਆ ਹੈ ਜਿਸ ਨਾਲ ਪਿਛਲੇ ਸਮੇਂ ਦੌਰਾਨ ਬੱਚਿਆਂ ਵੱਲੋਂ ਆਪਣੇ ਅਧਿਆਪਕਾਂ ਦੀ ਕੁੱਟ-ਮਾਰ ਕਰਕੇ ਬੇਇੱਜਤੀ ਕਰਨ ਕਰਕੇ ਵਿਦਿਆਰਥੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ।

ਇਹ ਵੀ ਪੜ੍ਹੋ : ਭੂਚਾਲ ਨਾਲ ਕੰਬਿਆ ਧਰਤੀ ਦਾ ਇਹ ਕੋਨਾ

ਸਰਕਾਰੀ ਸਕੂਲਾਂ ਦੀ ਤਰਸਯੋਗ ਹਾਲਤ ਪੈਦਾ ਕਰਨ ਵਿੱਚ ਵਿਦਿਆਰਥੀਆਂ ਦੇ ਇਸ ਵਿਹਾਰ ਦਾ ਵੱਡਾ ਯੋਗਦਾਨ ਹੈ, ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਜਿਸ ਕਾਰਨ ਅੱਜ ਵਿੱਦਿਆ ਦਾ ਵਪਾਰੀਕਰਨ ਹੋਣ ਕਰਕੇ ਮੁਫ਼ਤ ਦਿੱਤੀ ਜਾਣ ਵਾਲੀ ਸਿੱਖਿਆ ਲੱਖਾਂ ਵਿੱਚ ਮਿਲਦੀ ਹੈ। ਪੰਜੇ ਉਗਲਾਂ ਇੱਕੋ-ਜਿਹੀਆਂ ਨਹੀਂ ਹੁੰਦੀਆਂ ਦੇਸ਼ ਦੇ ਕਈ ਰਾਜਾਂ ਵਿੱਚ ਅੱਜ ਵੀ ਸਰਕਾਰਾਂ ਦੇ ਚੰਗੇ ਯੋਗਦਾਨ ਕਾਰਨ ਅਧਿਆਪਕ ਤੇ ਵਿਦਿਆਰਥੀ ਉੱਚੀਆਂ ਕਦਰਾਂ-ਕੀਮਤਾਂ ਵੱਲ ਵਧ ਰਹੇ ਹਨ ਤੇ ਜ਼ਿਆਦਾਤਰ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਰਾਜਾਂ ਦੇ ਹੀ ਸਿਲੈਕਟ ਹੋ ਕੇ ਦੇਸ਼ ਦੀ ਸੇਵਾ ਵਿੱਚ ਯੋਗਦਾਨ ਪਾ ਕੇ ਆਪਣੇ ਮਾਤਾ-ਪਿਤਾ ਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕਰ ਰਹੇ ਹਨ। ਅਧਿਆਪਕ ਵਿਦਿਆਰਥੀਆਂ ਨੂੰ ਚੰਗੇ ਰਾਹਾਂ ਦਾ ਪਾਂਧੀ ਬਣਾਉਂਦਾ ਹੈ। ਇਸ ਲਈ ਇੰਨੀ ਵੱਡੀ ਭੂਮਿਕਾ ਨਿਭਾਉਣ ਵਾਲਿਆਂ ਨੂੰ ਇੱਕ ਦਿਨ ਹੀ ਨਹੀਂ ਪੂਰੀ ਜ਼ਿੰਦਗੀ ਉਨ੍ਹਾਂ ਦਾ ਅਹਿਸਾਨ ਨਹੀਂ ਭੁੱਲਣਾ ਚਾਹੀਦਾ।

ਇੰਜ: ਜਗਜੀਤ ਸਿੰਘ ਕੰਡਾ
ਕੋਟਕਪੂਰਾ