ਬਟਵਾਰੇ ਸਮੇਂ ਪਾਕਿਸਤਾਨ ’ਚੋਂ ਉੱਜੜ ਕੇ ਚੜ੍ਹਦੇ ਪੰਜਾਬ ’ਚ ਆ ਕੇ ਵੱਸੇ ਨਰਿੰਦਰ ਸਿੰਘ ਘੂਰਾ ਦੀ ਇੱਕ ਸੱਚੀ ਦਾਸਤਾਨ…!
ਪਿੰਡ ’ਚ ਕੋਈ 75 ਤੋਂ 80 ਸਿੱਖ ਪਰਿਵਾਰ, 25 ਤੋਂ 30 ਪਰਿਵਾਰ ਹਿੰਦੂ ਧਰਮ ਨਾਲ ਸਬੰਧਤ ਤੇ 35 ਤੋਂ 40 ਪਰਿਵਾਰ ਮੁਸਲਿਮ ਭਾਈਚਾਰੇ ਦੇ ਸਨ। ਫਜਲ ਖਾਨ, ਫਤਹਿ ਦੀਨ (ਤਰਖਾਣ), ਜਮਾਲਦੀਨ ਤੇਲੀ, ਨਾਦਰ ਅਤੇ ਫਜ਼ਲ ਹਸਨ ਕਾਸਬੀ, ਮੰਗੂ ਘੁਮਾਰ (ਮਿੱਟੀ ਦੇ ਭਾਂਡਿਆਂ ਵਾਲਾ) ਤੇ ਫਜਲਦੀਨ ਦਰਜੀ ਇਹ ਪਿੰਡ ਦੇ ਸੱਜਣ ਸਨ। ਪਿੰਡ ਦੀ ਬਹੁਤੀ ਸਿੱਖ ਵਸੋਂ ਦੁਕਾਨਦਾਰ, ਆੜ੍ਹਤੀਏ ਜਾਂ ਵਪਾਰ ਨਾਲ ਹੀ ਸਬੰਧਿਤ ਸੀ। ਸਾਗਰੀ ਦੇ ਲੰਬੜਦਾਰ ਅਬਦੁਲ ਗਨੀ, ਮੁਹੰਮਦ ਅਫਸਰ ਤੇ ਲੰਬੜਦਾਰਨੀ ਸਰਵਰ ਜਾਨ ਸਨ। ਸਾਡੀ ਦੁਕਾਨ ਦੇ ਇੱਕ ਪਾਸੇ ਡਾ. ਦੀਨਾਨਾਥ ਤੇ ਦੂਜੇ ਪਾਸੇ ਸ. ਇੰਦਰ ਸਿੰਘ ਤੇ ਨਾਲ ਹੀ ਉਹਨਾਂ ਦਾ ਲੜਕਾ ਆਪਾਰ ਸਿੰਘ ਮਨਿਆਰੀ ਦਾ ਕੰਮ ਕਰਦੇ ਹੁੰਦੇ, ਤਿੰਨ ਕੁ ਦੁਕਾਨਾਂ ਅੱਗੇ ਮੇਨ ਬਜ਼ਾਰ ਦੇ ਚੌਂਕ ਵਿੱਚ ਸਰਦਾਰ ਸਾਹਿਬ ਸਰਦਾਰ ਜਵਾਹਰ ਸਿੰਘ ਹੋਰਾਂ ਦੀ ਕੱਪੜੇ ਦੀ ਵੱਡੀ ਦੁਕਾਨ ਸੀ। ਪਿੰਡ ਦੇ ਦੁਕਾਨਦਾਰਾਂ ਦਾ ਵਸਤਾਂ ਦੀ ਖਰੀਦੋ-ਫਰੋਖਤ ਲਈ ਰਾਵਲਪਿੰਡੀ ਅਕਸਰ ਆਉਣਾ-ਜਾਣਾ ਲੱਗਿਆ ਰਹਿੰਦਾ।
ਮਾਰਚ 1947 ’ਚ ਪਿੰਡ ਦੇ ਕੁਝ ਕਾਰੋਬਾਰੀ ਖਰੀਦਦਾਰੀ ਕਰਨ ਲਈ ਰਾਵਲਪਿੰਡੀ ਗਏ ਹੋਏ ਸੀ ਤਾਂ ਪਤਾ ਚੱਲਿਆ ਕਿ ਲਾਹੌਰ ’ਚ ਹਿੰਦੂ ਅਤੇ ਸਿੱਖ ਵਿਦਿਆਰਥੀਆਂ ਨੇ ਰਲ਼ ਕੇ ਇੱਕ ਜਲੂਸ ਕੱਢਿਆ ਸੀ ਜਿਸ ’ਤੇ ਮੁਸਲਿਮ ਭਾਈਚਾਰੇ ਵੱਲੋਂ ਹਮਲਾ ਕੀਤਾ ਗਿਆ, ਇਸ ਅੱਗ ਦਾ ਸੇਕਾ ਹਰ ਪਾਸੇ ਹੀ ਲੱਗਦਾ ਗਿਆ ਤੇ ਇਹ ਸੇਕ ਸਾਡੇ ਰਾਵਲਪਿੰਡੀ ਤੱਕ ਵੀ ਪਹੁੰਚ ਗਿਆ, ਕਾਰੋਬਾਰੀਆਂ ਨੇ ਵਾਪਸ ਸਾਗਰੀ ਆ ਕੇ ਜਦੋਂ ਸਾਰੀ ਗਾਥਾ ਦੱਸੀ। ਲੋਕਾਂ ਨੇ ਕੋਠਿਆਂ ’ਤੇ ਇੱਟਾਂ, ਪੱਥਰ, ਮਿਰਚ ਪਾਊਡਰ, ਤਲਵਾਰਾਂ ਆਦਿ ਇਕੱਠੇ ਕੀਤੇ, ਮੋਰਚਾਬੰਦੀ ਦੀ ਵਿਉਂਤ ਬਣਾਈ ਗਈ, ਰਾਤੀਂ ਹਰ ਗਲੀ ’ਚ ਪਹਿਰਾ ਦਿੱਤਾ, ਸਿੱਖਾਂ ਵੱਲੋਂ ਸੌਖੀ ਪਹੁੰਚ ਲਈ ਕੋਠਿਆਂ ਨੂੰ ਲੱਕੜ ਦੇ ਫਟਿਆਂ ਨਾਲ ਜੋੜਿਆ ਗਿਆ। ਪਿੰਡ ਦੇ ਕੁਝ ਸਿਆਣੇ ਬੰਦਿਆਂ ਨੂੰ ਪਹਿਲਾਂ ਭਿਣਕ ਪੈ ਗਈ ਸੀ ਹਮਲੇ ਦੀ।
ਇੱਕ ਦਿਨ ਮੈਨੂੰ ਕੁਝ ਆਵਾਜ਼ਾਂ ਦੁਪਹਿਰ ਵੇਲੇ ਸੁਣੀਆਂ, ਮੈਂ ਭੱਜ ਕੇ ਕੋਠੇ ’ਤੇ ਗਿਆ, ਵੇਖਿਆ ਦੂਰ ਫਸਾਦੀਆਂ ਦੇ ਟੋਲੇ ਸਾਡੇ ਪਿੰਡ ਵੱਲ ਹਮਲਾ ਕਰਨ ਲਈ ਆ ਰਹੇ ਹਨ, ਤਾਂ ਦੌੜਦਾ ਹੀ ਥੱਲੇ ਆਇਆ ਤੇ ਦਾਦਾ ਜੀ ਨੂੰ ਦੱਸਿਆ ਜੋ ਖਾਣਾ ਖਾ ਰਹੇ ਸਨ, ਉਨ੍ਹਾਂ ਨੇ ਥਾਲੀ ਪਾਸੇ ਰੱਖ ਦਿੱਤੀ ਤੇ ਹੱਥ ਫੜ੍ਹ ਕੇ ਗੁਰਦੁੁਆਰਾ ਸਾਹਿਬ ਵੱਲ ਚੱਲ ਪਿਆ ਅਤੇ ਸਾਰਿਆਂ ਨੂੰ ਦੱਸਦਾ ਗਿਆ।
ਪਿੰਡ ਦਾ ਇੱਕ ਮੁਸਲਿਮ ਕੈਪਟਨ, ਜੋ ਫੌਜ ’ਚੋਂ ਛੁੱਟੀ ਆਇਆ ਹੋਇਆ ਸੀ, ਮਸਜਿਦ ਦੇ ਕਰੀਬ ਪੈਂਦੇ ਵੱਡੇ ਦਰੱਖਤ ’ਤੇ ਚੜ੍ਹ ਕੇ ਗੋਲੀਆਂ ਚਲਾ ਰਿਹਾ ਸੀ, ਜਵਾਬੀ ਕਾਰਵਾਈ ’ਚ ਸਾਹਮਣਾ ਕਰਦੇ ਹੋਏ ਖਾਲਸਾ ਸਕੂਲ ਦੇ ਮਾਸਟਰ, ਜਿਨ੍ਹਾਂ ਕੋਲ ਬੰਦੂਕ ਸੀ ਡਟੇ ਰਹੇ, ਜਿਸ ਕਾਰਨ ਮਾਸਟਰ ਜੀ ਨੂੰ ਕਾਫੀ ਗੋਲੀਆਂ ਲੱਗੀਆਂ ਸਨ। ਇੱਕ ਦਸਵੀਂ ਜਮਾਤ ਦਾ ਲੜਕਾ ਗੋਲੀਆਂ ਲੱਗਣ ਕਰਕੇ ਸ਼ਹੀਦੀ ਪ੍ਰਾਪਤ ਕਰ ਗਿਆ। ਪਿੰਡ ਦੇ ਸਾਰੇ ਹਿੰਦੂ ਤੇ ਸਿੱਖ ਬੰਦੇ ਆਪਣੇ ਪਰਿਵਾਰਾਂ ਸਮੇਤ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ, ਬਚਾਅ ਲਈ ਪੱਥਰ, ਰੋੜੇ, ਕੱਚ ਦੇ ਟੁਕੜੇ, ਮਿਰਚ ਪਾਊਡਰ ਤੇ ਵਡੇ ਕੜਾਹੇ ਉੱਬਲੇ ਤੇਲ ਦੇ ਤਿਆਰ ਰੱਖੇ। ਫਸਾਦੀਏ ਘਰ ਲੁੱਟ ਕੇ ਅੱਗ ਲਾ ਦਿੰਦੇ ਸੀ।
ਪਿਤਾ ਜੀ ਦੇ ਕੁਝ ਮੁਸਲਿਮ ਮਿੱਤਰਤਾ ਵਾਲੇ ਸੱਜਣ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਆ ਕੇ ਆਖਦੇ, ‘ਸਰਦਾਰ ਜੀ! ਹਾਲਾਤ ਬਹੁਤ ਹੀ ਖਰਾਬ ਹੋ ਰਹੇ ਹਨ, ਤੁਸੀਂ ਜੋ ਘਰ ਦਾ ਸਾਮਾਨ ਸਾਨੂੰ ਦੇ ਦਉਗੇ ਉਹੀਓ ਸਾਮਾਨ ਬਚੇਗਾ।’ ਇਸ ਮਗਰੋਂ ਪਿਤਾ ਜੀ ਘਰੇ ਜਾ ਕੇ ਉਹਨਾਂ ਨੂੰ ਸਾਮਾਨ ਦੇ ਆਏ। ਇਸ ਦੌਰਾਨ ਮੈਨੂੰ ਕੁਝ ਯਾਦ ਆਇਆ, ਮੈਂ ਉੱਥੋਂ ਮੌਕਾ ਪਾ ਕੇ ਮੈਂ ਭੱਜਦਾ ਹੋਇਆ ਆਪਣੇ ਘਰ ਗਿਆ ਤੇ ਕੋਲਿਆਂ ਦੀ ਬੋਰੀ ਦੇ ਪਿੱਛੋਂ ਮੇਰੀ ਇੱਕ ਗੋਲਕ (ਬੁਗਨੀ), ਜੋ ਮੈਂ ਛੁਪਾ ਕੇ ਰੱਖੀ ਹੋਈ ਸੀ, ਲਿਆ ਕੇ ਪਿਤਾ ਜੀ ਨੂੰ ਫੜਾ ਦਿੱਤੀ, ਜਿਸ ਵਿੱਚੋਂ ਉਸ ਸਮੇਂ 19 ਰੁਪਏ ਨਿੱਕਲੇ।
ਮੋਰਚੇ ਦੀ ਅਗਵਾਈ ਕਰਨ ਵਾਲੇ ਸਰਦਾਰਾਂ ਨੇ ਜਦੋਂ ਕਿਹਾ, ‘ਆਪਣਿਆਂ ਨੂੰ ਮਿਲ ਲਵੋ! ਤੇ ਬੱਸ ਸ਼ਹੀਦੀਆਂ ਦੇਣ ਲਈ ਤਿਆਰ ਹੋ ਜਾਵੋ!’ ਤਾਂ ਮੇਰੇ ਪੈਰਾਂ ਹੇਠੋਂ ਜਮੀਨ ਖਿਸਕ ਗਈ! ਇਹ ਸਾਰਾ ਭਿਆਨਕ, ਡਰਾਉਣਾ, ਮਾੜਾ ਸਮਾਂ ਮੈਂ ਆਪਣੀ ਅੱਖੀਂ ਡਿੱਠਾ। ਰਾਤ ਅੱਧੀ ਕੁ ਹੋਈ ਹੋਣੀ, ਕਿਸੇ ਨੇ ਗੁਰਦੁਆਰਾ ਸਾਹਿਬ ਦਾ ਮੇਨ ਦਰਵਾਜਾ ਖੜਕਾਇਆ, ਜੋ ਟਾਈਟ ਕਰਕੇ ਬੰਦ ਕੀਤਾ ਸੀ, ਉੱਪਰੋਂ ਵੇਖਿਆ ਗਿਆ ਕੁੱਝ ਗੋਰੇ ਅਫਸਰ ਫੌਜੀਆਂ ਨਾਲ ਖੜ੍ਹੇ ਸੀ ਪਤਵੰਤੇ ਅੱਗੇ ਹੋਏ, ਉਨ੍ਹਾਂ ਕੋਲ਼ ਗਏ, ਗੋਰੇ ਫੌਜੀ ਆਖਦੇ, ‘ਦੱਸੋ! ਅਸੀਂ ਤੁਹਾਡੀ ਕੀ ਮੱਦਦ ਕਰ ਸਕਦੇ ਹਾਂ?’ ਪਤਵੰਤੇ ਸੱਜਣਾਂ ਨੇ ਆਖਿਆ ਕਿ ਕਿਸੇ ਤਰ੍ਹਾਂ ਸਾਡੀ ਹਿਫਾਜ਼ਤ ਕਰੋ!
ਤਾਂ ਇੱਕ ਗੋਰਾ ਫੌਜੀ ਆਖਣ ਲੱਗਾ, ‘ਅਸੀਂ ਇੱਥੇ ਕੁਝ ਨਹੀਂ ਕਰ ਸਕਦੇ, ਅਸੀਂ ਤੁਹਾਨੂੰ ਆਪਣੇ ਨਾਲ ਲੈ ਕੇ ਜਾ ਸਕਦੇ ਹਾਂ। ਫਿਰ ਵਾਇਰਲੈਸ ਕਰਕੇ ਫੌਜੀ ਟਰੱਕ ਮੰਗਵਾ ਲਏ ਸਾਨੂੰ ਸਾਰਿਆਂ ਨੂੰ ਬਾ-ਹਿਫਾਜ਼ਤ ਕੱਢ ਕੇ ਲੁਬਾਣੀ ਦੇ ਬੰਗਲੇ ਪਹੁੰਚਾਇਆ ਤੇ ਸਾਡੇ ਲਈ ਖਾਣ-ਪੀਣ ਦਾ ਇੰਤਜ਼ਾਮ ਕੀਤਾ ਗਿਆ । ਅਗਲੇ ਦਿਨ ਸਭਨਾਂ ਨੂੰ ਰਾਵਲਪਿੰਡੀ ’ਚ ਚਲਦੇ ਆਰਜੀ ਰਫਿਊਜ਼ੀਆਂ ਦੇ ਕੈਂਪ ’ਚ ਭੇਜ ਦਿੱਤਾ ਗਿਆ। ਕੁਝ ਦਿਨ ਟੈਂਟਾਂ ਵਿੱਚ ਸਾਨੂੰ ਰੱਖਿਆ ਗਿਆ, ਇਸ ਤੋਂ ਬਾਅਦ ਸਭਨਾਂ ਨੂੰ ਪੰਜਾ ਸਾਹਿਬ ਦੇ ਨਜਦੀਕ ‘ਵਾਹ’ ਕੈਂਪ ਭੇਜਿਆ ਗਿਆ ਫੌਜੀ ਟਰੱਕਾਂ ਰਾਹੀਂ। ਇਹ ਸਾਰਾ ਖੌਫ ਭਰਿਆ ਮੰਜਰ… ਹਰ ਤਰਫੋਂ ਮੌਤ ਨੂੰ ਨੇੜਿਓਂ ਦੇਖਿਆ।
ਇੱਥੇ ਕੈਂਪ ਵਿੱਚ ਹੀ ਮੇਰੇ ਵੱਡੇ ਵੀਰ ਉਜਾਗਰ ਸਿੰਘ, ਜੋ ਦਸਵੀਂ ਦਾ ਪੱਕਾ ਇਮਤਿਹਾਨ ਦੇਣ ਲਈ ਗੁੱਜਰਖਾਨ ਗਏ ਸੀ, ਲੱਭਦੇ-ਲਭਾਉਂਦੇ ਕੈਂਪ ਵਿੱਚ ਮਿਲ ਪਏ। ਮੇਰੇ ਚਾਚਾ ਜੀ ਸ. ਦੇਵਾ ਸਿੰਘ, ਜੋ ਰੇਲਵੇ ਦੇ ਬਿਜਲੀ ਵਿਭਾਗ ’ਚ ਸਰਕਾਰੀ ਨੌਕਰੀ ਕਰਦੇ ਹੁੰਦੇ ਸਨ ਤੇ ਪਹਿਲਾਂ ਤੋਂ ਹੀ ਲੁਧਿਆਣੇ ਸਮੇਤ ਪਰਿਵਾਰ ਰਹਿੰਦੇ ਸਨ। ਸਾਨੂੰ ਲੱਭਦੇ-ਲੱਭਦੇ ਉਹ ਵੀ ਆਣ ਮਿਲੇ, ਸਾਨੂੰ ਆਪਣੇ ਨਾਲ ਚੱਲਣ ਵਾਸਤੇ ਕਹਿਣ ਲੱਗੇ, ਪਰ ਪਿਤਾ ਜੀ ਨਹੀਂ ਮੰਨੇ, ਸ਼ਾਇਦ ਉਨ੍ਹਾਂ ਸੋਚਿਆ ਹੋਣਾ ਕਿ ਉਸ ਸਮੇਂ ਦੇ ਹਲਾਤਾਂ ਨੂੰ ਵੇਖ ਕੇ ਆਪਣੇ ਸੰਗੀ-ਸਾਥੀਆਂ ਤੋਂ ਅੱਡ ਹੋਣ ਲਈ
ਉਨ੍ਹਾਂ ਦਾ ਜ਼ਮੀਰ ਇਜਾਜ਼ਤ ਨਹੀਂ ਦਿੰਦਾ ਸੀ, ਪਰ ਫੈਲ ਰਹੇ ਦੰਗੇ-ਫਸਾਦ ਤੋਂ ਬਚਣ ਲਈ ਤੇ ਧੀਆਂ ਦੀ ਸੁਰੱਖਿਆ ਵੇਖਦਿਆਂ ਮੈਨੂੰ ਤੇ ਦੋਵਾਂ ਭੈਣਾਂ ਨੂੰ, ਸਵਰਗਵਾਸੀ ਤਾਇਆ ਜੀ (ਸ. ਹਰਨਾਮ ਸਿੰਘ) ਦੇ ਬੇਟੇ ਉੱਤਮ ਸਿੰਘ ਤੇ ਤਾਈ ਜੀ ਨੂੰ ਚਾਚਾ ਸ. ਦੇਵਾ ਸਿੰਘ ਨਾਲ ਲੁਧਿਆਣੇ ਭੇਜ ਦਿੱਤਾ, ਤੇ ਖੁਦ ਸੰਗੀ-ਸਾਥੀਆਂ ਨਾਲ ਉਹ ਕੈਂਪ ’ਚ ਹੀ ਰਹੇ, ਇਸ ਉਮੀਦ ਨਾਲ ਕਿ ਹਾਲਾਤ ਠੀਕ ਹੋਣ ’ਤੇ ਪਰਿਵਾਰ ਨੂੰ ਵਾਪਸ ਬੁਲਾ ਲਵਾਂਗਾ ਤੇ ਵਾਪਸ ਸਾਗਰੀ ਚੱਲੇ ਜਾਵਾਂਗੇ, ਪਰ ਉਹ ਦਿਨ ਆਏ ਹੀ ਨਾ, ਮੁਕੱਦਰ ਤਾਂ ਖੇਡ ਹੋਰ ਹੀ ਕੁਝ ਸੋਚ ਕੇ ਬੈਠਾ ਸੀ। ਕਾਫੀ ਦਿਨਾਂ ਮਗਰੋਂ ਮੇਰੇ ਪਿਤਾ ਜੀ ਲੁਧਿਆਣੇ ਪਰਿਵਾਰ ਨਾਲ ਇਕੱਠੇ ਹੋਏ।
ਆਖਰ ਮੁੜ ਤੋਂ ਵਸੇਬੇ ਲਈ ਤਲਾਸ਼ ਸੁਰੂ ਕੀਤੀ ਗਈ, ਕਈ ਥਾਵਾਂ ਤਲਾਸ਼ਣ ਤੋਂ ਬਾਅਦ ਫਗਵਾੜਾ ਵੱਸਣ ਦਾ ਫੈਸਲਾ ਕੀਤਾ ਗਿਆ, ਤੇ ਫਗਵਾੜੇ ਆ ਕੇ ਮੁੜ-ਵਸੇਬੇ ਲਈ ਜੱਦੋ-ਜਹਿਦ ਚੱਲ ਪਈ। ਫਿਰ ਅਗਸਤ 1947 ’ਚ ਪਿੰਡ ਸਾਗਰੀ ਦੇ ਅਹਿਮਦ ਮੁਹੰਮਦ, ਜੋ ਮੇਰੇ ਮਾਤਾ ਜੀ ਦੇ ਧਰਮੀ ਭਰਾ ਬਣੇ ਸੀ, ਉਹ ਸਾਡੇ ਕੋਲ ਫਗਵਾੜੇ ਆਏ ਤੇ ਸਾਡੇ ਦੋ-ਤਿੰਨ ਲੋਹੇ ਦੇ ਟਰੰਕ ਲੈ ਕੇ ਆਏ, ਕੁੱਝ ਕੁ ਦਿਨ ਸਾਡੇ ਕੋਲ ਰਹੇ। ਸਾਡੇ ਆਂਢ-ਗੁਆਂਢ ਜਿਨ੍ਹਾਂ ਦੇ ਰਿਸ਼ਤੇਦਾਰ ਉੱਧਰ ਮਾਰੇ ਗਏ, ਉਹ ਇਕੱਠੇ ਹੋ ਕੇ ਅਹਿਮਦ ਮੁਹੰਮਦ ਨੂੰ ਮਾਰਨ ਲਈ ਮੌਕਾ ਭਾਲਣ ਲੱਗੇ, ਪਰ ਪਿਤਾ ਜੀ ਨੇ ਸਖਤ ਲਹਿਜੇ ਵਿੱਚ ਵੰਗਾਰਿਆ ਕਿਹਾ, ‘ਅਹਿਮਦ ਨੂੰ ਮਾਰਨ ਤੋਂ ਪਹਿਲਾਂ ਤੁਸੀਂ, ਮੈਨੂੰ ਮਾਰੋ!’ ਫਿਰ ਪਿਤਾ ਜੀ ਉਹਨਾਂ ਨੂੰ ਬਾ-ਹਿਫਾਜ਼ਤ ਸਰਹੱਦ ਪਾਰ ਕਰਾ ਆਏ ਸਨ। ਜਾਂਦੇ ਵਕਤ ਅਹਿਮਦ ਮੁਹੰਮਦ ਪਿਤਾ ਜੀ ਨੂੰ 5 ਰੁਪਏ ਸ਼ਗਨ ਰੂਪ ਵਿੱਚ ਅਸ਼ੀਰਵਾਦ ਦੇ ਗਏ ਸਨ।
ਇਹ ਸਾਰਾ ਖੌਫਨਾਕ ਦਰਦਾਂ ਭਰਿਆ ਸਫਰ, ਪਾਏ ਹੋਏ ਤਿੰਨ ਕੱਪੜਿਆਂ ’ਚ ਤੈਅ ਕੀਤਾ ਤੇ ਖਾਲੀ ਹੱਥ ਲੁਧਿਆਣੇ ਪਹੁੰਚੇ। ਸਾਡੀ ਬਹੁਤ ਸਾਰੀ ਜਮੀਨ-ਜਾਇਦਾਦ ਸਾਗਰੀ ’ਚ ਸੀ, ਦੋ ਮਕਾਨ, ਇੱਕ ਦੁਕਾਨ ਤੇ ਖੇਤੀਬਾੜੀ ਦੀ ਲਗਭਗ 57 ਕਨਾਲ ਜਮੀਨ ਸੀ ਜਿਸ ਦੇ ਬਦਲੇ ਭਾਰਤ ਸਰਕਾਰ ਵੱਲੋਂ ਜਮੀਨ ਦੀ ਅਲਾਟਮੈਂਟ ਮਿਲੀ ਸੀ।
ਉਸ ਵਕਤ ਰੋਜ਼ੀ-ਰੋਟੀ ਤੇ ਘਰੇਲੂ ਜਿੰਮੇਵਾਰੀਆਂ ਸਨ ਇਸ ਕਰਕੇ ਅਲਾਟਮੈਂਟ ਮਿਲੀ ਜਮੀਨ ਵੱਲ ਧਿਆਨ ਹੀ ਨਹੀਂ ਗਿਆ। ਭਾਰਤ ਸਰਕਾਰ ਵੱਲੋਂ ਜਮੀਨ ਦਾ ਸਾਰਾ ਰਿਕਾਰਡ ਭਾਰਤ/ਪਾਕਿਸਤਾਨ ਦਾ ਅਜੇ ਤੱਕ ਸੰਭਾਲ ਕੇ ਜਲੰਧਰ ਅਤੇ ਚੰਡੀਗੜ੍ਹ ਰੱਖਿਆ ਹੋਇਆ ਹੈ। ਹੁਣ ਮੇਰੇ ਪੁੱਤਰਾਂ ਨੇ 72 ਸਾਲਾਂ ਬਾਅਦ ਪੰਜਾਬ ਤੇ ਹਰਿਆਣੇ ਦਾ ਮਾਲ ਰਿਕਾਰਡ ਜਾ ਕੇ ਖੰਗਾਲਿਆ ਤੇ ਸਾਡੀ ਜਮੀਨ ਹਰਿਆਣਾ ਦੇ ਨਾਰਾਇਣਗੜ੍ਹ ਤੇ ਮੌਲਾਨਾ ਇਲਾਕੇ ਵਿੱਚ ਅਲਾਟਮੈਂਟ ਹੋਈ ਮਿਲੀ ਹੈ, ਜਿਸ ਦਾ ਹੁਣ ਕਬਜ਼ਾ ਲੈਣ ਲਈ ਕੋਸ਼ਿਸ਼ ਚੱਲ ਰਹੀ ਹੈ।
ਇਸ ਦੌਰਾਨ ਮੇਰੇ ਵੱਡੇ ਵੀਰ ਉਜਾਗਰ ਸਿੰਘ ਨੂੰ ਸਮੁੰਦਰੀ ਜਹਾਜ਼ਾਂ ਲਈ ਬੰਦਰਗਾਹਾਂ ’ਤੇ ਲੱਗੇ ਸਿਗਨਲ ਟਾਵਰਾਂ ਦੇ ਮਹਿਕਮੇ ’ਚ ਸਰਕਾਰੀ ਨੌਕਰੀ ਮਿਲ ਗਈ। ਮੇਰੀ ਪੜ੍ਹਾਈ ਖਤਮ ਹੁੰਦੇ ਹੀ ਮੈਨੂੰ ਵੀ ਉਸ ਮਹਿਕਮੇ ਵਿੱਚ ਸਰਕਾਰੀ ਨੌਕਰੀ ’ਤੇ ਲਵਾ ਦਿੱਤਾ। ਅਪ੍ਰੈਲ 1994 ਵਿੱਚ ਮੈਂ ਸੇਵਾ ਮੁਕਤ (ਰਿਟਾਇਰ) ਹੋਇਆ। ਇਸ ਵਕਤ ਮੈਂ ਆਪਣੇ ਦੋਵਾਂ ਪੁੱਤਰਾਂ ਕਵਲਜੀਤ ਸਿੰਘ ਤੇ ਅਮਰਜੀਤ ਸਿੰਘ ਨਾਲ ਫਗਵਾੜੇ ਹੀ ਰਹਿ ਰਿਹਾ ਹਾਂ, ਤੇ ਆਪਣੀ ਬਾਲ ਫੁਲਵਾੜੀ ’ਚ ਜੀਵਨ ਦੇ ਸਵੇਰ-ਸ਼ਾਮ ਖੁਸ਼ੀ ਨਾਲ ਹੰਢਾ ਰਿਹਾ ਹਾਂ।
ਆਪਣੇ ਪਾਕਿਸਤਾਨੀ ਪਿੰਡ ‘ਸਾਗਰੀ’ ਦਾ ਨਾਅ ਦਿਲੋ-ਦਿਮਾਗ਼ ਵਿੱਚ ਐਸਾ ਵੱਸਿਆ ਕਿ ਪੁੱਤਰਾਂ ਨੂੰ ‘ਸਾਗਰੀ’ ਨਾਂਅ ’ਤੇ ਹੀ ਕੱਪੜੇ ਦੀ ਦੁਕਾਨ ਖੋਲ੍ਹ ਕੇ ਦਿੱਤੀ ਹੈ। ਜੋ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਵਾਹਵਾ ਚੱਲਦੀ ਹੈ। ਜੋ ਮੈਂ ਆਪਣੇ ਦਿਲ ਦੀ ਸੋਝ ਗਾਥਾ ਦੀ ਸਾਂਝ ਤੁਹਾਡੇ ਸਭ ਨਾਲ ਪਾਈ, ਉਸ ਨੂੰ ਥੋੜ੍ਹੇ ਸ਼ਬਦਾਂ ’ਚ ਬਿਆਨ ਕਰਨਾ ਨਾਮੁਮਕਿਨ ਹੈ, ਫੇਰ ਵੀ ਇੱਕ ਕੋਸ਼ਿਸ਼ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।