ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਢਾਈ ਘੰਟੇ ਪਾਇਆ ਮਸਾਂ ਕਾਬੂ
- ਜਾਨੀ ਨੁਕਸਾਨ ਤੋਂ ਬਚਾਅ ਕਰੀਬ ਦੋ ਕਰੋਡ਼ ਰੁਪਏ ਦਾ ਮਾਲੀ ਨੁਕਸਾਨ
ਮੁਹਾਲੀ (ਐੱਮ ਕੇ ਸ਼ਾਇਨਾ)। ਇੱਥੋਂ ਦੇ ਸੈਕਟਰ 88 ਸਥਿਤ ਇਕ ਬਿਲਡਰ ਦੇ ਸਾਈਟ ਆਫਿਸ ਨੂੰ ਅੱਜ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਸ਼ਹਿਰ ਦੇ ਨਾਮੀ ਬਿਲਡਰ ਜੋਏ ਐਰਾ ਦੇ ਪ੍ਰੋਜੈਕਟ ਮੇਨੈਜਰ ਦਮਨਵੀਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਮੁਹਾਲੀ ਫਾਇਰ ਬ੍ਰਿਗੇਡ ਦੀਆਂ ਤਿੰਨ ਅੱਗ ਬੁਝਾਊ ਗੱਡੀਆਂ ਦੀ ਮੱਦਦ ਨਾਲ ਕਰੀਬ ਢਾਈ ਘੰਟੇ ਦੀ ਭਾਰੀ ਮੁਸ਼ੱਕਤ ਨਾਲ ਇਸ ’ਤੇ ਮਸਾਂ ਕਾਬੂ ਪਾਇਆ ਜਾ ਸਕਿਆ। (Mohali News)
ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਕਰੀਬ ਦੋ ਕਰੋਡ਼ ਰੁਪੈ ਲਾਗਤ ਨਾਲ ਤਿਆਰ ਹੋਇਆ ਆਲੀਸ਼ਾਨ ਦਫਤਰ ਅਤੇ ਅੰਦਰ ਲੱਗਾ ਸਮਾਨ ਸੜਕੇ ਸੁਆਹ ਹੋ ਗਿਆ। ਸ਼ਾਰਟ ਸਰਕਟ ਕਾਰਨ ਲੱਗੀ ਮੰਨੀ ਇਸ ਅੱਗ ਦੀਆਂ ਲਪਟਾਂ ਕਈ ਕਈ ਕਿਲੋਮੀਟਰ ਤੋਂ ਨਜ਼ਰ ਆਈਆਂ। ਅੱਗ ਲੱਗਣ ਵੇਲੇ ਸਵੇਰੇ ਕਰੀਬ ਪੌਣੇ ਸੱਤ ਵਜੇ ਸੁਰੱਖਿਆ ਗਾਰਡ ਮੌਜੂਦ ਸਨ ਜਿਹਨਾਂ ਜੈਨਰੇਟਰ ਸਟਾਰਟ ਕੀਤਾ ਹੀ ਸੀ ਕਿ ਅਚਾਨਕ ਦਫਤਰ ਅੰਦਰੋਂ ਧੂੰਆਂ ਆਉਣ ਲੱਗਾ। ਪਹਿਲਾਂ ਉਹਨਾਂ ਖੁਦ ਦਫਤਰ ’ਚ ਲੱਗੇ ਅੱਗ ਬੁਝਾਊ ਉਪਕਰਨਾਂ ਨਾਲ ਕਾਬੂ ਪਾਉਣ ਦੀ ਕੋਸ਼ਿਸ ਕੀਤੀ ਪਰ ਜਲਦ ਹੀ ਅੱਗ ਪੂਰੇ ਦਫਤਰ ਵਿਚ ਫੈਲ ਗਈ। ਜਿਸ ਮਗਰੋਂ ਕੰਪਨੀ ਅਧਿਕਾਰੀ ਤੇ ਆਸੇ-ਪਾਸੇ ਦੇ ਹੋਰ ਲੋਕ ਮੌਕੇ ’ਤੇ ਪਹੁੰਚ ਗਏ। ਕੰਪਨੀ ਨੇ ਕਰੀਬ ਦੋ ਸਾਲ ਪਹਿਲਾਂ ਇਹ ਸਾਈਟ ਗਮਾਡਾ ਤੋਂ ਖੁੱਲ੍ਹੀ ਨਿਲਾਮੀ ਰਾਹੀਂ 132 ਕਰੋਡ਼ ਰੁਪਏ ਚ ਪ੍ਰਾਪਤ ਕੀਤੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।