ਵਿਜੀਲੈਂਸ ਬਿਊਰੋ ਨੇ ਸਾਬਕਾ ਮੰਤਰੀ ਕਾਂਗੜ ਤੋਂ ਕੀਤੀ ਪੁੱਛਗਿੱਛ

Vigilance Bureau
ਬਠਿੰਡਾ : ਪੁੱਛਗਿੱਛ ਮਗਰੋਂ ਵਿਜੀਲੈਂਸ ਦੇ ਦਫ਼ਤਰ ’ਚੋਂ ਬਾਹਰ ਆਉਂਦੇ ਹੋਏ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ। ਤਸਵੀਰ : ਸੱਚ ਕਹੂੰ ਨਿਊਜ਼

ਇੱਕ ਹਫ਼ਤੇ ’ਚ ਜਾਇਦਾਦ ਦੇ ਵੇਰਵੇ ਦੇਣ ਦੇ ਕੀਤੇ ਹੁਕਮ

  • ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਮਿਲੀ ਸੀ ਸ਼ਿਕਾਇਤ

(ਸੁਖਜੀਤ ਮਾਨ) ਬਠਿੰਡਾ। ਕਾਂਗਰਸ ਸਰਕਾਰ ਦੌਰਾਨ ਮਾਲ ਮੰਤਰੀ ਰਹੇ ਤੇ ਹੁਣ ਭਾਜਪਾ ਦੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ ਖਿਲਾਫ਼ ਵਿਜੀਲੈਂਸ (Vigilance Bureau) ਸਖਤੀ ਦਿਖਾਉਣ ਲੱਗੀ ਹੈ। ਕਾਂਗੜ ਤੋਂ ਅੱਜ ਵਿਜੀਲੈਂਸ ਦੇ ਬਠਿੰਡਾ ਸਥਿਤ ਦਫ਼ਤਰ ’ਚ ਕਰੀਬ ਸਾਢੇ ਸੱਤ ਘੰਟੇ ਤੱਕ ਪੁੱਛਗਿੱਛ ਕੀਤੀ ਗਈ। ਜਾਂਚ ਟੀਮ ਨੇ ਉਨ੍ਹਾਂ ਨੂੰ ਇੱਕ ਹਫ਼ਤੇ ਦੀ ਮੋਹਲਤ ਦਿੰਦਿਆਂ ਆਪਣੀ ਆਮਦਨ ਦੇ ਜਾਇਦਾਦ ਦੇ ਵੇਰਵਿਆਂ ਸਮੇਤ ਮੁੜ ਦਫ਼ਤਰ ਆਉਣ ਦੇ ਹੁਕਮ ਕੀਤੇ ਹਨ।

ਗੁਰਪ੍ਰੀਤ ਕਾਂਗੜ ਸਵੇਰੇ ਕਰੀਬ 10 ਵਜੇ ਵਿਜੀਲੈਂਸ ਦਫ਼ਤਰ ਪੁੱਜੇ

ਹਾਸਿਲ ਹੋਏ ਵੇਰਵਿਆਂ ਮੁਤਾਬਿਕ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੋਂ ਅੱਜ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਵੱਲੋਂ ਆਪਣੇ ਦਫ਼ਤਰ ’ਚ ਕਰੀਬ ਸਾਢੇ ਸੱਤ ਘੰਟੇ ਪੁੱਛਗਿੱਛ ਕੀਤੀ ਗਈ। ਕਾਂਗੜ ਖਿਲਾਫ਼ ਵਿਜੀਲੈਂਸ ਕੋਲ ਦਰਖਾਸਤ ਪੁੱਜੀ ਹੋਈ ਹੈ ਕਿ ਉਨਾਂ ਨੇ ਆਪਣੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਈ ਹੈ। ਇਸ ਸਬੰਧੀ ਵਿਜੀਲੈਂਸ ਟੀਮ ਵੱਲੋਂ ਉਨ੍ਹਾਂ ਨੂੰ ਪੁੱਛਗਿੱਛ ਲਈ ਆਪਣੇ ਦਫ਼ਤਰ ਬੁਲਾਇਆ ਗਿਆ ਸੀ। ਗੁਰਪ੍ਰੀਤ ਕਾਂਗੜ ਸਵੇਰੇ ਕਰੀਬ 10 ਵਜੇ ਵਿਜੀਲੈਂਸ ਦਫ਼ਤਰ (Vigilance Bureau) ਪੁੱਜੇ ਜਿੱਥੋਂ ਸ਼ਾਮ ਨੂੰ 5:30 ਵਜੇ ਬਾਹਰ ਨਿੱਕਲੇ। ਪੁੱਛਗਿੱਛ ਤੋਂ ਬਾਅਦ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗੜ ਨੇ ਕਿਹਾ ਕਿ ਉਸ ਖਿਲਾਫ਼ ਸਿਰਫ ਇੱਕ ਦਰਖਾਸਤ ਆਈ ਹੈ, ਉਹ ਕੋਈ ਮੁਲਜ਼ਮ ਨਹੀਂ ਪਰ ਵਿਜੀਲੈਂਸ ਟੀਮ ਵੱਲੋਂ ਜੋ ਵਰਤਾਓ ਪੁੱਛਗਿੱਛ ਦੌਰਾਨ ਉਨਾਂ ਨਾਲ ਕੀਤਾ ਗਿਆ ਹੈ, ਅਜਿਹਾ ਵਰਤਾਓ ਇੱਕ ਸਾਬਕਾ ਮੰਤਰੀ ਨਾਲ ਨਹੀਂ ਹੋਣਾ ਚਾਹੀਦਾ।

ਉਨਾਂ ਕਿਹਾ ਕਿ ਉਨਾਂ ਦੀ ਜਾਇਦਾਦ ਆਦਿ ਬਾਰੇ ਸਾਰੇ ਵੇਰਵੇ ਪਾਰਦਰਸ਼ੀ ਹਨ ਤੇ ਉਹ ਤਾਂ ਖੁਦ ਕਹਿੰਦੇ ਹਨ ਕਿ ਜੋ ਵੀ ਕੋਈ ਗਲਤ ਕੰਮ ਕਰਦਾ ਹੈ ਜਾਂ ਭਿ੍ਰਸ਼ਟਾਚਾਰੀ ਹੈ ਉਸ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਲਈ ਉਹ ਇਸ ਪੁੱਛਗਿੱਛ ਦੇ ਚਲਦਿਆਂ ਕੋਈ ਅਗਾਊਂ ਜਮਾਨਤ ਵੀ ਨਹੀਂ ਲੈਣਗੇ । ਉਨਾਂ ਕਿਹਾ ਕਿ ਪੁੱਛਗਿੱਛ ਦੌਰਾਨ ਜੋ ਉਨਾਂ ਨੇ ਆਪਣੀ ਜਾਇਦਾਦ ਬਾਰੇ ਦੱਸਿਆ ਉਹ ਉਨਾਂ ਦੀ ਜੱਦੀ ਜਾਇਦਾਦ ਹੈ। ਕਾਂਗੜ ਨੇ ਦੱਸਿਆ ਕਿ ਉਸ ਨੂੰ ਇੱਕ ਪ੍ਰੋਫਾਰਮਾ ਵਿਜੀਲੈਂਸ ਵੱਲੋਂ ਦਿੱਤਾ ਗਿਆ ਹੈ, ਜਿਸ ਨੂੰ ਭਰਕੇ ਸੌਂਪਿਆ ਜਾਵੇਗਾ ਉਸ ’ਚ ਜੋ ਵਿਜੀਲੈਂਸ ਨੂੰ ਕੋਈ ਗਲਤ ਲੱਗੇਗਾ ਉਸ ਬਾਰੇ ਪੁੱਛਗਿੱਛ ਕਰ ਸਕਦੀ ਹੈ।

ਮੇਰੇ ਖਿਲਾਫ਼ ਇਹ ਸਾਜਿਸ਼ ਹੈ : ਕਾਂਗੜ

ਸ਼ਿਕਾਇਤ ਕਰਤਾ ਬਾਰੇ ਪੁੱਛੇ ਜਾਣ ’ਤੇ ਕਾਂਗੜ ਨੇ ਕਿਹਾ ਕਿ ਇਸ ਬਾਰੇ ਕੁੱਝ ਪਤਾ ਨਹੀਂ। ਉਨਾਂ ਕਿਹਾ ਕਿ ਇਹ ਕਿਸੇ ਦੀ ਸਾਜਿਸ਼ ਹੀ ਹੈ, ਜੋ ਬੇਨਾਮੀ ਚਿੱਠੀਆਂ ਲਿਖ ਕੇ ਦੋਸ਼ ਲਗਾ ਰਹੇ ਹਨ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਸਿਆਸੀ ਵਿਅਕਤੀ ਦੇ ਬੜੇ ਦੁਸ਼ਮਣ ਹੋ ਜਾਂਦੇ ਹਨ ਇਸ ਲਈ ਸਿਆਸੀ ਰੰਜਿਸ਼ ਦੀ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ।

ਵਿਜੀਲੈਂਸ ਦੀ ਗ੍ਰਿਫ਼ਤਾਰੀ ਤੋਂ ਬਚਣ ਲਈ ਭਾਜਪਾ ’ਚ ਨਹੀਂ ਗਿਆ : ਕਾਂਗੜ

ਜਦੋਂ ਪੱਤਰਕਾਰਾਂ ਨੇ ਕਾਂਗੜ ਨੂੰ ਪੁੱਛਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਸੀ ਕਿ ਕੋਈ ਕਿਸੇ ਵੀ ਪਾਰਟੀ ’ਚ ਚਲਾ ਜਾਵੇ ਸਭ ਤੋਂ ਪੁੱਛਗਿੱਛ ਹੋਵੇਗੀ ਤਾਂ ਕਾਂਗੜ ਨੇ ਜਵਾਬ ਦਿੱਤਾ ਕਿ ਇਹ ਮੁੱਖ ਮੰਤਰੀ ਦਾ ਆਪਣਾ ਬਿਆਨ ਹੋ ਸਕਦਾ ਹੈ ਪਰ ਉਹ ਇਸ ਕਰਕੇ ਭਾਜਪਾ ’ਚ ਨਹੀਂ ਗਏ ਕਿ ਉਨਾਂ ਨੂੰ ਵਿਜੀਲੈਂਸ ਫੜੇਗੀ ਨਹੀਂ। ਉਨਾਂ ਕਿਹਾ ਕਿ ਜੇਕਰ ਮੈਂ ਗਲਤ ਹੋਵਾਂਗਾ ਤਾਂ ਸਜ਼ਾ ਮੈਨੂੰ ਵੀ ਮਿਲਣੀ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ।