(ਗੁਰਪ੍ਰੀਤ ਸਿੰਘ) ਸੰਗਰੂਰ। ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) (Kisan) ਵੱਲੋਂ ਸੰਗਰੂਰ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾਈ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਰੋਹ ਭਰਪੂਰ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਹਜ਼ਾਰਾਂ ਕਿਸਾਨ ਮਜ਼ਦੂਰ ਅਤੇ ਵੱਡੀ ਗਿਣਤੀ ਨੌਜਵਾਨ ਅਤੇ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ। ਇਸ ਵਿਸ਼ਾਲ ਇਕੱਠ ਦੌਰਾਨ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਅਤੇ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਮੌਜੂਦਾ ਕਾਰਪੋਰੇਟ ਪੱਖੀ ਖੇਤੀ ਮਾਡਲ ਨੇ ਕੁਦਰਤੀ ਸਰੋਤ ਪਾਣੀ, ਮਿੱਟੀ, ਹਵਾ ਆਦਿ ਪਲੀਤ ਕਰਕੇ ਰੱਖ ਦਿੱਤੇ ਹਨ ਜਿਸ ਕਾਰਨ ਅੱਜ ਖੇਤੀ ਕਿੱਤਾ ਘਾਟੇਵਾਲਾ ਕਿੱਤਾ ਹੋ ਚੁੱਕਿਆ ਹੈ ਇਸ ਕਾਰਨ ਹਰ ਰੋਜ ਕਰਜੇ ਤੋਂ ਦੁਖੀ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ।
ਕੇਂਦਰ ਤੇ ਪੰਜਾਬ ਸਰਕਾਰ ਖੇਤੀ ਸੰਕਟ ਦੇ ਹੱਲ ਲਈ ਨਵੀਂ ਖੇਤੀ ਨੀਤੀ ਬਣਾਵੇ
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਖੇਤੀ ਸੰਕਟ ਦੇ ਹੱਲ ਲਈ ਨਵੀਂ ਖੇਤੀ ਨੀਤੀ ਬਣਾਵੇ ਜਿਸ ਵਿਚ ਕੁਦਰਤੀ ਸਰੋਤ ਸੰਭਾਲਣ ਤੋਂ ਇਲਾਵਾ ਇਹ ਵਾਤਾਵਰਣ ਪੱਖੀ ਅਤੇ ਕਿਸਾਨ ਮਜ਼ਦੂਰ ਪੱਖੀ ਹੋਵੇ। ਉਹਨਾਂ ਪੁਰਜੋਰ ਮੰਗ ਕਰਦਿਆਂ ਕਿਹਾ ਕਿ ਸਰਕਾਰ ਕਰਜੇ ਤੋਂ ਪੀੜਤ ਸਮੁੱਚੇ ਕਿਸਾਨਾਂ-ਮਜ਼ਦੂਰਾਂ ਦੀ ਬਾਂਹ ਫੜੇ ਅਤੇ ਆਪਣੇ ਚੋਣ ਵਾਅਦੇ ਨੂੰ ਪੂਰਾ ਕਰੇ ਅਤੇ ਕਰਜ਼ੇ ਨੂੰ ਖਤਮ ਕਰੇ। ਕਿਸਾਨ ਆਗੂ ਗੁਰਦੇਵ ਸਿੰਘ ਗੱਜੂਮਾਜਰਾ ਅਤੇ ਕਰਨੈਲ ਸਿੰਘ ਨੇ ਮੰਗ ਕੀਤੀ ਕਿ ਸਰਕਾਰ ਬੇ-ਮੌਸਮੀ ਬਰਸਾਤ ਕਾਰਨ ਕਣਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਨੂੰ ਯਕੀਨੀ ਕਰੇ ਅਤੇ ਕਿਸਾਨਾ ਦੀਆਂ ਕਰਜੇ ਬਦਲੇ ਕੁਰਕੀਆਂ ਅਤੇ ਗ੍ਰਿਫਤਾਰੀਆਂ ਬੰਦ ਕਰੇ। (Kisan )
ਖੇਤੀ ਸੈਕਟਰ ਵਿੱਚ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਸਕੀਮ ਲਾਗੂ ਕਰੇ
ਕਿਸਾਨ ਵਿੰਗ ਦੀ ਸੂਬਾਈ ਆਗੂ ਗੁਰਪ੍ਰੀਤ ਕੌਰ ਬਰਾਸ ਨੇ ਕਿਹਾ ਕਿ ਸਰਕਾਰ ਜਨਤਕ ਖੇਤਰ ਦੇ ਬੂਹੇ ਖੋਲ੍ਹੇ ਅਤੇ ਨਿੱਜੀਕਰਨ ਤੇ ਨਿਗਮੀਕਰਨ ਦੀਆਂ ਨੀਤੀਆਂ ਬੰਦ ਕਰੇ। ਕਿਸਾਨ ਵਿੰਗ ਦੀਆਂ ਸੂਬਾਈ ਆਗੂ ਦਵਿੰਦਰ ਕੌਰ ਹਰਦਾਸਪੁਰ ਅਤੇ ਬਲਜੀਤ ਕੌਰ ਕਿਲਾ ਭਰੀਆ ਨੇ ਕਿਹਾ ਕਿ ਸਰਕਾਰ ਖੇਤੀ ਸੈਕਟਰ ਵਿੱਚ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਸਕੀਮ ਲਾਗੂ ਕਰੇ ਅਤੇ ਦਰਜਾ ਚੌਥਾ ਦੇ ਮੁਲਾਜ਼ਮਾਂ ਵਾਲੇ ਫਾਰਮੂਲੇ ਤਹਿਤ ਉਹਨਾਂ ਦੇ ਬਰਾਬਰ ਪੈਨਸ਼ਨ ਦੇਣੀ ਯਕੀਨੀ ਕਰੇ।
ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਫਸਲੀ ਵਿਭਿੰਨਤਾ ਨੂੰ ਉਤਸ਼ਾਹਤ ਕਰਨ ਲਈ ਵੱਖਰਾ ਬਜਟ ਬਣਾਵੇ ਅਤੇ ਖੁੱਲ੍ਹ ਦਿਲੀ ਨਾਲ ਇਸ ਨੂੰ ਸਫਲ ਬਣਾਉਣ ਲਈ ਠੋਸ ਨੀਤੀ ਅਪਣਾਏ, ਘਰਾਂ ਅੰਦਰ ਚਿੱਪ ਵਾਲੇ ਮੀਟਰ ਲਾਉਣ ਦਾ ਲੋਕ ਵਿਰੋਧੀ ਫੈਸਲਾ ਤੁਰੰਤ ਵਾਪਸ ਲਏ, 5 ਏਕੜ ਤੱਕ ਦੇ ਕਿਸਾਨਾਂ ਨੂੰ ਮਨਰੇਗਾ ਤਹਿਤ ਲਾਭ ਦੇਣਾ ਤੁਰੰਤ ਚਾਲੂ ਕੀਤਾ ਜਾਵੇ।
ਅੱਜ ਦੇ ਧਰਨੇ ਨੂੰ ਸੂਬਾਈ ਆਗੂ ਗੁਰਮੇਲ ਸਿੰਘ ਮਹੌਲੀ, ਜਸਵੀਰ ਸਿੰਘ ਮੈਦੇਵਾਸ, ਲੀਲਾ ਸਿੰਘ ਚੋਟੀਆ, ਗੁਰਵਿੰਦਰ ਸਿੰਘ ਸਦਰਪੁਰ, ਸੇਰ ਸਿੰਘ ਮਹੌਲੀ, ਗੁਰਮੇਲ ਸਿੰਘ ਕੈਪਰ, ਹੈਪੀ ਨਮੋਲ, ਗੁਰਬਚਨ ਸਿੰਘ, ਸੁਖਵਿੰਦਰ ਸਿੰਘ ਪੇਧਨੀ, ਪਰਵਿੰਦਰ ਸਿੰਘ ਬਾਬਰਪੁਰ, ਮਨਦੀਪ ਸਿੰਘ ਭੂਤਗੜ੍ਹ, ਕੁਲਵਿੰਦਰ ਸੋਨੀ ਲੋਂਗੋਵਾਲ, ਰਾਜਪਾਲ ਸਿੰਘ ਮੰਗਵਾਲ, ਅਮਰ ਸਿੰਘ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ।