ਜਗਰਾਓਂ (ਜਸਵੰਤ ਰਾਏ)। ਸਥਾਨਕ ਸ਼ਹਿਰ ਦੇ ਮੇਨ ਪੁਲ ਦੇ ਉੁਪਰ ਅੱਜ ਸਵੇਰੇ 9 ਵਜੇ ਦੇ ਕਰੀਬ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਇੱਕ ਤੇਜ ਰਫਤਾਰ ਮਾਰੂਤੀ ਵੈਗਨਆਰ ਕਾਰ ਜੋ ਕਿ ਪੁਲ ਦੇ ਉੱਪਰ ਜਾ ਕੇ ਬੇਕਾਬੂ ਹੋ ਗਈ, ਜਿਸ ਨੇ ਉੱਥੋਂ ਜਾ ਰਹੇ ਇੱਕ ਮੋਟਰਸਾਈਕਲ ਅਤੇ ਦੋ ਸਕੂਟਰਾਂ ’ਤੇ ਸਵਾਰ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੂਜੇ ਵਿਅਕਤੀ ਦੀ ਜਗਰਾਓਂ ਦੇ ਹਸਪਤਾਲ ਵਿਖੇ ਮੌਤ ਹੋ ਗਈ। (Road Accident)
ਇਸ (Road Accident) ਹਾਦਸੇ ’ਚ ਜਖਮੀ ਰਾਜ ਕੁਮਾਰ ਨੂੰ ਇਲਾਜ ਲਈ ਜਗਰਾਓਂ ਦੇ ਹੀ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਹ ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੀ ਲਪੇਟ ਵਿੱਚ ਆਏ ਕਈ ਵਾਹਨ ਬੁਰੀ ਤਰ੍ਹਾਂ ਚਕਨਾਚੂਰ ਹੋ ਗਏ, ਕਾਰ ਦੀ ਟੱਕਰ ਵੱਜਣ ਕਾਰਨ ਸਕੂਟਰ ਸਵਾਰ ਵਿਅਕਤੀ ਜਸਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਫਿਲੀ ਗੇਟ, ਜੋ ਕਿ ਪੁਲ ਤੋਂ ਥੱਲੇ ਜਾ ਡਿੱਗਾ , ਨੂੰ ਗੰਭੀਰ ਰੂਪ ’ਚ ਜ਼ਖਮੀ ਜਗਰਾਓਂ ਦੇ ਹੀ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ, ਜਦ ਕਿ ਦੂਜੇ ਵਿਅਕਤੀ ਗੁਰਦਿਆਲ ਸਿੰਘ ਪੁੱਤਰ ਅਰਜੁਨ ਸਿੰਘ ਵਾਸੀ ਮਾਈਜੀਨਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਪੁੱਜੀ ਥਾਣਾ ਸਿਟੀ ਦੀ ਪੁਲਿਸ ਵੱਲੋਂ ਕਾਰ ਸਵਾਰ ਅੰਮ੍ਰਿਤਪਾਲ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਗਾਂਧੀ ਨਗਰ ਜਗਰਾਓਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। (Road Accident)