ਇੰਡੀਅਨ ਜਰਨਾਲਿਸਟ ਯੂਨੀਅਨ ਦੀ ਚੇੱਨਈ ਵਿੱਚ ਹੋਵੇਗੀ 10 ਵੀਂ ਪਲੈਨਰੀ
(ਰਾਜਨ ਮਾਨ/ਸੱਚ ਕਹੂੰ) ਅੰਮ੍ਰਿਤਸਰ। ਪੰਜਾਬ ਐਂਡ ਚੰਡੀਗੜ੍ਹ ਜਰਨਾਲਿਸਟ ਯੂਨੀਅਨ ਵੱਲੋਂ 28 ਸਤੰਬਰ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ’ਤੇ ‘ਪੱਤਰਕਾਰੀ ਨੂੰ ਦਰਪੇਸ਼ ਚੁਣੌਤੀਆਂ ‘ ਵਿਸ਼ੇ ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਸੈਮੀਨਾਰ ਵਿੱਚ ਸੂਬੇ ਭਰ ਵਿਚੋਂ ਵੱਡੀ ਪੱਧਰ ਤੇ ਪੱਤਰਕਾਰ ਭਾਗ ਲੈ ਰਹੇ ਹਨ। ਪੰਜਾਬ ਐਂਡ ਚੰਡੀਗੜ੍ਹ ਜਰਨਾਲਿਸਟ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਰਾਜਨ ਮਾਨ ਨੇ ਦੱਸਿਆ ਕਿ ਅਜੋਕੇ ਦੌਰ ਵਿਚ ਪੱਤਰਕਾਰਾਂ ਨੂੰ ਕਈ ਕਿਸਮ ਦੀਆਂ ਚੁਣੌਤੀਆਂ ਦਾ ਟਾਕਰਾ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਹਾਕਮ ਧਿਰਾਂ ਮੀਡੀਆ ਨੂੰ ਦਬਾਉਣ ਲਈ ਪੱਬਾਂ ਭਾਰ ਹੋਇਆਂ ਫਿਰਦੀਆਂ ਹਨ। ਹੱਕ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਹਰ ਹੱਥਕੰਡੇ ਵਰਤ ਰਹੇ ਹਨ।
ਉਹਨਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਲੋਕ ਹਿੱਤਾਂ ਦੀ ਪਹਿਰੇਦਾਰੀ ਕਰਨ ਵਾਲਾ ਬਹੁਤਾ ਮੀਡੀਆ ਹਾਕਮਾਂ ਦੇ ਤਲਵੇ ਚੱਟਦਾ ਹੋਇਆ ਉਹਨਾਂ ਦੀਆਂ ਨਲਾਇਕੀਆਂ ਨੂੰ ਸਹੀ ਸਾਬਤ ਕਰਨ ਵਿੱਚ ਤਰਲੋਮੱਛੀ ਹੋ ਰਿਹਾ ਹੈ। ਮੀਡੀਆ ਦੇ ਇੱਕ ਹਿੱਸੇ ਵੱਲੋਂ ਨਿਭਾਈ ਜਾ ਰਹੀ ਇਹ ਗੈਰਜਿੰਮੇਵਾਰ ਹਰਕਤ ਦੇਸ਼ ਦੀ ਲੋਕਤੰਤਰ ਪ੍ਰਣਾਲੀ ਨੂੰ ਖੋਖਲਾ ਕਰ ਰਹੀ ਹੈ। ਉਹਨਾਂ ਕਿਹਾ ਕਿ ਅਜੇ ਕੁਝ ਹਿੱਸਾ ਮੀਡੀਆ ਦਾ ਬਚਿਆ ਹੈ ਜੋ ਲੋਕਾਂ ਦੀ ਆਵਾਜ਼ ਬਣਕੇ ਉਹਨਾਂ ਦੇ ਹੱਕਾਂ ਲਈ ਲੜ ਰਿਹਾ ਹੈ ਅਤੇ ਅਜਿਹੇ ਪੱਤਰਕਾਰਾਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਪੱਤਰਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਲੋਕਾਂ ਦੀ ਆਵਾਜ਼ ਬਣਕੇ ਅੱਗੇ ਆਉਣ ਤਾਂ ਜੋ ਹਾਕਮਾਂ ਦੀਆਂ ਧੱਕੇਸ਼ਾਹੀਆਂ ਨੂੰ ਰੋਕਿਆ ਜਾਵੇ।

ਕੇਂਦਰ ਸਰਕਾਰ ਤੋਂ ਇਹ ਹਨ ਮੰਗਾਂ
ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੱਤਰਕਾਰਾਂ ਨੂੰ ਰੇਲਵੇ ਪਾਸ ਬਣਾਉਣ ਵਿੱਚ ਕਿਰਾਏ ਤੋਂ ਦਿੱਤੀ ਜਾਂਦੀ 50 ਫੀਸਦੀ ਛੋਟ ਮੁੜ ਬਹਾਲ ਕੀਤੀ ਜਾਵੇ। ਉਹਨਾਂ ਨੇ ਦੱਸਿਆ ਕਿ ਐਕਰੀਡਿਟਡ ਪੱਤਰਕਾਰਾਂ ਨੂੰ ਪੈਨਸ਼ਨ ਤਾਂ ਮਿਲਦੀ ਹੈ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ ਤੇ ਪੈਨਸ਼ਨ ਦਾ ਦਾਇਰਾ ਵਧਾਇਆ ਜਾਵੇ ਤੇ 60 ਸਾਲ ਤੋਂ ਬਾਅਦ ਪੱਤਰਕਾਰਾਂ ਨੂੰ ਪੈਨਸ਼ਨ ਲਗਾਈ ਜਾਵੇ ।ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਟੋਲ ਪਲਾਜ਼ਿਆਂ ‘ਤੇ ਅਜੇ ਵੀ ਪੱਤਰਕਾਰ ਭਾਈਚਾਰੇ ਨੂੰ ਸਮੱਸਿਆਵਾਂ ਆ ਰਹੀਆਂ ਹਨ ਤੇ ਇਸ ਦੇ ਹੱਲ ਲਈ ਜਲਦੀ ਹੀ ਪੰਜਾਬ ਸਰਕਾਰ ਤੱਕ ਪਹੁੰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੱਤਰਕਾਰਾਂ ਨੂੰ ਬੱਸ ਪਾਸ ਦੀ ਸਹੂਲਤ ਹਰਿਆਣਾ ਪੈਟਰਨ ‘ਤੇ ਦਿੱਤੀ ਜਾਵੇ ਤੇ ਇਸ ਵਿੱਚ ਐਕਰੀਡਿਟਡ ਪ੍ਰਾਪਤ ਪੱਤਰਕਾਰਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ।
ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਕਰੋਨਾ ਦੌਰਾਨ ਰੇਲਵੇ ਵਿੱਚ ਪੱਤਰਕਾਰਾਂ ਨੂੰ 50 ਫੀਸਦੀ ਕਿਰਾਏ ਦੀ ਮਿਲਦੀ ਛੋਟ ਬੰਦ ਕਰ ਦਿੱਤੀ ਸੀ। ਉਨ੍ਹਾਂ ਕੇਂਦਰ ਸਰਕਾਰ ਕੋਲੋ ਮੰਗ ਕੀਤੀ ਕਿ ਇਸ ਨੂੰ ਮੁੜ ਬਹਾਲ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ 30 ਅਕਤੂਬਰ ਨੂੰ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਆਲ ਇੰਡੀਆ ਜਰਨਲਿਸਟ ਯੂਨੀਅਨ ਦੀ 10 ਵੀਂ ਪਲੈਨਰੀ ਹੋਣ ਜਾ ਰਹੀ ਹੈ ਜਿਸ ਵਿਚ ਦੇਸ਼ ਭਰ ਵਿਚੋਂ ਪੱਤਰਕਾਰ ਵੱਡੀ ਤਾਦਾਤ ਵਿੱਚ ਪਹੁੰਚ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸੈਮੀਨਾਰ ਵਿੱਚ ਰਾਜ ਸਭਾ ਮੈਂਬਰ ਤੇ ਉੱਘੇ ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ,ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਅਤੇ ਇੰਡੀਅਨ ਜਰਨਲਿਸਟ ਯੂਨੀਅਨ ਦੇ ਆਗੂ ਐਸ ਐਨ ਸਿਨਹਾ , ਯੂਨੀਅਨ ਦੇ ਸਕੱਤਰ ਜਨਰਲ ਬਲਵਿੰਦਰ ਜੰਮੂ ਸਮੇਤ ਅਨੇਕਾਂ ਸ਼ਖ਼ਸ਼ੀਅਤਾਂ ਪਹੁੰਚ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ