ਪਛਤਾਵਾ (ਕਹਾਣੀ)

Punjabi Story

ਪਛਤਾਵਾ

ਗੁਰਦਿਆਲ ਸਿੰਘ ਦਾ ਇੱਕੋ-ਇੱਕ ਪੁੱਤਰ ਜਸ਼ਨ ਜੋ ਪਲੱਸ ਟੂ ਕਰਕੇ ਹਰ ਰੋਜ਼ ਹੀ ਕੈਨੇਡਾ ਜਾਣ ਦੀ ਰਟ ਲਾਈ ਰੱਖਦਾ ਸੀ। ਜਸ਼ਨ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ, ਪਰ ਜਿਵੇਂ-ਕਿਵੇਂ ਪਲੱਸ ਟੂ ਕਰਕੇ ਆਈਲੈਟਸ ਕਰ ਗਿਆ, ਨਸ਼ਿਆਂ ਦੀ ਵੀ ਲਤ ਲੱਗੀ ਹੋਈ ਸੀ। ਗੁਰਦਿਆਲ ਸਿੰਘ ਦੀ ਇੱਕ ਬੇਟੀ ਸੀ ਜੋ ਕਾਫੀ ਦੇਰ ਪਹਿਲਾਂ ਵਿਆਹ ਦਿੱਤੀ ਸੀ।

ਛੋਟਾ ਜਿੰਮੀਂਦਾਰ ਸੀ ਗੁਰਦਿਆਲ ਸਿੰਘ, ਸਿਰਫ ਤਿੰਨ ਕਿਲੇ ਜਮੀਨ ਸੀ, ਕੁੱਝ ਹਿੱਸੇ-ਠੇਕੇ ’ਤੇ ਜਮੀਨ ਲੈ ਕੇ ਆਈ-ਚਲਾਈ ਕਰੀ ਜਾਂਦਾ ਸੀ ਜਸ਼ਨ ਤੋਂ ਭਾਰੀਆਂ ਆਸਾਂ ਸਨ ਕਿ ਪੜ੍ਹ-ਲਿਖ ਕੇ ਘਰ ਦੇ ਧੋਣੇ ਧੋ ਦੇਵੇਗਾ ਪਰ ਜਸ਼ਨ ਦੀ ਅੜੀ ਦੇ ਮੂਹਰੇ ਗੁਰਦਿਆਲ ਸਿੰਘ ਦੀ ਕੋਈ ਪੇਸ਼ ਨਾ ਗਈ ਦੋ ਕਿੱਲੇ ਗਹਿਣੇ ਧਰ ਕੇ ਪੁੱਤਰ ਦੀ ਖਾਹਿਸ਼ ਪੂਰੀ ਕਰ ਦਿੱਤੀ

ਕੈਨੇਡਾ ਜਾ ਕੇ ਜਸ਼ਨ ਨੇ ਕਦੇ ਵੀ ਬੁੱਢੇ ਮਾਂ-ਬਾਪ ਦੀ ਸਾਰ ਨਾ ਲਈ ਛੇ ਮਹੀਨੇ ਸਾਲ ਬਾਅਦ ਕਿਤੇ ਭੁੱਲਿਆ-ਭਟਕਿਆ ਫੋਨ ਕਰ ਲੈਂਦਾ ਉਹ ਵੀ ਪੈਸੇ-ਧੇਲੇ ਲਈ ਤੇ ਹੁਣ ਉਹ ਸਮਾਂ ਵੀ ਸਾਲਾਂ ਵਿੱਚ ਬਦਲ ਗਿਆ ਸੀ। ਹੌਲੀ-ਹੌਲੀ ਪੜ੍ਹਾਈ ਪੂਰੀ ਕਰਕੇ ਉੱਥੇ ਈ ਪੱਕਾ ਹੋ ਗਿਆ ਤੇ ਉੱਥੇ ਹੀ ਕਿਸੇ ਅੰਗਰੇਜਣ ਨਾਲ ਵਿਆਹ ਵੀ ਕਰਾ ਲਿਆ, ਤੇ ਮਾਂ-ਬਾਪ ਨੂੰ ਤਾਂ ਉੱਕਾ ਹੀ ਭੁਲਾ ਦਿੱਤਾ ਸੀ ਜਸ਼ਨ ਨੇ।

ਅਗਲਾ ਪੜਾਅ | Punjabi Story

ਸਮਾਂ ਬੀਤਦਾ ਗਿਆ, ਗੁਰਦਿਆਲ ਸਿੰਘ ਤੇ ਸ਼ਾਮੋ ਹੁਣ ਜ਼ਿਆਦਾ ਬੁਢਾਪੇ ਦੀ ਦਹਿਲੀਜ਼ ’ਤੇ ਪਹੁੰਚ ਚੁੱਕੇ ਸਨ ਆਮ ਕਹਾਵਤ ਹੈ ਕਿ ਮੁੰਡਿਆਂ ਨਾਲੋਂ ਧੀਆਂ ਮਾਪਿਆਂ ਦਾ ਜ਼ਿਆਦਾ ਫ਼ਿਕਰ ਕਰਦੀਆਂ ਨੇ, ਬਿਲਕੁਲ ਇਸ ਗੱਲ ’ਤੇ ਖਰੀ ਉੱਤਰੀ ਮਿੰਦੋ, ਜਿਸ ਨੇ ਆਪਣੇ ਇੱਕੋ-ਇੱਕ ਬੇਟੇ ਗੁਰਦਿੱਤ ਨੂੰ ਆਪਣੇ ਨਾਨੇ-ਨਾਨੀ ਦੀ ਸੇਵਾ ਲਈ ਪੱਕੇ ਤੌਰ ’ਤੇ ਪੇਕੀਂ ਭੇਜ ਦਿੱਤਾ। ਗੁਰਦਿੱਤ ਪੂਰਾ ਗੁਰਸਿੱਖ ਅਤੇ ਮਿਹਨਤੀ ਬੱਚਾ ਨਿੱਕਲਿਆ, ਜੋ ਆਪਣੇ ਦੋਵੇਂ ਪਰਿਵਾਰਾਂ (ਮਾਂ-ਬਾਪ ਤੇ ਨਾਨਾ-ਨਾਨੀ) ਨਾਲ ਨਿਆਂ ਕਰਦਾ, ਸਾਂਭ-ਸੰਭਾਲ ਤੇ ਪੂਰਾ ਧਿਆਨ ਰੱਖਦਾ ਸੀ ਪਿੰਡ ਨਾਨਕਿਆਂ ਦੇ ਨੇੜੇ ਹੋਣ ਕਰਕੇ ਦੋਵੇਂ ਥਾਈਂ ਜ਼ਮੀਨ ਦੀ ਸੰਭਾਲ ਕਰਦਾ ਤੇ ਹੱਥੀਂ ਮਿਹਨਤ ਕਰਦਾ।

ਆਪਣੇ ਚੰਗੇ ਸੁਭਾਅ ਤੇ ਚੰਗੇ ਰਸੂਖ ਨਾਲ ਦੋਵਾਂ ਪਿੰਡਾਂ ਵਿੱਚ ਚੰਗਾ ਇੱਜਤ-ਮਾਣ ਬਣਾ ਲਿਆ ਸੀ ਗੁਰਦਿੱਤ ਨੇ। ਹੌਲੀ-ਹੌਲੀ ਮਿਹਨਤ ਕਰਕੇ ਨਾਨੇ ਦੇ ਬਚੇ ਇੱਕ ਕਿੱਲੇ ਤੋਂ ਗਹਿਣੇ ਪਈ ਜ਼ਮੀਨ ਛੁਡਵਾ ਤੇ ਇੱਕ ਕਿੱਲਾ ਜ਼ਮੀਨ ਹੋਰ ਵੀ ਬਣਾ ਲਈ, ਆਪ ਹੱਥੀਂ ਨਾਨੇ-ਨਾਨੀ ਦੀ ਸੇਵਾ ਕਰਨ ਕਰਕੇ ਨਾਨੇ-ਨਾਨੀ ਨੇ ਖੁਸ਼ ਹੋ ਕੇ ਚਾਰੇ ਕਿੱਲੇ ਜਮੀਨ, ਘਰ-ਬਾਰ ਤੇ ਚੱਲ-ਅਚੱਲ ਸਾਰੀ ਪੂੰਜੀ ਗੁਰਦਿੱਤ ਦੇ ਨਾਂਅ ਲਵਾ ਦਿੱਤੀ।

ਸਮਾਂ ਬੀਤਦਾ ਗਿਆ, ਜਸ਼ਨ ਨੂੰ ਬਾਹਰ ਗਏ ਨੂੰ ਵੀਹ ਸਾਲ ਹੋ ਗਏ ਸਨ ਵੀਹਾਂ ਸਾਲਾਂ ’ਚ ਕੋਈ ਦਸ ਕੁ ਵਾਰ ਹੀ ਓਹਦਾ ਫੋਨ ਆਇਆ ਸੀ ਬੁੱਢੇ ਮਾਂ-ਬਾਪ ਦੀਆਂ ਅੱਖਾਂ ਵੀ ਪੁੱਤ ਨੂੰ ਉਡੀਕਦੀਆਂ-ਉਡੀਕਦੀਆਂ ਅੰਨ੍ਹੀਆਂ ਹੋ ਚੱਲੀਆਂ ਸਨ, ਪਰ ਪੁੱਤ ਨੇ ਕਦੇ ਵੀ ਮਾਂ-ਬਾਪ ਦੀ ਸਾਰ ਨਾ ਲਈ। ਸਾਰੇ ਪਿੰਡ ਵਾਲੇ ਵੀ ਹੈਰਾਨ ਸਨ ਕਿ ਇੱਕੋ-ਇੱਕ ਪੁੱਤਰ ਹੈ, ਭਾਈ ਕਲਯੁਗ ਆ ਗਿਆ ਆਂਢ-ਗੁਆਂਢ ਦੀਆਂ ਬੀਬੀਆਂ ਗੱਲਾਂ ਕਰਦੀਆਂ ਰਹਿੰਦੀਆਂ।

ਅਗਲਾ ਪੜਾਅ | Punjabi Story

ਆਖਰ ਅੱਜ ਪਤਾ ਲੱਗਾ ਕਿ ਜਸ਼ਨ ਪਿੰਡ ਆ ਰਿਹਾ ਹੈ, ਪਰ ਸਮਾਂ ਲੰਘ ਚੁੱਕਿਆ ਸੀ। ਪਿੰਡ ਆਏ ਜਸ਼ਨ ਨੂੰ ਸਾਰੇ ਪਿੰਡ, ਮਾਂ-ਬਾਪ, ਭੈਣ-ਭਣਵਈਏ ਨੇ ਵੀ ਮੂੰਹ ਨਾ ਲਾਇਆ, ਸਗੋਂ ਲਾਹਨਤਾਂ ਪਾ ਰਹੇ ਸਨ ਸਾਰੇ, ਪਰ ਹੁਣ ਕੀ ਬਣਦਾ ਸੀ। ਅੱਜ ਜਸ਼ਨ ਧਾਹਾਂ ਮਾਰ ਕੇ ਰੋ ਰਿਹਾ ਸੀ ਪਰ ਪਛਤਾਵੇ ਬਿਨਾਂ ਉਸ ਦੇ ਕੁੱਝ ਵੀ ਪੱਲੇ ਨਹੀਂ ਸੀ।

ਗੁਰਦਿੱਤ ਸਿੰਘ, ਜੋ ਉਸ ਅਕਾਲਪੁਰਖ ’ਤੇ ਭਰੋਸਾ ਰੱਖਦਾ ਸੀ, ਉਸ ਨੇ ਗਲ ਵਿੱਚ ਪੱਲਾ ਪਾ ਫਿਰ ਵੀ ਭਰੀ ਪੰਚਾਇਤ ਵਿੱਚ ਜਮੀਨ-ਜਾਇਦਾਦ ਦਾ ਸਾਰਾ ਫੈਸਲਾ ਸਾਰੇ ਪਿੰਡ ’ਤੇ ਛੱਡ ਦਿੱਤਾ ਸੀ। ਪਰ ਪੰਚਾਇਤ ਨੇ ਫੈਸਲਾ ਗੁਰਦਿੱਤ ਸਿੰਘ ਦੇ ਹੱਕ ’ਚ ਸੁਣਾਉਂਦਿਆਂ ਕਿਹਾ ਕਿ ਜਦੋਂ ਸਰਕਾਰ ਵੱਲੋਂ ਵੀ ਇਹ ਫੈਸਲਾ ਤੇਰੇ ਹੱਕ ਵਿੱਚ ਹੋ ਗਿਆ ਹੈ ਤਾਂ ਅਸੀਂ ਵੀ ਇਸ ਫੈਸਲੇ ’ਤੇ ਸਾਰਾ ਪਿੰਡ ਖੁਸ਼ ਹਾਂ। ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਇਹੋ-ਜਿਹੇ ਇਨਸਾਨ ਲਈ ਇਹ ਇੱਕ ਮਿਸਾਲੀ ਸਜਾ ਹੈ ਤਾਂ ਕਿ ਕੋਈ ਹੋਰ ਇਹੋ-ਜਿਹਾ ਅਪਰਾਧ ਨਾ ਕਰੇ। ਜਸ਼ਨ ਵਰਗੇ ਇਨਸਾਨ ਲਈ ਇਹੋ ਇੱਕ ਨਸੀਹਤ ਹੋਵੇਗੀ । ਜਸ਼ਨ ਧਾਹਾਂ ਮਾਰ ਕੇ ਰੋ ਰਿਹਾ ਸੀ ਤੇ ਆਪਣੇ ਕੀਤੇ ’ਤੇ ਪਛਤਾਅ ਰਿਹਾ ਸੀ, ਪਰ ਹੁਣ ਸਮਾਂ ਲੰਘ ਚੁੱਕਾ ਸੀ।

ਜਸਵੀਰ ਸ਼ਰਮਾ ਦੱਦਾਹੂਰ,
ਸ੍ਰੀ ਮੁਕਤਸਰ ਸਾਹਿਬ
ਮੋ. 95691-49556

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ