ਪੁਲਿਸ ਤੇ ਸਮਾਜ ਸੇਵੀਆਂ ਕਰਵਾਈ ਹਸਪਤਾਲ ਦਾਖਲ | Abohar News
Abohar News: (ਮੇਵਾ ਸਿੰਘ) ਅਬੋਹਰ। ਚੰਡੀਗੜ੍ਹ ਮੁਹੱਲਾ ਨਿਵਾਸੀ ਇੱਕ ਗਰਭਵਤੀ ਔਰਤ ਨੂੰ ਬੀਤੀ ਰਾਤ ਕਿਰਾਇਆ ਨਾ ਦੇਣ ਕਰਕੇ ਮਕਾਨ ਮਾਲਕ ਨੇ ਰਾਤ ਦੇ ਸਮੇਂ ਉਸਦੇ ਛੋਟੇ-ਛੋਟੇ ਬੱਚਿਆਂ ਸਮੇਤ ਘਰੋਂ ਬਾਹਰ ਕੱਢ ਦਿੱਤਾ। ਸੜਕ ’ਤੇ ਲਾਵਾਰਿਸ ਹਾਲਤ ਵਿੱਚ ਬੈਠੀ ਮੀਨਾ ਪਤਨੀ ਗਣੇਸ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਯੂਪੀ ਦੀ ਨਿਵਾਸੀ ਹੈ ਤੇ ਉਸ ਦਾ ਪਤੀ ਹਲਵਾਈ ਦਾ ਕੰਮ ਕਰਦਾ ਹੈ। ਉਸ ਦੇ 2 ਛੋਟੇ-ਛੋਟੇ ਬੱਚੇ ਹਨ।
ਉਸ ਨੇ ਦੱਸਿਆ ਕਿ ਕਰੀਬ ਮਹੀਨਾ ਪਹਿਲਾਂ ਉਸ ਦਾ ਪਤੀ ਯੂਪੀ ਕਿਸੇ ਕੰਮ ’ਤੇ ਜਾਣ ਦੀ ਗੱਲ ਕਹਿਕੇ ਗਿਆ, ਜੋ ਅਜੇ ਤੱਕ ਵਾਪਿਸ ਨਹੀਂ ਆਇਆ। ਮਕਾਨ ਮਾਲਕ ਵੱਲੋਂ ਘਰ ’ਚੋਂ ਬਾਹਰ ਕੱਢਣ ’ਤੇ ਇਹ ਔਰਤ ਮਹਾਰਾਣਾ ਪ੍ਰਤਾਪ ਮਾਰਕੀਟ ’ਚ ਬੱਚਿਆਂ ਸਮੇਤ ਬੈਠ ਗਈ। ਕੋਲੋਂ ਲੰਘਦੇ ਰਾਹਗੀਰਾਂ ਨੇ ਜਦੋਂ ਇਸ ਔਰਤ ਨੂੰ ਛੋਟੇ ਬੱਚਿਆਂ ਸਮੇਤ ਭਟਕਦਾ ਦੇਖਿਆ ਤਾਂ ਉਨ੍ਹਾਂ ਇਸ ਦੀ ਸੂਚਨਾ 112 ਹੈਲਪਲਾਈਨ ’ਤੇ 108 ਐਂਬੂਲੈਂਸ ਨੂੰ ਕੀਤੀ। Abohar News
ਇਹ ਵੀ ਪੜ੍ਹੋ: Punjab Panchayati Election: ਸੁਨਾਮ ਬਲਾਕ ’ਚ 128 ਸਰਪੰਚ ਅਤੇ 415 ਪੰਚ ਅਜ਼ਮਾ ਰਹੇ ਹਨ ਕਿਸਮਤ
ਸੂਚਨਾ ਮਿਲਦਿਆਂ ਏਐਸਆਈ ਪੱਪੂ ਰਾਮ, ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਬਿੱਟੂ ਨਰੂਲਾ ਤੇ ਹੋਰ ਲੋਕ ਵੀ ਮੌਕੇ ’ਤੇ ਪਹੁੰਚ ਗਏ ਤੇ ਔਰਤ ਤੋਂ ਸਾਰੀ ਗੱਲਬਾਤ ਪੁੱਛੀ ਤਾਂ ਉਸ ਨੇ ਮਕਾਨ ਮਾਲਕ ਵੱਲੋਂ ਘਰੋਂ ਕੱਢਣ ਸਮੇਤ ਸਾਰੀ ਗੱਲਬਾਤ ਦੱਸੀ। ਉਸ ਨੇ ਇਹ ਵੀ ਦੱਸਿਆ ਕਿ ਉਸ ਕੋਲ 2 ਛੋਟੇ ਬੱਚਿਆਂ ਤੋਂ ਇਲਾਵਾ ਗਰਭਵਤੀ ਹੋਣ ਕਾਰਨ ਉਸ ਦੀ ਤਬੀਅਤ ਵੀ ਠੀਕ ਨਹੀਂ ਹੈ। ਇਸ ਤੋਂ ਬਾਅਦ ਪੁਲਿਸ ਮੁਲਾਜਮਾਂ ਤੇ ਹੋਰ ਲੋਕਾਂ ਨੇ ਕੁਝ ਰੁਪਏ ਇਕੱਤਰ ਕਰਕੇ ਉਸ ਨੂੰ ਦਿੱਤੇ ਤੇ 108 ਐਂਬੂਲੈਂਸ ਰਾਹੀਂ ਹਸਪਤਾਲ ਵਿਚ ਦਾਖਲ ਕਰਵਾਇਆ।