ਇੱਕ ਨਸ਼ਾ ਤੇ ਇੱਕ ਜਹਾਜ਼ ਕਦੇ ਕਿਸੇ ਨੂੰ ਵਾਪਸ ਨਹੀਂ ਪਰਤਣ ਦਿੰਦੇ

Drug

ਮੇਰੇ ਅੱਖੀਂ ਵੇਖਣ ਦੀ ਗੱਲ ਹੈ ਕੋਈ ਬਹੁਤੀ ਪੁਰਾਣੀ ਵੀ ਨਹੀਂ ਹੋਈ ਕਿ ਜੰਗੀਰ ਸਿੰਘ ਨੇ ਆਪਣੀ ਸਾਰੀ ਜ਼ਿੰਦਗੀ ਆਪਣੇ ਲਾਡਲੇ ਇਕਲੋਤੇ ਪੁੱਤਰ ਜਸਬੀਰ ਸਿੰਘ ਉੱਤੇ ਲਾ ਦਿੱਤੀ । ਨਿੱਕੇ ਹੁੰਦਿਆ ਉਸ ਨੂੰ ਮੋਢਿਆ ’ਤੇ ਚੁੱਕ ਕੇ ਲਈ ਫਿਰਨਾ ਜਿਹੜੀ ਵੀ ਚੀਜ਼ ਦੀ ਉਸ ਨੇ ਮੰਗਣੀ ਉਹ ਹੀ ਲੈ ਕੇ ਦੇਣੀ । ਇੱਕ ਪਾਸੇ ਸਾਰਾ ਪਰਿਵਾਰ ਹੁੰਦਾ ਸੀ । ਦੂਜੇ ਪਾਸੇ ਇਕੱਲਾ ਜੰਗੀਰ ਸਿੰਘ । ਸਾਰਿਆ ਨੇ ਕਹਿਣਾ ਕਿ ਇੰਨਾ ਲਾਡਲਾ ਨਾ ਰੱਖ ਮੁੰਡੇ ਨੂੰ ਵੱਡਾ ਹੋ ਕੇ ਵਿਗੜ ਜਾਵੇਗਾ ਤੇ ਤੈਨੂੰ ਖਰਾਬ ਕਰੇਗਾ । (Drug)

ਪਰ ਉਹ ਕਿੱਥੇ ਕਿਸੇ ਦੀ ਸੁਣਦਾ ਸੀ । ਬਾਪੂ ਦੇ ਲਾਡ ਪਿਆਰ ਨੇ ਪਹਿਲਾਂ ਤਾਂ ਜਸਬੀਰ ਨੂੰ ਵਿੱਦਿਆ ਤੋਂ ਵਾਂਝੇ ਕਰ ਦਿੱਤਾ। ਜਦੋਂ ਜਸਬੀਰ ਨੇ ਜਵਾਨੀ ਵਿੱਚ ਪੈਰ ਰੱਖਿਆ ਤੇ ਕੋਈ ਵੀ ਦਿਨ ਇਹੋ ਜਿਹਾ ਖਾਲੀ ਨਹੀਂ ਜਾਂਦਾ ਸੀ .ਜਿਸ ਦਿਨ ਉਹ ਕਿਸੇ ਨਾ ਕਿਸੇ ਨਾਲ ਕੋਈ ਲੜਾਈ ਝਗੜਾ ਨਾ ਕਰਕੇ ਘਰ ਆਇਆ ਹੋਵੇ .ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਨੇ ਬੜਾ ਸਮਝਾਉਣਾ ਕਿ ਇਹ ਗੱਲ ਤੇਰੇ ਵਾਸਤੇ ਠੀਕ ਨਹੀਂ ਹੈ। ਜੋ ਤੂੰ ਹਰਕਤਾਂ ਕਰਦਾ ਹੈ ਉਹ ਤੇਰੇ ਵਾਸਤੇ ਠੀਕ ਨਹੀਂ ਹਨ ਪਰ ਜਿਹੜੇ ਮੁੱਢਾਂ ਦੇ ਵਿਗੜੇ ਜਵਾਨੀ ਤੇ ਆ ਕੇ ਕਦੋਂ ਸੁਧਰਦੇ ਨੇ। ਉਹੀ ਗੱਲ ਹੁਣ ਜਸਬੀਰ ਸਿੰਘ ਤੇ ਢੁੱਕਦੀ ਸੀ। (Drug)

ਪਿਓ ਦੇ ਕੰਨ ’ਤੇ ਕਦੇ ਜੂੰ ਨਹੀਂ ਸੀ ਸਰਕਦੀ। ਜੇ ਕਿਸੇ ਨੇ ਕਹਿਣਾ ਵੀ ਕਿ ਤੇਰੇ ਪੁੱਤ ਨੇ ਅੱਜ ਆ ਕਰਤਾ ਉਹ ਕਰਤਾ । ਉਸ ਨੇ ਅੱਗੋਂ ਹੱਸ ਕੇ ਟਾਲ ਦੇਣਾ ਤੇ ਕਹਿਣਾ ਕਿ ਹੁਣ ਮੇਰਾ ਪੁੱਤਰ ਲੋਕਾਂ ਤੋਂ ਜੁੱਤੀਆਂ ਖਾ ਕੇ ਆਵੇ, ਫਿਰ ਤੁਹਾਨੂੰ ਚੰਗਾ ਲੱਗੇਗਾ। ਹੌਲੀ ਹੌਲੀ ਕਰਕੇ ਲੋਕ ਵੀ ਕਹਿਣੋ ਹੱਟ ਗਏ । ਖੈਰ ਗੱਲ ਹੁਣ ਥਾਣੇ ਤੱਕ ਪਹੁੰਚਣ ਲੱਗ ਗਈ । ਉਥੇ ਵੀ ਜੰਗੀਰ ਸਿੰਘ ਨੇ ਪੈਸਾ ਧੇਲਾ ਦੇ ਕੇ ਕੇਸ ਰਫ਼ਾ-ਦਫ਼ਾ ਕਰਵਾ ਦੇਣਾ ।

ਇੱਕ ਵਿਚਾਰ ਇਹ ਵੀ ਆਇਆ | Drug

ਇੱਕ ਦਿਨ ਸਾਰੇ ਪਰਿਵਾਰ ਨੇ ਸੋਚਿਆ ਕਿ ਕਿਉਂ ਨਾ ਇਸ ਦਾ ਵਿਆਹ ਹੀ ਕਰ ਦੇਈਏ, ਸ਼ਾਇਦ ਇਹ ਸੁਧਰ ਹੀ ਜਾਵੇ । ਮਾਂ ਨੇ ਆਪਣੇ ਭਰਾਵਾਂ ਕੋਲ ਮਿੰਨਤ ਤਰਲਾ ਕੀਤਾ ਤੇ ਰਿਸ਼ਤੇਦਾਰੀ ਵਿੱਚੋ ਹੀ ਰਿਸ਼ਤਾ ਲੈ ਲਿਆ । ਥੋੜ੍ਹੇ ਹੀ ਚਿਰ ਵਿੱਚ ਮੰਗ ਕੇ ਵਿਆਹ ਵੀ ਕਰ ਦਿੱਤਾ । ਥੋੜ੍ਹੇ ਕੁ ਦਿਨ ਠੀਕ ਠਾਕ ਰਿਹਾ ਉਸ ਤੋਂ ਬਾਹਦ ਉਹੀ ਕਹੀ ਉਹੀ ਕੁਹਾੜੀ ਪਹਿਲਾਂ ਉਹ ਇਕੱਲੀ ਸ਼ਰਾਬ ਹੀ ਪੀਂਦਾ ਸੀ ਹੁਣ ਚਿੱਟੇ ਦੇ ਸੂਟੇ ਵੀ ਲਾਉਣ ਲੱਗ ਪਿਆ।

ਘਰ ਵਾਲੀ ਦੇ ਸਾਹਮਣੇ ਹੀ ਚਿੱਟੇ ਦੇ ਟੀਕੇ ਲਾਉਣੇ ਤੇ ਬੇਹੋਸ਼ ਹੋ ਕੇ ਡਿੱਗੇ ਰਹਿਣਾ । ਇਸੇ ਗੱਲ ਤੋਂ ਹਰ ਰੋਜ਼ ਘਰ ਵਿੱਚ ਕਲੇਸ਼ ਪੈਣਾ ਕੀਤਾ ਪਿਉ ਦੀ ਧੀ ਨੇ ਨਾ ਮੂੰਹ ’ਚਂੋ ਕੋਈ ਮਾੜਾ ਸ਼ਬਦ ਬੋਲਣਾ ਤੇ ਨਾ ਹੀ ਘਰੋਂ ਬਾਹਰ ਕਦੇ ਪੈਰ ਪੁੱਟਿਆ ਸੀ । ਸਾਲ ਕੁ ਬਾਅਦ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਇੱਕ ਬੱਚਾ ਹੋ ਗਿਆ । ਹੁਣ ਜਸਬੀਰ ਸਿੰਘ ਸਾਰੀਆਂ ਹੀ ਹੱਦਾਂ ਟੱਪਣ ਲੱਗ ਪਿਆ । ਜੁੰਡਲੀਆਂ ਨੂੰ ਸਾਰਾ ਸਾਰਾ ਦਿਨ ਘਰ ਵਿੱਚ ਬਿਠਾਈ ਰੱਖਣਾ .ਮੁੰਡਿਆਂ ਕੋਲੋਂ ਚਿੱਟਾ ਮੰਗਵਾਈ ਜਾਣਾ ਤੇ ਟੀਕੇ ਤੇ ਟੀਕੇ ਲਾਈ ਜਾਣੇ। ਵਾਧੂ ਖਰਚ ਕਰ ਕਰ ਕੇ ਘਰ ਮੂੰਹ ਦੂਜੇ ਪਾਸੇ ਘੁੰਮਾ ਦਿੱਤਾ।

ਨਾ ਪੁੱਛਣ ਦਾ ਨਤੀਜਾ ਇਹ ਨਿੱਕਲਿਆ | Drug

ਹੁਣ ਜਾਗੀਰ ਸਿੰਘ ਖੇਤਾਂ ਵਿੱਚ ਸਾਰਾ ਸਾਰਾ ਦਿਨ ਇੱਕਲਾ ਹੀ ਕੰਮ ਕਰਦਾ ਰਹਿੰਦਾ । ਪਿੱਛੋਂ ਕਿਸੇ ਨੇ ਪਾਣੀ ਦਾ ਘੁੱਟ ਵੀ ਦੇਣ ਨਾ ਜਾਣਾ । ਪਰ ਫਿਰ ਵੀ ਆਪਣੇ ਪੁੱਤਰ ਨੂੰ ਕਦੇ ਵੀ ਕੁਝ ਨਹੀਂ ਸੀ ਬੋਲਦਾ । ਜੇ ਕਿਸੇ ਨਾਲ ਉਸ ਨੇ ਦੁੱਖ ਸੁੱਖ ਸਾਂਝਾ ਵੀ ਕਰਨਾ ਤੇ ਇਹੋ ਆਖਣਾ ਕਿ ਭਰਾਵੋ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲ੍ਹਣੀਆਂ ਪੈ ਰਹੀਆਂ ਹਨ . ਇੱਕ ਦਿਨ ਜਸਬੀਰ ਨੇ ਜ਼ਿਆਦਾ ਹੀ ਚਿੱਟੇ ਦਾ ਭਰ ਕੇ ਟੀਕਾ ਲਾ ਲਿਆ .ਉਸ ਦੇ ਉਥੇ ਹੀ ਘੁੰਡ ਮੁੜ ਗਏ । ਜਦੋ ਤੱਕ ਘਰ ਵਾਲੀ ਕੋਲ ਆਈ ਉਸ ਵਕਤ ਉਸ ਦਾ ਕੋਈ ਕੋਈ ਸਾਹ ਚੱਲ ਰਿਹਾ ਸੀ ।

ਸਾਰੀ ਗਲੀ ਵਿੱਚ ਰੌਲਾ ਪੈ ਗਿਆ । ਚੁੱਕ ਕੇ ਹਸਪਤਾਲ ਲੈ ਕੇ ਗਏ । ਉਹਨਾਂ ਨੇ ਗੱਡੀ ਤੋਂ ਥੱਲੇ ਉਤਾਰਿਆ ਹੀ ਨਹੀਂ ਵੇਖ ਕੇ ਦੱਸ ਦਿੱਤਾ ਕਿ ਇਸ ਦੀ ਮੌਤ ਹੋ ਚੁਕੀ ਹੈ । ਹੱਸਦੇ ਵੱਸਦੇ ਘਰ ਵਿੱਚ ਸਨਾਟਾ ਛਾ ਗਿਆ । ਜਸਬੀਰ ਦਾ ਬੱਚਾ ਅਜੇ ਉਸ ਸਮਂੇ ਮਹੀਨੇ ਕੁ ਦਾ ਹੋਇਆ ਸੀ .ਜਸਬੀਰ ਦਾ ਨਾ ਕੋਈ ਹੋਰ ਭੈਣ ਤੇ ਨਾ ਕੋਈ ਭਰਾ ਸੀ। ਭੋਗ ਤੋਂ ਬਾਅਦ ਸਾਰੇ ਰਿਸਤੇਦਾਰ ਇਕੱਠੇ ਹੋ ਕੇ ਬੈਠ ਗਏ । ਲੱਗ ਪਏ ਜਸਬੀਰ ਦੀ ਘਰ ਵਾਲੀ ਬਾਰੇ ਸੋਚਣ ਕਿ ਉਮਰ ਬਹੁਤ ਛੋਟੀ ਹੈ । ਕਿਵੇਂ ਸਾਰੀ ਉਮਰ ਕੱਢੇਗੀ ਕੀ ਬਣੂ ਹੁਣ ਇਸ ਦਾ । ਇਹ ਗੱਲ ਸੋਚਣ ਵਾਸਤੇ ਸਾਰੇ ਮਜ਼ਬੂਰ ਸਨ ।

ਇਹ ਵੀ ਪੜ੍ਹੋ : ਮੌਸਮ ਵਿਭਾਗ ਦਾ ਅਡਪੇਟ, ਭਾਰੀ ਮੀਂਹ ਦੇ ਸਾਹਮਣੇ ਲਈ ਰਹੋ ਤਿਆਰ

ਪਰ ਹੁਣ ਹੋ ਕੀ ਸਕਦਾ ਸੀ । ਕੁੜੀ ਦੇ ਘਰ ਵਾਲੇ ਵੀ ਕਹਿਣ ਲੱਗੇ ਕਿ ਕੁੜੀਏ ਹੁਣ ਤੇਰਾ ਆਪਣਾ ਫੈਸਲਾ ਹੈ । ਅਸੀਂ ਇਸ ਵਿੱਚ ਕੁੱਝ ਨਹੀਂ ਕਹਿ ਸਕਦੇ । ਜੰਗੀਰ ਸਿੰਘ ਸਾਰਿਆ ਦੀਆਂ ਗੱਲਾਂ ਸੁਣ ਰਿਹਾ ਸੀ । ਅਖੀਰ ਜੰਗੀਰ ਸਿੰਘ ਹੱਥ ਜੋੜ ਕੇ ਬੋਲਿਆ .ਸੁਣੋ ਮੇਰੇ ਭੈਣ ਭਰਾਵੋ ਰੱਬ ਦੀ ਕੀਤੀ ਨੂੰ ਕੋਈ ਨਹੀਂ ਮੋੜ ਸੱਕਦਾ । ਹੁਣ ਰੱਬ ਦੇ ਭਾਣੇ ਨੂੰ ਤਾਂ ਮੰਨਣਾ ਹੀ ਪੈਣਾ ਹੈ । ਭਾਵੇ ਰੋ ਕੇ ਮੰਨ ਲਈਏ ਤੇ ਭਾਵੇਂ ਹੱਸ ਕਿ ਹੁਣ ਮੇਰਾ ਫੈਸਲਾ ਵੀ ਸੁਣ ਲਉ ਉਹ ਇਹ ਹੈ । ਪਤਵੰਤ ਮੇਰੀ ਇੱਕਲੀ ਨੂੰਹ ਨਹੀਂ ਸੀ ਧੀ ਵੀ ਸੀ ।

ਮੇਰਾ ਪੁੱਤ ਹੈ | Drug

ਹੁਣ ਮੈਂ ਆਪਣੀ ਧੀ ਪਤਵੰਤ ਦਾ ਵਿਆਹ ਵੀ ਆਪਣੇ ਹੱਥੀਂ ਕਰਾਂਗਾ। ਉਹ ਵੀ ਧੂਮ‘ਧਾਮ ਨਾਲ । ਇਹ ਛਿੰਦਾ ਮੇਰਾ ਅੱਜ ਤੋਂ ਇਕੱਲਾ ਪੋਤਰਾ ਨਹੀਂ ਪੁੱਤ ਵੀ ਸਮਝਾਗਾਂ। ਜਸਬੀਰ ਨੇ ਮੁੜ ਕੇ ਤਾਂ ਨਹੀਂ ਆਉਣਾ । ਪਰ ਆਹ ਮੇਰਾ ਜਸਬੀਰ ਹੀ ਹੈ ਦੂਜਾ ਜੋ ਮੈ ਪਹਿਲਾਂ ਗਲਤੀ ਕੀਤੀ ਸੀ ਹੁਣ ਨਹੀਂ ਉਹ ਨਹੀਂ ਕਰਾਂਗਾ । ਮੈਂ ਛਿੰਦੇ ਨੂੰ ਲਾਡਲਾ ਜ਼ਰੂਰ ਰੱਖਾਂਗਾ ਪਰ ਵਿਹਲੜ ਨਹੀਂ ਰਖਾਂਗਾ । ਸਾਰੇ ਰਿਸਤੇਦਾਰ ਚੁੱਪ ਚੁਪੀਤੇ ਘਰਾਂ ਨੂੰ ਚਲੇ ਗਏ ।

ਦਿਲ ਤੇ ਪੱਥਰ ਧਰਕੇ ਆਪਣੀ ਨੂੰਹ ਪਤਵੰਤ ਦਾ ਵਿਆਹ ਧੀ ਬਣਾ ਕੇ ਕਰ ਦਿੱਤਾ । ਹੁਣ ਪਤਵੰਤ ਆਪਣੇ ਪੁੱਤਰ ਨੂੰ ਪੁੱਤਰ ਨਹੀਂ ਆਪਣਾ ਭਰਾ ਸਮਝਣ ਲੱਗ ਪਈ । ਇੱਥੋਂ ਤੱਕ ਕਿ ਉਹ ਰੱਖੜੀ ਵੀ ਬੰਨ੍ਹ ਕੇ ਜਾਂਦੀ । ਛਿੰਦੇ ਨੂੰ ਵੀ ਹੁਣ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਹ ਪਤਵੰਤ ਦਾ ਪੁੱਤਰ ਹੈ ਜਾਂ ਭਰਾ ਜੰਗੀਰ ਸਿੰਘ ਨੇ ਬੜੀ ਰੀਝ ਨਾਲ ਛਿੰਦੇ ਦਾ ਪਾਲਣ ਪੋਛਣ ਕੀਤਾ । ਪੜ੍ਹਾਇਆ ਲਿਖਾਇਆ ਤੇ ਖੇਤਾਂ ਵੀ ਕੰਮ ਵੀ ਕਰਵਾਉਂਦਾ ਰਿਹਾ । ਛਿੰਦੇ ਨੇ ਬਾਰਵੀ ਕਰਕੇ ਆਈਲੈਟਸ ਕਰ ਲਈ ।

ਇਹ ਵੀ ਪੜ੍ਹੋ : ਚੰਦਰਯਾਨ-3 ਨੇ ਦੱਸਿਆ, ਚੰਦ ਦੇ ਦੱਖਣੀ ਧਰੁਵ ’ਤੇ ਮਿੱਟੀ ਦਾ ਤਾਪਮਾਨ

ਉਹ ਵੀ ਲੋਕਾਂ ਦੇ ਮੁੰਡਿਆਂ ਵਾਂਗੂੰ ਬਾਹਰਲੇ ਦੇਸ਼ ਵਿਚ ਫੁਰ ਹੋ ਗਿਆ । ਜਦੋ ਤੱਕ ਛਿੰਦਾ ਉਸ ਦੇ ਕੋਲ ਸੀ ਉਸ ਸਮੇਂ ਤੱਕ ਜੰਗੀਰ ਸਿੰਘ ਨੂੰ ਕਦੇ ਕੁਝ ਮਹਿਸੂਸ ਨਹੀਂ ਹੋਇਆ ਸੀ । ਪਰ ਜਿਵੇ ਹੀ ਛਿੰਦਾ ਬਾਹਰ ਚਲਾ ਗਿਆ । ਉਸ ਦਿਨ ਤੋਂ ਬਾਹਦ ਉਹ ਮੰਜੀ ਉਤੇ ਡਿਗ ਪਿਆ। ਦੋਵੇਂ ਜੀਅ ਰੁਨ ਝੁਨ ਕਰਦੇ ਰਹਿੰਦੇ, ਹੁਣ ਉਹਨਾਂ ਦੀ ਦੇਖ ਭਾਲ ਕਰਨ ਵਾਲਾ ਕੋਈ ਨਹੀਂ ਸੀ । ਚਿੰਤਾ ਚਿਖ਼ਾ ਤੋਂ ਵੀ ਵੱਧ ਹੋ ਗਈ । ਜੇ ਕਿਸੇ ਉੜੇ ਥੁੜ੍ਹੇ ਨੇ ਕਦੇ ਕਦਾਈਂ ਪਤਾ ਲੈਣ ਆ ਜਾਣਾ । ਉਹਨਾਂ ਨੂੰ ਇੱਕੋ ਹੀ ਗੱਲ ਕਹਿਣੀ ਕਿ ਮੇਰਾ ਇੱਕ ਪੁੱਤ ਤਾਂ ਚੰਦਰੇ ਚਿੱਟੇ ਨੇ ਖਾ ਲਿਆ ਹੈ ਤੇ ਦੂਜਾ ਜਹਾਜ਼ ਨੇ ।

ਅੰਤ ਇਹੀ ਹੋਣਾ

ਅਸੀਂ ਦੁਨੀਆਂ ਤੋਂ ਚਲੇ ਜਾਣਾ ਏ ਪਰ ਉਹਨਾਂ ਨੇ ਨਹੀਂ ਆਉਣਾ । ਜਿਹੜਾ ਵੀ ਆਉਂਦਾ ਇਹੋ ਹੀ ਗੱਲ ਸਾਰਿਆਂ ਨੂੰ ਕਹਿੰਦਾ ਕਿ ਦੁਨੀਆਂ ਵਾਲਿਉ ਮੇਰਾ ਇੱਕ ਪੁੱਤਰ ਨਸ਼ੇ ਨੇ ਖਾ ਲਿਆ ਹੈ ਤੇ ਦੂਸਰਾ ਬਾਹਰਲੇ ਦੇਸ਼ ਨੇ .ਸਾਡੀ ਹੁਣ ਜਾਇਦਾਦ ਕਿਹੜੇ ਕੰਮ ਦੀ । ਹਾੜ੍ਹਾ ਜੇ ਲੋਕੋ ਆਪਣੇ ਹੱਥੀਂ ਆਪਣੇ ਪੁੱਤਰ ਬਾਹਰ ਨਾ ਭੇਜਿਉ । ਨਹੀਂ ਤਾਂ ਮੇਰੇ ਵਾਂਗੂੰ ਤੁਸੀਂ ਵੀ ਤਰਸ ਤਰਸ ਕੇ ਮਰ ਜਾਓਗੇ । ਅਖੀਰ ਇੱਕ ਦਿਨ ਉਹੀ ਗੱਲ ਹੋਈ ਪਤਾ ਨਹੀਂ ਲੱਗਾ ਕਿ ਦੋਹਾਂ ਜੀਆਂ ਨੂੰ ਕੀ ਹੋਇਆ । ਦੋਵਂੇ ਇਕੱਠੇ ਹੀ ਚੱਲ ਵਸੇ । ਪਤਵੰਤ ਜ਼ਰੂਰ ਰੋਂਦੀ-ਰੋਂਦੀ ਆ ਗਈ ਪਰ ਛਿੰਦਾ ਨਹੀਂ ਪਹੁੰਚ ਸਕਿਆ। ਸੰਸਕਾਰ ਉੱਤੇ । ਲੋਕ ਛਿੰਦੇ ਨੂੰ ਵੀਡੀਓ ਰਾਹੀਂ ਦਾਦੇ ਦਾਦੀ ਦਾ ਸੰਸਕਾਰ ਵਿਖਾਉਂਦੇ ਰਹੇ ਪਰ ਛਿੰਦਾ ਜਿਹੜੇ ਜਹਾਜ਼ ਤੇ ਚੜ੍ਹ ਕੇ ਗਿਆ ਸੀ । ਉਹ ਜਹਾਜ਼ ਉਸ ਅੱਜ ਤੱਕ ਵਾਪਿਸ ਆਉਣ ਲਈ ਨਹੀਂ ਮਿਲਿਆ ।

ਸੂਬੇ. ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ, ਫਿਰੋਜ਼ਪੁਰ 75891-55501