ਬੋਰੀ ‘ਚ ਲਪੇਟ ਕੇ ਛੱਪੜ ਕਿਨਾਰੇ ਸੁੱਟਿਆ ਨਵ- ਜੰਮਿਆ ਬੱਚਾ
ਸ਼ੇਰਪੁਰ (ਜਸਵੰਤ ਮਹਿਲਕਲਾਂ)। ਨੇੜਲੇ ਪਿੰਡ ਪੰਡੋਰੀ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਦੀ ਘਟਨਾ ਦੇਖਣ ਨੂੰ ਮਿਲੀ। ਇਥੇ ਇਕ ਅਣਪਛਾਤੇ ਵਿਅਕਤੀ ਨੇ ਇਕ ਨਵਜੰਮੇ ਲੜਕੇ ਨੂੰ ਪਲਾਸਟਿਕ ਦੀ ਬੋਰੀ ‘ਚ ਪਾ ਕੇ ਪਿੰਡ ਦੇ ਛੱਪੜ ਕਿਨਾਰੇ ਸੁੱਟ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਪੰਡੋਰੀ ਦੇ ਸਾਬਕਾ ਪੰਚ ਨਿਮਰਲ ਸਿੰਘ ਪੰਡੋਰੀ ਨੇ ਦੱਸਿਆ ਕਿ ਇਹ ਘਟਨਾ ਅੱਜ ਸਵੇਰੇ 7 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਪਿੰਡ ਦੇ ਛੱਪੜ ਕਿਨਾਰੇ ਝੁੱਗੀਆਂ-ਝੌਂਪੜੀਆਂ ਵਾਲਾ ਦਾ ਲੜਕਾ ਲੀਰਾ, ਪਲਾਸਟਿਕ ਆਦਿ ਸਾਮਾਨ ਚੁੱਕਣ ਲਈ ਆਇਆ ਤਾਂ ਉਸ ਨੇ ਬੱਚੇ ਦੇ ਰੌਣ ਦੀਆਂ ਆਵਾਜ਼ਾਂ ਬੋਰੀ ‘ਚੋਂ ਆਉਂਦੀਆਂ ਸੁਣੀਆਂ। ਨੌਜਵਾਨ ਨੇ ਇਸ ਦੀ ਜਾਣਕਾਰੀ ਛੱਪੜ ਨੇੜੇ ਤੋਂ ਲੰਘ ਰਹੇ ਜਗਮੋਹਨ ਸਿੰਘ ਪੁੱਤਰ ਬਲਜੀਤ ਸਿੰਘ ਅਤੇ ਹਰਦੀਪ ਸਿੰਘ ਫੌਜੀ ਨੂੰ ਦਿੱਤੀ।
ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਵਿਅਕਤੀਆਂ ਨੇ ਤਰੁੰਤ ਬੱਚੇ ਨੂੰ ਬੋਰੀ ‘ਚੋਂ ਕੱਢਿਆ ਅਤੇ ਜਗਮੋਹਨ ਸਿੰਘ ਦੇ ਘਰ ਲੈ ਗਏ। ਨਿਰਮਲ ਸਿੰਘ ਪੰਡੋਰੀ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਸਭ ਤੋਂ ਪਹਿਲਾ ਐੱਸ. ਐੱਚ. ਓ. ਮਹਿਲ ਕਲਾਂ ਲਖਵਿੰਦਰ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਜਿੰਦਰ ਸਿੰਘ ਮਹਿਲ ਕਲਾਂ ਨੂੰ ਦਿੱਤੀ। ਉਹ ਤਰੁੰਤ ਕਾਰਵਾਈ ਕਰਦੇ ਹੋਏ ਮੌਕੇ ‘ਤੇ ਪੁੱਜੇ ਅਤੇ ਸਿਹਤ ਵਿਭਾਗ ਦੀ ਆਸ਼ਾ ਵਰਕਰ ਪਰਮਿੰਦਰ ਕੌਰ ਨੂੰ ਨਾਲ ਲੈ ਕੇ ਬੱਚੇ ਨੂੰ ਐਬੂਲੈਂਸ ਰਾਹੀ ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਲਿਆਂਦਾ ਗਿਆ ਅਤੇ ਜਿਸ ਦੀ ਮੁੱਢਲੀ ਜਾਂਚ ਕਰਨ ‘ਤੇ ਬੱਚਾ ਬਿਲਕੁਲ ਤੰਦਰੁਸਤ ਅਤੇ ਠੀਕ ਪਾਇਆ ਗਿਆ।
ਇਸ ਮੌਕੇ ਡੀ. ਐੱਸ. ਪੀ. ਪਰਮਿੰਦਰ ਸਿੰਘ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਸਾਰੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕੀਤੀ। ਐੱਸ. ਐੱਚ. ਓ. ਮਹਿਲ ਕਲਾਂ ਲਖਵਿੰਦਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਬੰਧੀ ਨੇੜਲੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ-ਪੜਤਾਲ ਕਰਨ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਹ ਬੱਚਾ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਨਿਮਰਲ ਸਿੰਘ ਪੰਡੋਰੀ ਨੇ ਦੱਸਿਆ ਕਿ ਇਸ ਬੱਚੇ ਨੂੰ ਪ੍ਰਾਪਤ ਕਰਨ (ਗੋਂਦ ਲੈਣ) ਲਈ ਪਿੰਡ ਦੇ ਕਈ ਪਰਿਵਾਰ ਅੱਗੇ ਆਏ ਸਨ ਪਰ ਪ੍ਰਸ਼ਾਸਨ ਵੱਲੋਂ ਅਜੇ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਹੁੰਗਾਰਾ ਨਹੀਂ ਭਰਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।