ਕਚਹਿਰੀ ਚੌਂਕ ‘ਚ ਸਹੁਰੇ ਪਰਿਵਾਰ ‘ਤੇ ਕਾਤਲਾਨਾ ਹਮਲਾ, ਪੰਜ ਜ਼ਖਮੀ

Attacked, Inmate, Family

ਬਠਿੰਡਾ, (ਅਸ਼ੋਕ ਵਰਮਾ/ਸੱਚ ਕਹੂੰ ਨਿਊਜ਼)। ਬਠਿੰਡਾ ਦੇ ਅਦਾਲਤੀ ਕੰਪਲੈਕਸ ਦੇ ਨਜ਼ਦੀਕ ਅੱਜ ਇੱਕ ਨੌਜਵਾਨ ਨੇ ਆਪਣੇ ਭਰਾ ਦੀ ਸਹਾਇਤਾ ਨਾਲ ਆਪਣੀ ਪਤਨੀ, ਸੱਸ, ਸਹੁਰੇ, ਸਾਲੇ ਅਤੇ ਉਸ ਦੇ ਦੋਸਤ ‘ਤੇ ਹਮਲਾ ਕਰਕੇ ਪੰਜਾਂ ਨੂੰ ਸਖਤ ਜ਼ਖਮੀ ਕਰ ਦਿੱਤਾ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਵੇਰਵਿਆਂ ਅਨੁਸਾਰ ਦੋਵਾਂ ਪਰਿਵਾਰਾਂ ‘ਚ ਘਰੇਲੂ ਵਿਵਾਦ ਚੱਲ ਰਿਹਾ ਹੈ, ਜਿਸ ਨੂੰ ਲੈਕੇ ਗੁਰਦੀਪ ਸਿੰਘ ਵਾਸੀ ਕੋਟਸ਼ਮੀਰ, ਉਸ ਦੀ ਪਤਨੀ ਮਨਪ੍ਰੀਤ ਕੌਰ, ਲੜਕੀ ਹਰਪਿੰਦਰ ਕੌਰ, ਲੜਕਾ ਸਾਹਿਲ ਤੇ ਲੜਕੇ ਦਾ ਦੋਸਤ ਹੈਰੀ ਅਦਾਲਤ ‘ਚ ਆਏ ਸਨ ਗੁਰਦੀਪ ਸਿੰਘ ਦੀ ਲੜਕੀ ਹਰਪਿੰਦਰ ਕੌਰ ਅਰੁਣ ਕੁਮਾਰ ਪੁੱਤਰ ਕਾਲਾ ਸਿੰਘ ਵਾਸੀ ਧੋਬੀਆਣਾ ਨੂੰ ਵਿਆਹੀ ਹੋਈ ਹੈ ਦੋਵਾਂ ‘ਚ ਅਣਬਣ ਕਰਕੇ ਹਰਪਿੰਦਰ ਕੌਰ ਆਪਣੇ ਪੇਕੇ ਘਰ ਰਹਿ ਰਹੀ ਹੈ ।

ਉਸ ਨੇ ਆਪਣੇ ਪਤੀ ਖਿਲਾਫ ਅਦਾਲਤ ‘ਚ ਤਲਾਕ ਦਾ ਕੇਸ ਵੀ ਕੀਤਾ ਹੋਇਆ ਹੈ ਅੱਜ ਇਹ ਪਰਿਵਾਰ ਕਿਸੇ ਵਕੀਲ ਨਾਲ ਲੜਕੀ ਦੇ ਖਰਚੇ ਦੇ ਕੇਸ ਸਬੰਧੀ ਵਿਚਾਰ ਵਟਾਂਦਰਾ ਕਰਕੇ ਮਹਿਲਾ ਥਾਣਾ ਜਾ ਰਹੇ ਸਨ ਇਸੇ ਦੌਰਾਨ ਡਾਕਖਾਨੇ ਲਾਗੇ ਕਚਹਿਰੀ ਚੌਂਕ ਕੋਲ ਅਰੁਣ ਕੁਮਾਰ ਅਤੇ ਉਸ ਦਾ ਭਰਾ ਸੁਖਦੇਵ ਸਿੰਘ ਆ ਗਏ ਹਰਪਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਹੈ ਕਿ ਅਰੁਣ ਕੁਮਾਰ ਕੋਲ ਕਿਰਪਾਨ ਸੀ ਜਦੋਂਕਿ ਉਸ ਦੇ ਭਰਾ ਨੇ ਬੈਟ ਫੜ੍ਹਿਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਅਰੁਣ ਕੁਮਾਰ ਨੇ ਤਲਵਾਰ ਨਾਲ ਉਸ ਦੀ ਮਾਂ ‘ਤੇ ਹੱਲਾ ਬੋਲ ਦਿੱਤਾ, ਜਿਸ ਨਾਲ ਉਸਦੀ ਮਾਤਾ ਦੇ ਸਿਰ ‘ਚ ਗੰਭੀਰ ਸੱਟਾਂ ਲੱਗੀਆਂ ਉਨ੍ਹਾਂ ਦੱਸਿਆ ਕਿ ਜਦੋਂ ਉਸ ਦੀ ਮਾਤਾ ਦਾ ਬਚਾਅ ਕਰਨ ਲਈ ਪਿਤਾ, ਭਰਾ ਤੇ ਉਸ ਦੇ ਦੋਸਤ ਆਏ ਤਾਂ ਅਰੁਣ ਨੇ ਉਨ੍ਹਾਂ ‘ਤੇ ਵੀ ਤਲਵਾਰ ਦੇ ਵਾਰ ਕੀਤੇ, ਜਿਸ ਨਾਲ ਉਹ ਵੀ ਜ਼ਖਮੀ ਹੋ ਗਏ ਹਰਪਿੰਦਰ ਕੌਰ ਮੁਤਾਬਕ ਸੁਖਦੇਵ ਸਿੰਘ ਨੇ ਉਸ ਦੇ ਬੈਟ ਮਾਰੇ ਜਿਸ ਨਾਲ ਉਹ ਵੀ ਜ਼ਖਮੀ ਹੋਈ ਹੈ ਓਧਰ ਮਾਮਲੇ ਦੀ ਜਾਂਚ ਅਧਿਕਾਰੀ ਤੇ ਕੋਰਟ ਕੰਪਲੈਕਸ ਚੌਂਕੀ ਦੀ ਇੰਚਾਰਜ ਸਬ ਇੰਸਪੈਕਟਰ ਸੁਖਵੀਰ ਕੌਰ ਨੇ ਦੱਸਿਆ ਕਿ ਹਰਪਿੰਦਰ ਕੌਰ ਦੇ ਬਿਆਨਾਂ ਦੇ ਅਧਾਰ ‘ਤੇ ਅਰੁਣ ਕੁਮਾਰ ਤੇ ਉਸ ਦੇ ਭਰਾ ਸੁਖਦੇਵ ਸਿੰਘ ਪੁਤਰਾਨ ਕਾਲਾ ਸਿੰਘ ਵਾਸੀਆਨ ਧੋਬੀਆਣਾ ਬਸਤੀ ਬਠਿੰਡਾ ਖਿਲਾਫ ਧਾਰਾ 308,323,34 ਤਹਿਤ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।