ਮਹਾਂ ਸ਼ਹੀਦ ਪ੍ਰਦੀਪ ਸਿੰਘ ਇੰਸਾਂ ਨਮਿੱਤ ਹੋਈ ਨਾਮ ਚਰਚਾ ’ਚ ਪੁੱਜੀ ਵੱਡੀ ਗਿਣਤੀ ’ਚ ਸਾਧ-ਸੰਗਤ

ਮਾਨਵਤਾ ਭਲਾਈ ਦੇ ਕਾਰਜਾਂ ’ਚ ਹਮੇਸ਼ਾ ਡਟੇ ਰਹਿਣ ਵਾਲਾ ਇਨਸਾਨ ਸੀ ਪ੍ਰਦੀਪ ਇੰਸਾਂ : ਬੁਲਾਰੇ

ਕੋਟਕਪੂਰਾ, (ਸੁਖਜੀਤ ਮਾਨ/ਅਜੇ ਮਨਚੰਦਾ)। ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤਹਿਤ ਹਰ ਧਰਮ ਦਾ ਸਤਿਕਾਰ, ਲੋੜਵੰਦਾਂ ਦੀ ਮੱਦਦ ਤੇ ਸੱਚ ਦੇ ਰਾਹ ’ਤੇ ਅਡੋਲ ਚੱਲਣ ਵਾਲੇ ਮਹਾਂ ਸ਼ਹੀਦ ਪ੍ਰਦੀਪ ਸਿੰਘ ਇੰਸਾਂ ਨਮਿੱਤ ਨਾਮ ਚਰਚਾ ਘਰ ਕੋਟਕਪੂਰਾ ਵਿਖੇ ਹੋਈ ਨਾਮ ਚਰਚਾ ਵਿੱਚ ਅੱਜ ਹਜ਼ਾਰਾਂ ਡੇਰਾ ਸ਼ਰਧਾਲੂਆਂ, ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਸਥਾਨਕ ਨਿਵਾਸੀਆਂ ਵੱਲੋਂ ਸ਼ਿਰਕਤ ਕੀਤੀ ਗਈ। ਪ੍ਰਦੀਪ ਦੇ ਵਿਛੋੜੇ ਕਾਰਨ ਸੰਗਤ ਦੀਆਂ ਅੱਖਾਂ ਭਾਵੇਂ ਨਮ ਸੀ ਪਰ ਉਸ ਦੀ ਸੇਵਾ ਭਾਵਨਾ ਨੂੰ ਚੇਤੇ ਕਰ ਸ਼ਰਧਾ ਦੇ ਫੁੱਲ ਭੇਂਟ ਕਰਕੇ ਸਲਾਮ ਕੀਤਾ। ਨਾਮ ਚਰਚਾ ਦੌਰਾਨ ਪ੍ਰਦੀਪ ਇੰਸਾਂ ਅਮਰ ਰਹੇ ਦੇ ਨਾਅਰੇ ਵੀ ਗੂੰਜੇ ।

ਨਾਮ ਚਰਚਾ ਦੌਰਾਨ ਸ਼ਰਧਾਂਜਲੀ ਭੇਂਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਵੇਂ ਹੀ ਨਿਰਦੋਸ਼ ਪ੍ਰਦੀਪ ਸਿੰਘ ਇੰਸਾਂ ਨੂੰ ਇਨਸਾਨੀਅਤ ਤੇ ਸ਼ਾਂਤੀ ਦੇ ਦੁਸ਼ਮਣਾਂ ਨੇ ਕਤਲ ਕਰ ਦਿੱਤਾ ਪਰ ਆਖਰੀ ਦਮ ਤੱਕ ਪ੍ਰਦੀਪ ਨੇ ਸੱਚ ਦਾ ਹੀ ਸਾਥ ਦਿੱਤਾ। ਜਿਉਂਦੇ ਜੀਅ ਮਾਨਵਤਾ ਭਲਾਈ ਦੇ ਕਾਰਜ ਕਰਨ ਵਾਲਾ ਪ੍ਰਦੀਪ ਸਿੰਘ ਇੰਸਾਂ ਆਪਣੀ ਸ਼ਹਾਦਤ ਪਿੱਛੋਂ ਵੀ ਦੋਵੇਂ ਅੱਖਾਂ ਦਾਨ ਕਰ ਗਿਆ, ਜਿਸ ਸਦਕਾ ਕਿਸੇ ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਰੌਸ਼ਨੀ ਮਿਲੀ।

ਇਸ ਮੌਕੇ 45 ਮੈਂਬਰ ਗੁਰਮੇਲ ਸਿੰਘ ਇੰਸਾਂ ਬਠਿੰਡਾ ਨੇ ਕਿਹਾ ਕਿ ਪ੍ਰਦੀਪ ਇੰਸਾਂ ਇੱਕ ਮਿਹਨਤੀ ਤੇ ਅਣਥੱਕ ਸੇਵਾਦਾਰ ਸੀ। ਉਨ੍ਹਾਂ ਦੱਸਿਆ ਕਿ ਪ੍ਰਦੀਪ ਇੰਸਾਂ ਦੇ ਪਿਤਾ ਸਾਧੂ ਸਿੰਘ ਬਲਾਕ ਦੇ 25 ਮੈਂਬਰ ਵਜੋਂ ਤੇ ਪਤਨੀ ਸਿਮਰਨ ਇੰਸਾਂ ਬਲਾਕ ਦੀ ਸੁਜਾਨ ਭੈਣ ਵਜੋਂ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਮੁੱਚੀ ਸਾਧ ਸੰਗਤ ਪ੍ਰਦੀਪ ਸਿੰਘ ਇੰਸਾਂ ਦੇ ਪਰਿਵਾਰ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇਗੀ।

ਆਲ ਇੰਡੀਆ ਕਰਿਆਣਾ ਐਸੋਸੀਏਸ਼ਨ ਤੇ ਚੇਂਬਰ ਆਫ਼ ਕਾਮਰਸ ਦੇ ਪ੍ਰਧਾਨ ਓਂਕਾਰ ਗੋਇਲ ਨੇ ਕਿਹਾ ਕਿ ਐਨੀਂ ਵੱਡੀ ਦੁੱਖ ਦੀ ਘੜੀ ਦੇ ਬਾਵਜ਼ੂਦ ਜੋ ਹੌਂਸਲਾ, ਸਬਰ ਤੇ ਸ਼ਾਂਤੀ ਦਾ ਸੰਦੇਸ਼ ਸਾਧ-ਸੰਗਤ ਨੇ ਦਿੱਤਾ ਉਹ ਕਾਬਿਲੇ-ਤਾਰੀਫ ਹੈ। ਉਨ੍ਹਾਂ ਕਿਹਾ ਕਿ ਡੇਰੇ ਦੇ ਸੇਵਾਦਾਰ ਜਿੰਨ੍ਹਾਂ ਦੇ ਚੁੱਲ੍ਹੇ ਨਹੀਂ ਜਲਦੇ, ਉਹਨਾਂ ਦੇ ਚੁਲ੍ਹੇ ਬਲਦੇ ਹਨ ਤੇ ਹੋਰ ਹਰ ਸੰਭਵ ਮੱਦਦ ਕਰਦੇ ਹਨ, ਪ੍ਰਦੀਪ ਇੰਸਾਂ ਵੀ ਉਨ੍ਹਾਂ ਵਿੱਚੋਂ ਇੱਕ ਸੀ। ਉਨ੍ਹਾਂ ਕਿਹਾ ਕਿ ਪ੍ਰਦੀਪ ਇੰਸਾਂ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਉਹਨਾਂ ਦੀ ਯਾਦ ਵਿੱਚ ਆਪਾਂ ਸਾਰੇ ਇੱਕ-ਇੱਕ ਪੌਦਾ ਲਾਈਏ ਤੇ ਮਾਨਵਤਾ ਭਲਾਈ ਦੇ ਕਾਰਜ ਲਗਾਤਾਰ ਜਾਰੀ ਰੱਖੇ ਜਾਣ।

45 ਮੈਂਬਰ ਗੁਰਦੇਵ ਸਿੰਘ ਇੰਸਾਂ ਬਠਿੰਡਾ ਨੇ ਆਪਣੇ ਸੰਬੋਧਨ ਦੌਰਾਨ ਪ੍ਰਦੀਪ ਇੰਸਾਂ ਨੂੰ ਗੋਲੀਆਂ ਮਾਰਕੇ ਕਤਲ ਕਰਨ ਵਾਲਿਆਂ ਨੂੰ ਕਿਹਾ ‘‘ਪ੍ਰਦੀਪ ਇੰਸਾਂ, ਜਿਸ ਦਾ ਬਲੱਡ ਗਰੁੱਪ ਓ ਨੈਗਟਿਵ ਸੀ, ਜੋ ਬਹੁਤ ਘੱਟ ਮਿਲਦਾ ਹੈ, ਪ੍ਰਦੀਪ ਖੂਨਦਾਨ ਕਰਕੇ ਜ਼ਿੰਦਗੀਆਂ ਬਚਾਉਂਦਾ ਸੀ, ਹੁਣ ਦੱਸੋ ਉਹ ਕੌਣ ਬਚਾਵੇਗਾ’’।

ਉਨ੍ਹਾਂ ਕਿਹਾ ਕਿ ਜਿਸ ਇਨਸਾਨ ਦੀ ਦਿਨ ਦੀ ਸ਼ੂਰੂਆਤ ਪੰਛੀਆਂ ਨੂੰ ਚੋਗਾ ਤੇ ਆਪਣੀ ਨੇਕ ਕਮਾਈ ਵਿੱਚੋਂ ਮਾਨਵਤਾ ਦੀ ਭਲਾਈ ਲਈ ਕੁਝ ਹਿੱਸਾ ਕੱਢਣ ਨਾਲ ਹੁੰਦੀ ਹੋਵੇ, ਉਹ ਇਨਸਾਨ ਬੇਅਦਬੀ ਨਹੀਂ ਕਰ ਸਕਦਾ । ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਜਿਸ ਪਿਓ ਦੇ ਪੁੱਤ ਦੇ 11 ਗੋਲੀਆਂ ਮਾਰਕੇ ਕਤਲ ਕੀਤਾ ਗਿਆ ਹੋਵੇ, ਤੇ ਉਹ ਪਿਓ ਆਖੇ ਮੇਰੇ ਪੁੱਤ ਦੀਆਂ ਅੱਖਾਂ ਦਾਨ ਕਰ ਦਿੱਤੀਆਂ ਜਾਣ ਫਿਰ ਅਜਿਹੇ ਬਾਪ ਦੀ ਔਲਾਦ ਬੇਅਦਬੀ ਨਹੀਂ ਕਰ ਸਕਦੀ। ਗੁਰਦੇਵ ਸਿੰਘ ਇੰਸਾਂ ਨੇ ਇਸ ਮੌਕੇ ਮਹਿੰਦਰਪਾਲ ਬਿੱਟੂ ਇੰਸਾਂ (ਜਿਸ ਦਾ ਜ਼ੇਲ੍ਹ ’ਚ ਕਤਲ ਕਰ ਦਿੱਤਾ ਸੀ) ਵੱਲੋਂ ਜ਼ੇਲ੍ਹ ’ਚ ਲਿਖੀ ਗਈ ਡਾਇਰੀ ਦੇ ਕੁਝ ਮੁੱਖ ਅੰਸ਼ ਵੀ ਪੜ੍ਹ ਕੇ ਸੁਣਾਏ ਗਏ।

ਇਸ ਤੋਂ ਪਹਿਲਾਂ ਪ੍ਰਦੀਪ ਇੰਸਾਂ ਦੀ ਉਹ ਵੀਡੀਓ ਵੀ ਸਾਧ-ਸੰਗਤ ਨੂੰ ਦਿਖਾਈ ਗਈ, ਜਿਸ ’ਚ ਪ੍ਰਦੀਪ ਇੰਸਾਂ ਨੇ ਉਹ ਸਾਰੀ ਗੱਲਬਾਤ ਦੱਸੀ ਸੀ ਕਿ ਕਿਸ ਤਰ੍ਹਾਂ ਪੁਲਿਸ ਨੇ ਉਨ੍ਹਾਂ ਨਾਲ ਅਣਮਨੁੱਖੀ ਤਸ਼ੱਦਦ ਕੀਤਾ। ਇਹ ਸਭ ਸੁਣ-ਦੇਖ ਕੇ ਸਾਧ-ਸੰਗਤ ਦੇ ਲੂੰ ਕੰਡੇ ਖੜ੍ਹੇ ਹੋ ਗਏ ਤੇ ਆਪ-ਮੁਹਾਰੇ ਹੰਝੂ ਵਹਿ ਤੁਰੇ। ਇਸ ਮੌਕੇ ਡੀਏਵੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਰਾਜਵੀਰ ਸਿੰਘ ਸ਼ੋਕ ਸੰਦੇਸ਼ ਲੈ ਕੇ ਪੁੱਜੇ ਅਤੇ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵੱਲੋਂ ਵੀ ਸ਼ੋਕ ਸੰਦੇਸ਼ ਭੇਜਿਆ ਗਿਆ

ਇਸ ਮੌਕੇ ਚੈਂਬਰ ਆਫ਼ ਕਾਮਰਸ ਦੇ ਜਰਨਲ ਸਕੱਤਰ ਰਮਨ ਮਨਚੰਦਾ, ਠੇਕੇਦਾਰ ਖ਼ਜ਼ਾਨਚੀ ਲਾਲ ਮਿੱਤਲ , ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਸਕੱਤਰ ਸੁਨੀਤਾ ਗਰਗ, ਜਗਦੀਸ਼ ਸੇਤੀਆ , ਲਾਇਨਜ਼ ਕਲੱਬ ਰਾਇਲ ਕੋਟਕਪੂਰਾ ਦੇ ਪ੍ਰਧਾਨ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਦੋਧੀ ਯੂਨੀਅਨ ਕੋਟਕਪੂਰਾ ਦੇ ਪ੍ਰਧਾਨ ਧਰਮਿੰਦਰ ਸਿੰਘ ਤੋਂ ਇਲਾਵਾ ਪੰਜਾਬ ਦੇ 45 ਮੈਂਬਰ ਸੇਵਾਦਾਰ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ ਇਸ ਮੌਕੇ ਨਾਮ ਚਰਚਾ ਦੀ ਕਾਰਵਾਈ ਸਿਕੰਦਰ ਸਿੰਘ ਧੂਲਕੋਟ ਬਲਾਕ ਭੰਗੀਦਾਸ ਦੋਦਾ ਵੱਲੋਂ ਚਲਾਈ ਗਈ ਦੱਸਣਯੋਗ ਹੈ ਕਿ ਪ੍ਰਦੀਪ ਸਿੰਘ ਇੰਸਾਂ ਦਾ ਲੰਘੀ 10 ਨਵੰਬਰ ਨੂੰ ਸਵੇਰ ਵੇਲੇ 6 ਜਣਿਆਂ ਨੇ ਉਸ ਵੇਲੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ, ਜਦੋਂ ਉਹ ਰੋਜ਼ਾਨਾ ਦਾ ਤਰ੍ਹਾਂ ਆਪਣੀ ਦੁਕਾਨ ’ਤੇ ਗਿਆ ਸੀ।

ਸ਼ਾਂਤੀ ਭੰਗ ਕਰਨ ਵਾਲਿਆਂ ਦੇ ਚਿਹਰੇ ਸਾਹਮਣੇ ਆਉਣੇ ਚਾਹੀਦੇ ਹਨ : ਗੁਰਦੇਵ ਇੰਸਾਂ

45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਬਠਿੰਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਦੀਪ ਇੰਸਾਂ ਦੇ ਕਤਲ ਮਾਮਲੇ ਦੇ ਪਿੱਛੇ ਕਿਸ ਦਾ ਹੱਥ ਹੈ, ਉਹ ਕਿਹੜੀਆਂ ਸਾਜ਼ਿਸਾਂ ਹਨ ਜੋ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰ ਰਹੀਆਂ ਹਨ, ਉਨ੍ਹਾਂ ਸਭ ਦੇ ਚਿਹਰੇ ਸਾਹਮਣੇ ਆਉਣੇ ਚਾਹੀਦੇ ਹਨ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਬੇਅਦਬੀ ਦੇ ਅਸਲੀ ਮੁੱਖ ਦੋਸ਼ੀਆਂ ਨੂੰ ਵੀ ਸਾਹਮਣੇ ਲਿਆਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਬੇਅਦਬੀ ਕਿਨ੍ਹਾਂ ਨੇ ਕੀਤੀ ਹੈ

ਡੇਰਾ ਸ਼ਰਧਾਲੂਆਂ ਨੇ ਬੇਅਦਬੀ ਨਹੀਂ ਕੀਤੀ : ਬਸੰਤ ਇੰਸਾਂ

ਐਡਵੋਕੇਟ ਬਸੰਤ ਸਿੰਘ ਇੰਸਾਂ ਨੇ ਮਹਾਂ ਸ਼ਹੀਦ ਪ੍ਰਦੀਪ ਸਿੰਘ ਇੰਸਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਪ੍ਰਦੀਪ ਸਮੇਤ ਹੋਰਨਾਂ ਡੇਰਾ ਸ਼ਰਧਾਲੂਆਂ ਨੇ ਬੇਅਦਬੀ ਨਹੀਂ ਕੀਤੀ ਸਗੋਂ ਪੁਲਿਸ ਨੇ ਕੁੱਟ-ਕੁੱਟ ਕੇ ਉਨ੍ਹਾਂ ਤੋਂ ਅਖਵਾਇਆ ਹੈ ਉਨ੍ਹਾਂ ਕਿਹਾ ਕਿ ਜਿਸ ਪਰਿਵਾਰ ਦੇ ਸਾਰੇ ਬੱਚਿਆਂ ਦੀ ਸ਼ਾਦੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਈ ਹੋਵੇ, ਉਸ ਪਰਿਵਾਰ ਦੇ ਬੱਚੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹਾ ਘਿਨੌਣਾ ਕੰਮ ਕਰਨਾ ਤਾਂ ਦੂਰ ਦੀ ਗੱਲ ਸੋਚ ਵੀ ਨਹੀਂ ਸਕਦੇ

ਪੰਜ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਇਸ ਨਾਮ ਚਰਚਾ ਮੌਕੇ ਮਹਾਂ ਸ਼ਹੀਦ ਪ੍ਰਦੀਪ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰਾਂ ਨੇ 5 ਲੋੜਵੰਦ ਪਰਿਵਾਰਾਂ ਨੂੰ ਡੇਰਾ ਸੱਚਾ ਸੌਦਾ ਦੀ ਸਿੱਖਿਆ ਤਹਿਤ ਘਰੇਲੂ ਵਰਤੋਂ ਦਾ ਰਾਸ਼ਨ ਵੀ ਵੰਡਿਆ ਪਰਿਵਾਰ ਵੱਲੋਂ ਦੁੱਖ ਦੀ ਇਸ ਘੜੀ ਦੇ ਬਾਵਜ਼ੂਦ ਆਪਣੇ ਸਤਿਗੁਰੂ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਕੀਤੇ ਇਸ ਕਾਰਜ਼ ਦੀ ਹਾਜ਼ਰ ਸਾਧ-ਸੰਗਤ ਵੱਲੋਂ ਸ਼ਲਾਘਾ ਕੀਤੀ ਗਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ