ਲੋਹੜੀ ਦੇ ਗੀਤਾਂ ਵਾਲਾ ਲੋਕ ਨਾਇਕ, ਦੁੱਲਾ ਭੱਟੀ

Who is Dulla Bhatti

ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਊਣਾ ਮੌੜ ਅਤੇ ਸੁੱਚਾ ਸੂਰਮਾ ਵਿੱਚੋਂ ਅਬਦੁੱਲਾ ਖਾਨ ਭੱਟੀ ਉਰਫ ਦੁੱਲਾ ਭੱਟੀ (Who is Dulla Bhatti) ਸਭ ਤੋਂ ਪਹਿਲਾਂ ਹੋਇਆ ਹੈ। ਦੁੱਲਾ ਭੱਟੀ ਪੰਜਾਬ ਦਾ ਪਹਿਲਾ ਰੌਬਿਨ ਹੁੱਡ ਸੀ। ਉਸ ਦਾ ਜਨਮ 1569 ਈ. ਦੇ ਕਰੀਬ ਅਕਬਰ ਮਹਾਨ ਦੇ ਸ਼ਾਸ਼ਨ ਕਾਲ ਵਿੱਚ ਹੋਇਆ ਸੀ। ਉਸ ਦੀ ਮਾਂ ਦਾ ਨਾਂਅ ਲੱਧੀ ਅਤੇ ਬਾਪ ਦਾ ਨਾਂਅ ਰਾਏ ਫਰੀਦ ਖਾਨ ਭੱਟੀ ਸੀ ਜੋ ਮੁਸਲਿਮ ਰਾਜਪੂਤ ਸੀ। ਫਰੀਦ ਖਾਨ ਸਾਂਦਲ ਬਾਰ ਦੇ ਪਿੰਡੀ ਭੱਟੀਆਂ ਇਲਾਕੇ ਦਾ ਸਰਦਾਰ ਸੀ ਤੇ ਉਸ ਦਾ ਪ੍ਰਭਾਵ ਲਹਿੰਦੇ ਪੰਜਾਬ ਦੇ ਮੌਜੂਦਾ ਜਿਲ੍ਹੇ ਹਾਫੀਜ਼ਾਬਾਦ ਤੋਂ ਲੈ ਕੇ ਮੁਲਤਾਨ ਤੱਕ ਸੀ।

ਪਿੰਡੀ ਭੱਟੀਆਂ ਦਾ ਇਲਾਕਾ ਅੱਜ-ਕੱਲ੍ਹ ਪਾਕਿਸਤਾਨ ਦੇ ਜਿਲ੍ਹਾ ਫੈਸਲਾਬਾਦ ਦੇ ਆਸ-ਪਾਸ ਪੈਂਦਾ ਹੈ। ਅਕਬਰ ਤੋਂ ਪਹਿਲਾਂ ਭਾਰਤ ਵਿੱਚ ਜ਼ਮੀਨਾਂ ਦਾ ਲਗਾਨ ਇਕੱਠਾ ਕਰਨ ਵੇਲੇ ਬਹੁਤ ਧਾਂਦਲੀ ਚੱਲਦੀ ਸੀ। ਪਰ ਅਕਬਰ ਨੇ ਆਪਣੇ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਦੀ ਮੱਦਦ ਨਾਲ ਸਾਰੇ ਰਾਜ ਵਿੱਚ ਜ਼ਮੀਨ ਦੀ ਮਿਣਤੀ ਕਰਵਾਈ ਤੇ ਉਸੇ ਹਿਸਾਬ ਨਾਲ ਲਗਾਨ ਨਿਸ਼ਚਿਤ ਕਰ ਦਿੱਤਾ। ਮਾਮਲਾ ਉਗਰਾਹੁਣਾ ਜਿੰਮੀਦਾਰ ਆਪਣਾ ਰੱਬੀ ਹੱਕ ਸਮਝਦੇ ਸਨ। ਪਰ ਅਕਬਰ ਵੱਲੋਂ ਸਿੱਧਾ ਮਾਮਲਾ ਉਗਰਾਹੁਣ ਤੋਂ ਜਿੰਮੀਦਾਰ ਭੜਕ ਗਏ ਤੇ ਆਪਣੇ ਅਧਿਕਾਰਾਂ ਵਿੱਚ ਦਖਲ ਸਮਝ ਕੇ ਬਗਾਵਤਾਂ ਸ਼ੁਰੂ ਕਰ ਦਿੱਤੀਆਂ। ਬਾਰਾਂ ਵਿੱਚ ਰਹਿਣ ਵਾਲੇ ਲੋਕ ਮੁੱਢ ਤੋਂ ਹੀ ਬਾਗੀ ਸਨ।

ਇਹ ਲੋਕ ਸਰਕਾਰੀ ਹਕੂਮਤ ਨੂੰ ਨਹੀਂ ਸਨ ਮੰਨਦੇ (Who is Dulla Bhatti)

ਮਹਿਮੂਦ ਗਜ਼ਨਵੀ ਤੇ ਬਾਬਰ ਨੂੰ ਵੀ ਇਸ ਇਲਾਕੇ ਵਿੱਚ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਲੜਨ-ਭਿੜਨ ਤੇ ਲੁੱਟਮਾਰ ਦੇ ਸ਼ੌਕੀਨ ਇਹ ਲੋਕ ਸਰਕਾਰੀ ਹਕੂਮਤ ਨੂੰ ਨਹੀਂ ਸਨ ਮੰਨਦੇ। ਇੱਥੋਂ ਤੱਕ ਕਿ ਆਪਣੇ ਇਲਾਕੇ ’ਚੋਂ ਲੰਘਣ ਵਾਲੇ ਕਾਫਲਿਆਂ ਤੇ ਸਰਕਾਰੀ ਖਜ਼ਾਨੇ ਨੂੰ ਵੀ ਲੁੱਟ ਲੈਂਦੇ ਸਨ। ਫਰੀਦ ਖਾਨ ਭੱਟੀ ਨੇ ਵੀ ਬਗਾਵਤ ਕਰ ਦਿੱਤੀ, ਪਰ ਮੁਗਲ ਸੈਨਾ ਨੇ ਜਲਦੀ ਹੀ ਬਗਾਵਤਾਂ ਦਬਾ ਦਿੱਤੀਆਂ।

ਫਰੀਦ ਖਾਨ ਤੇ ਉਸ ਦੇ ਬਾਪ ਸਾਂਦਲ ਖਾਨ ਭੱਟੀ ਨੂੰ ਫਾਂਸੀ ਲਾ ਦਿੱਤਾ ਗਿਆ ਤੇ ਜਗੀਰਾਂ ਜ਼ਬਤ ਕਰ ਲਈਆਂ ਗਈਆਂ। ਕਹਿੰਦੇ ਹਨ ਕਿ ਫਰੀਦ ਖਾਨ, ਸਾਂਦਲ ਖਾਨ ਤੇ ਉਨ੍ਹਾਂ ਦੇ ਸਾਥੀਆਂ ਦੀਆਂ ਲਾਸ਼ਾਂ ਤੂੜੀ ਨਾਲ ਭਰ ਕੇ ਸ਼ਾਹੀ ਕਿਲ੍ਹਾ ਲਾਹੌਰ ਦੇ ਦਰਵਾਜ਼ੇ ’ਤੇ ਲਟਕਾ ਦਿੱਤੀਆਂ ਗਈਆਂ।
ਦੁੱਲੇ ਦਾ ਜਨਮ ਫਰੀਦ ਦੇ ਮਰਨ ਤੋਂ ਚਾਰ ਮਹੀਨੇ ਬਾਅਦ ਹੋੲਆ ਸੀ। ਦੁੱਲੇ ਨੂੰ ਬਚਪਨ ਵਿੱਚ ਪਤਾ ਨਹੀਂ ਸੀ ਕਿ ਉਸ ਦੇ ਬਾਪ-ਦਾਦੇ ਨਾਲ ਕੀ ਵਾਪਰਿਆ ਹੈ। ਉਸ ਦਾ ਬਚਪਨ ਵੀ ਆਮ ਬੱਚਿਆਂ ਵਾਂਗ ਮਸੀਤ ਵਿੱਚ ਪੜ੍ਹ ਕੇ ਤੇ ਖੇਡ-ਕੁੱਦ ਕੇ ਬੀਤਿਆ।

ਮੌਲਵੀ ਨੇ ਸਖਤੀ ਕੀਤੀ ਤਾਂ ਉਸ ਨੇ ਪੜ੍ਹਨਾ ਹੀ ਛੱਡ ਦਿੱਤਾ

ਉਹ ਬਚਪਨ ਤੋਂ ਹੀ ਬੜਾ ਦਲੇਰ ਤੇ ਬਾਗੀ ਕਿਸਮ ਦਾ ਸੀ। ਜਦੋਂ ਮੌਲਵੀ ਨੇ ਸਖਤੀ ਕੀਤੀ ਤਾਂ ਉਸ ਨੇ ਪੜ੍ਹਨਾ ਹੀ ਛੱਡ ਦਿੱਤਾ। ਉਹ ਬਚਪਨ ਤੋਂ ਤੀਰ, ਤਲਵਾਰ, ਬੰਦੂਕਾਂ ਆਦਿ ਚਲਾਉਣ ਦਾ ਸ਼ੌਕੀਨ ਸੀ। ਗੁਲੇਲ ਨਾਲ ਔਰਤਾਂ ਦੇ ਘੜੇ ਭੰਨ੍ਹ ਦੇਂਦਾ ਤਾਂ ਲੱਧੀ ਉਸ ਨੂੰ ਡਾਂਟਣ ਦੀ ਬਜਾਏ ਆਪਣੇ ਸਵਰਗਵਾਸੀ ਪਤੀ ਦੀ ਇੱਕੋ-ਇੱਕ ਨਿਸ਼ਾਨੀ ਸਮਝ ਕੇ ਨਵੇਂ ਘੜੇ ਲੈ ਦੇਂਦੀ। ਜਦੋਂ ਉਸ ਨੂੰ ਆਪਣੇ ਬਾਪ ਦੀ ਹੋਣੀ ਬਾਰੇ ਪਤਾ ਲੱਗਾ ਤਾਂ ਉਹ ਭੜਕ ਉੱਠਿਆ।

ਉਸ ਨੇ ਅਕਬਰ ਅਤੇ ਮੁਗਲ ਰਾਜ ਦੇ ਖਿਲਾਫ ਬਗਾਵਤ ਕਰ ਦਿੱਤੀ। ਉਸ ਨੇ ਸਰਕਾਰੀ ਖਜ਼ਾਨਾ ਲੁੱਟ ਕੇ ਲੋਕਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਖਰਚੇ ’ਤੇ ਗਰੀਬ ਘਰਾਂ ਦੀਆਂ ਅਨੇਕਾਂ ਲੜਕੀਆਂ ਦੇ ਵਿਆਹ ਕੀਤੇ। ਮੁਗਲਾਂ ਦੇ ਕਈ ਅਹਿਲਕਾਰਾਂ ਤੇ ਸੈਨਿਕਾਂ ਨੂੰ ਕਤਲ ਕਰ ਦਿੱਤਾ ਗਿਆ। ਇੱਕ ਵਾਰ ਤਾਂ ਸਾਂਦਲ ਬਾਰ ਦਾ ਇਲਾਕਾ ਲਾਹੌਰ ਦੇ ਸੂਬੇਦਾਰ ਦੇ ਕਬਜ਼ੇ ਵਿੱਚੋਂ ਇੱਕ ਤਰ੍ਹਾਂ ਅਜ਼ਾਦ ਹੀ ਹੋ ਗਿਆ ਸੀ। ਉਸ ਦੇ ਕਈ ਡਾਕੇ ਬੜੇ ਮਸ਼ਹੂਰ ਹੋਏ ਸਨ। ਉਸ ਨੇ ਇੱਕ ਵਾਰ ਅਕਬਰ ਲਈ ਖਾਸ ਅਰਬੀ ਘੋੜੇ ਲੈ ਕੇ ਜਾਂਦੇ ਕਾਬਲ ਦੇ ਵਪਾਰੀ ਨੂੰ ਲੁੱਟ ਲਿਆ ਸੀ।

ਲੁੱਟਿਆ ਸਾਮਾਨ ਗਰੀਬਾਂ ਵਿੱਚ ਵੰਡਣ ਕਾਰਨ ਸਨ ਹਰਮਨਪਿਆਰੇ

ਇਸ ਤੋਂ ਇਲਾਵਾ ਉਸ ਨੇ ਸ਼ਾਹ ਇਰਾਨ ਵੱਲੋਂ ਅਕਬਰ ਲਈ ਭੇਜੇ ਗਏ ਤੋਹਫੇ ਲੁੱਟ ਕੇ ਤਰਥੱਲੀ ਮਚਾ ਦਿੱਤੀ ਸੀ। ਲੁੱਟਿਆ ਸਾਮਾਨ ਗਰੀਬਾਂ ਵਿੱਚ ਵੰਡਣ ਕਾਰਨ ਲੋਕ ਉਸ ਨੂੰ ਆਪਣੀ ਜਾਨ ਤੋਂ ਵੱਧ ਪਿਆਰ ਕਰਨ ਲੱਗੇ। ਉਸ ਕੱਟੜਤਾ ਵਾਲੇ ਯੁੱਗ ਵਿੱਚ ਵੀ ਉਹ ਧਾਰਮਿਕ ਤੌਰ ’ਤੇ ਬਹੁਤ ਹੀ ਸਹਿਣਸ਼ੀਲ ਸੀ।

ਇਲਾਕੇ ਦੇ ਹਿੰਦੂਆਂ ਪ੍ਰਤੀ ਉਸ ਦਾ ਵਿਹਾਰ ਬਹੁਤ ਹੀ ਪਿਆਰ ਭਰਿਆ ਸੀ। ਉਹ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਨਾਇਕ ਹੈ। ਉਸ ਨੇ ਸੁੰਦਰੀ ਮੁੰਦਰੀ ਨਾਮਕ ਦੋ ਹਿੰਦੂ ਲੜਕੀਆਂ ਨੂੰ ਜਗੀਰਦਾਰ ਦੇ ਪੰਜੇ ਵਿੱਚੋਂ ਬਚਾ ਕੇ ਤੇ ਬਾਪ ਬਣ ਕੇ ਉਨ੍ਹਾਂ ਦਾ ਵਿਆਹ ਕਰਵਾਇਆ ਸੀ ਤੇ ਸਾਰਾ ਦਹੇਜ਼ ਖੁਦ ਦਿੱਤਾ ਸੀ। ਉਸ ਦੇ ਇਸ ਕਾਰਨਾਮੇ ਨੇ ਉਸ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ। ਅੱਜ ਤੱਕ ਹਰ ਸਾਲ ਲੋਕ ਉਸ ਨੂੰ ਲੋਹੜੀ ਦੇ ਤਿਉਹਾਰ ’ਤੇ- ਸੁੰਦਰ ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ, ਗਾ ਕੇ ਯਾਦ ਕਰਦੇ ਹਨ।

ਚੜ੍ਹਾਈ ਬਰਦਾਸ਼ਤ ਨਾ ਹੋਈ

ਦੁੱਲੇ ਨੂੰ ਲੋਕ ਬਹੁਤ ਚਾਹੁਣ ਲੱਗੇ ਸਨ। ਪਰ ਦੁੱਲੇ ਦੀ ਚੜ੍ਹਾਈ ਉਸ ਦੇ ਸਕੇ ਚਾਚੇ ਜਲਾਲੂਦੀਨ ਕੋਲੋਂ ਬਰਦਾਸ਼ਤ ਨਾ ਹੋਈ। ਉਹ ਮੁਗਲਾਂ ਦਾ ਮੁਖਬਰ ਬਣ ਗਿਆ ਤੇ ਖਬਰਾਂ ਸਰਕਾਰ ਤੱਕ ਪਹੁੰਚਾਉਣ ਲੱਗਾ। ਪਰ ਭਾਰੀ ਕੋਸ਼ਿਸ਼ਾਂ ਦੇ ਬਾਵਜ਼ੂਦ ਲਾਹੌਰ ਦਾ ਸੂਬੇਦਾਰ ਦੁੱਲੇ ਨੂੰ ਦਬਾ ਨਾ ਸਕਿਆ ਤੇ ਉਸ ਨੂੰ ਅਨੇਕਾਂ ਵਾਰ ਮੂੰਹ ਦੀ ਖਾਣੀ ਪਈ। ਇਸ ਤੋਂ ਖਿਝ ਕੇ ਅਕਬਰ ਨੇ ਸਾਂਦਲ ਬਾਰ ਦੀ ਬਗਾਵਤ ਦਬਾਉਣ ਲਈ ਆਪਣੇ ਦੋ ਬਹੁਤ ਹੀ ਕਾਬਲ ਜਰਨੈਲ ਮਿਰਜ਼ਾ ਅਲਾਊਦੀਨ ਅਤੇ ਮਿਰਜ਼ਾ ਜ਼ਿਆਊਦੀਨ ਖਾਨ 15000 ਸੈਨਿਕ ਦੇ ਕੇ ਲਾਹੌਰ ਭੇਜ ਦਿੱਤੇ।

ਲਾਹੌਰ ਦੇ ਸੂਬੇਦਾਰ ਨੂੰ ਬੜੇ ਸਖਤ ਹੁਕਮ ਭੇਜੇ ਗਏ ਕਿ ਜੇ ਬਗਾਵਤ ਨਾ ਦਬਾਈ ਗਈ ਤਾਂ ਤੇਰਾ ਸਿਰ ਵੱਢ ਦਿੱਤਾ ਜਾਵੇਗਾ। ਦਿੱਲੀ ਤੋਂ ਆਏ ਜਰਨੈਲਾਂ ਦੀ ਕਮਾਂਡ ਹੇਠ ਲਾਹੌਰ ਅਤੇ ਦਿੱਲੀ ਦੀ ਰਲੀ-ਮਿਲੀ ਫੌਜ ਹੱਥ ਧੋ ਕੇ ਦੁੱਲੇ ਦੇ ਪਿੱਛੇ ਪੈ ਗਈ। ਦੁੱਲੇ ਦਾ ਘਰ-ਘਾਟ ਤਬਾਹ ਕਰ ਦਿੱਤਾ ਗਿਆ ਤੇ ਲੱਧੀ ਸਮੇਤ ਭੱਟੀਆਂ ਦੀਆਂ ਸਾਰੀਆਂ ਔਰਤਾਂ ਬੰਦੀ ਬਣਾ ਲਈਆਂ ਗਈਆਂ।

ਫੌਜ ਦੇ ਨੱਕ ਵਿੱਚ ਦਮ ਕਰ ਦਿੱਤਾ

ਕਈ ਮਹੀਨੇ ਝੜਪਾਂ ਚੱਲਦੀਆਂ ਰਹੀਆਂ, ਦੁੱਲੇ ਅਤੇ ਸਾਥੀਆਂ ਨੇ ਛਾਪਾਮਾਰ ਯੁੱਧ ਨਾਲ ਫੌਜ ਦੇ ਨੱਕ ਵਿੱਚ ਦਮ ਕਰ ਦਿੱਤਾ। ਕਹਿੰਦੇ ਹਨ ਕਿ ਜਦੋਂ ਮੁਗਲ ਉਸ ਨੂੰ ਮੈਦਾਨ ਵਿੱਚ ਨਾ ਹਰਾ ਸਕੇ ਤਾਂ ਉਹਨਾਂ ਨੇ ਛਲ-ਕਪਟ ਦਾ ਸਹਾਰਾ ਲਿਆ। ਵਿਚੋਲੇ ਪਾ ਕੇ ਸੁਲ੍ਹਾ ਦੀ ਗੱਲ ਚਲਾਉਣ ਦਾ ਢੋਂਗ ਰਚਿਆ ਗਿਆ। ਜਦੋਂ ਦੁੱਲਾ ਗੱਲਬਾਤ ਲਈ ਆਇਆ ਤਾਂ ਉਸ ਨੂੰ ਖਾਣੇ ਵਿੱਚ ਨਸ਼ਾ ਮਿਲਾ ਕੇ ਬੇਹੋਸ਼ ਕਰ ਕੇ ਗਿ੍ਰਫਤਾਰ ਕਰ ਲਿਆ ਤੇ ਲਾਹੌਰ ਜੇਲ੍ਹ ਵਿੱਚ ਬੰਦ ਕਰ ਦਿੱਤਾ।

ਆਖਰ 1599 ਈ. ਨੂੰ ਸਿਰਫ 30 ਸਾਲ ਦੀ ਭਰ ਜਵਾਨੀ ਵਿੱਚ ਦੁੱਲੇ ਨੂੰ ਕੋਤਵਾਲੀ ਦੇ ਸਾਹਮਣੇ ਫਾਂਸੀ ਲਾ ਦਿੱਤਾ ਗਿਆ। ਕਹਿੰਦੇ ਹਨ ਕਿ ਉਸ ਦੀਆਂ ਆਖਰੀ ਰਸਮਾਂ ਮਹਾਨ ਸੂਫੀ ਸੰਤ ਸ਼ਾਹ ਹੁਸੈਨ ਨੇ ਨਿਭਾਈਆਂ ਸਨ। ਉਸ ਦੀ ਕਬਰ ਲਾਹੌਰ ਮਿਆਣੀ ਸਾਹਿਬ ਕਬਰਸਤਾਨ ਵਿੱਚ ਬਣੀ ਹੋਈ ਹੈ। ਦੁੱਲਾ ਪੰਜਾਬ ਦੇ ਇਤਿਹਾਸ ਦਾ ਅਮਰ ਕਿਰਦਾਰ ਹੈ ਤੇ ਅਣਖ ਨਾਲ ਜਿਊਣ ਦਾ ਪ੍ਰਤੀਕ ਹੈ।

ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ
ਮੋ. 95011-00062

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here