ਸਾਕਾ ਸਰਹਿੰਦ ਦਾ ਇੱਕ ਮਹਾਨ ਨਾਇਕ, ਦੀਵਾਨ ਟੋਡਰ ਮੱਲ
ਦੀਵਾਨ ਟੋਡਰ ਮੱਲ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੈ ਜਿਸ ਨੇ ਆਪਣੇ ਇਸ਼ਟ ਦੇ ਲਖਤੇ ਜਿਗਰਾਂ ਦੇ ਅੰਤਿਮ ਸਸਕਾਰ ਲਈ ਸੰਸਾਰ ਦੀ ਸਭ ਤੋਂ ਕੀਮਤੀ ਜ਼ਮੀਨ ਖਰੀਦੀ। ਇਹ ਅਦੁੱਤੀ ਕਾਰਨਾਮਾ ਕਰਕੇ ਉਹ ਰਾਤੋ-ਰਾਤ ਸਿੱਖ ਪੰਥ ਦੀਆਂ ਅਤਿ ਆਦਰਯੋਗ ਸ਼ਖਸੀਅਤਾਂ ਵਿੱਚ ਸ਼ਾਮਲ ਹੋ ਗਿਆ। ਉਸ ਦੀ ਇਹ ਕੁਰਬਾਨੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਦਿੱਲੀ ਤੋਂ ਆਨੰਦਪੁਰ ਸਾਹਿਬ ਪਹੁੰਚਾਉਣ ਵਾਲੇ ਭਾਈ ਜੈਤਾ ਤੋਂ ਕਿਸੇ ਪ੍ਰਕਾਰ ਵੀ ਘੱਟ ਨਹੀਂ ਹੈ। ਦੀਵਾਨ ਟੋਡਰ ਮੱਲ ਦੇ ਜਨਮ ਸਥਾਨ, ਖਾਨਦਾਨ, ਜੀਵਨ ਅਤੇ ਵਾਰਸਾਂ ਬਾਰੇ ਇਤਿਹਾਸ ਵਿੱਚ ਜ਼ਿਆਦਾ ਨਹੀਂ ਮਿਲਦਾ। ਕਈ ਵਿਦਵਾਨ ਦੀਵਾਨ ਟੋਡਰ ਮੱਲ ਸਰਹਿੰਦੀ ਨੂੰ ਅਕਬਰ ਦਾ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਹੋਣ ਬਾਰੇ ਭੁਲੇਖਾ ਖਾ ਜਾਂਦੇ ਹਨ। ਦੋਵਾਂ ਦੇ ਜੀਵਨ ਕਾਲ ਵਿੱਚ ਕਰੀਬ 125 ਸਾਲ ਦਾ ਫਰਕ ਹੈ।
ਮੰਨਿਆ ਜਾਂਦਾ ਹੈ ਕਿ ਉਹ ਜਾਤ ਦਾ ਜੈਨ ਖੱਤਰੀ ਸੀ ਤੇ ਗੁਰੂ ਘਰ ਦਾ ਅਤਿਅੰਤ ਸ਼ਰਧਾਲੂ ਸੀ। ਉਹ ਉਸ ਵੇਲੇ ਸਰਹਿੰਦ ਸੂਬੇ ਦਾ ਇੱਕ ਸਭ ਤੋਂ ਅਮੀਰ ਵਪਾਰੀ ਤੇ ਮੁਅੱਜਜ਼ ਦਰਬਾਰੀ ਸੀ। ਪਟਿਆਲਾ ਸਟੇਟ ਗਜ਼ਟੀਅਰ ਦੇ ਮੁਤਾਬਕ ਉਸ ਦਾ ਜੱਦੀ ਪਿੰਡ ਕਾਕੜਾ ਸੀ ਜੋ ਸਮਾਣਾ-ਪਟਿਆਲਾ ਸੜਕ ’ਤੇ ਹੈ ਅਤੇ ਹੁਣ ਥਾਣਾ ਸਦਰ ਸਮਾਣਾ ਅਧੀਨ ਆਉਂਦਾ ਹੈ। ਉਸ ਦੇ ਜਨਮ ਤੋਂ ਪਹਿਲਾਂ ਹੀ ਉਸ ਦੇ ਪੁਰਖੇ ਕਾਰੋਬਾਰ ਕਾਰਨ ਪਿੰਡ ਛੱਡ ਕੇ ਸਰਹਿੰਦ ਵੱਸ ਗਏ ਸਨ। ਉਸ ਦੀ ਅਮੀਰੀ, ਸਰਕਾਰੀ ਪ੍ਰਭਾਵ ਅਤੇ ਸ਼ਾਨੋ-ਸ਼ੌਕਤ ਇਸ ਗੱਲ ਤੋਂ ਸਾਹਮਣੇ ਆਉਂਦੀ ਹੈ ਕਿ ਉਸ ਦੀ ਰਿਹਾਇਸ਼ (ਜਹਾਜ਼ ਹਵੇਲੀ) ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਮਹਿਲ ਦੇ ਬਿਲਕੁਲ ਨਜ਼ਦੀਕ ਸੀ।
ਸੰਨ 26 ਦਸੰਬਰ 1704 ਈ. ਨੂੰ ਵਜ਼ੀਰ ਖਾਨ ਦੇ ਹੁਕਮ ਨਾਲ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਮਾਤਾ ਗੁਜ਼ਰੀ ਜੀ ਵੀ ਸ਼ਹੀਦ ਹੋ ਗਏ। ਇਤਿਹਾਸ ਅਨੁਸਾਰ ਇਸ ਕਾਂਡ ਵਿੱਚ ਦੀਵਾਨ ਸੁੱਚਾ ਨੰਦ ਨੇ ਬਹੁਤ ਘਟੀਆ ਅਤੇ ਨਵਾਬ ਮਲੇਰ ਕੋਟਲਾ ਸ਼ੇਰ ਮੁਹੰਮਦ ਖਾਨ ਨੇ ਬਹੁਤ ਸ਼ਲਾਘਾਯੋਗ ਕਿਰਦਾਰ ਨਿਭਾਇਆ। ਹੋ ਸਕਦਾ ਹੈ ਕਿ ਗੁਰੂ ਘਰ ਦੇ ਪ੍ਰੇਮੀ ਦੀਵਾਨ ਟੋਡਰ ਮੱਲ ਅਤੇ ਹੋਰ ਪਤਵੰਤਿਆਂ ਨੇ ਵੀ ਵਜ਼ੀਰ ਖਾਨ ਨੂੰ ਸਮਝਾਇਆ ਹੋਵੇ, ਪਰ ਪੱਥਰ ਦਿਲ ਸੂਬੇਦਾਰ ਨੇ ਕਿਸੇ ਦੀ ਨਾ ਸੁਣੀ।
ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਤੋਂ ਬਾਅਦ ਡਰਦੇ ਮਾਰੇ ਕਿਸੇ ਦੀ ਇਹ ਹਿੰਮਤ ਨਾ ਪਈ ਕਿ ਉਹਨਾਂ ਦਾ ਵਿਧੀ ਪੂਰਵਕ ਅੰਤਿਮ ਸਸਕਾਰ ਕਰ ਸਕੇ। ਉਸ ਵੇਲੇ ਸਰਹਿੰਦ ਵਿੱਚ ਹਿੰਦੂ ਵੱਡੀ ਗਿਣਤੀ ਵਿੱਚ ਵੱਸਦੇ ਸਨ ਤੇ ਉੱਥੇ ਹਿੰਦੂਆਂ ਦੇ ਕਈ ਸ਼ਮਸ਼ਾਨ ਘਾਟ ਵੀ ਮੌਜੂਦ ਸਨ। ਫਿਰ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਅੰਤਿਮ ਸੰਸਕਾਰ ਉੱਥੇ ਕਿਉਂ ਨਾ ਕੀਤਾ ਗਿਆ? ਕਿਉਂ ਉਹਨਾਂ ਦੇ ਅੰਤਿਮ ਸੰਸਕਾਰ ਲਈ ਜ਼ਮੀਨ ਖਰੀਦਣੀ ਪਈ? ਲੱਗਦਾ ਹੈ ਕਿ ਸੂਬੇਦਾਰ ਦਾ ਦਿਲ ਗੁਰੂਘਰ ਪ੍ਰਤੀ ਨਫਰਤ ਨਾਲ ਐਨਾ ਭਰਿਆ ਹੋਇਆ ਸੀ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਵੀ ਉਸ ਦਾ ਮਨ ਸ਼ਾਂਤ ਨਾ ਹੋਇਆ। ਉਹ ਪਵਿੱਤਰ ਦੇਹਾਂ ਦਾ ਵੀ ਅਪਮਾਨ ਕਰਨਾ ਚਾਹੁੰਦਾ ਸੀ। ਉਸ ਦੀ ਇੱਛਾ ਸੀ ਕਿ ਉਹਨਾਂ ਦਾ ਸਿੱਖ ਰਹੁ-ਰੀਤਾਂ ਮੁਤਾਬਕ ਸਸਕਾਰ ਨਾ ਹੋ ਸਕੇ। ਉਸ ਨੇ ਹੁਕਮ ਜਾਰੀ ਕਰ ਦਿੱਤਾ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕਿਸੇ ਸ਼ਮਸ਼ਾਨ ਘਾਟ ਵਿੱਚ ਨਾ ਕੀਤਾ ਜਾਵੇ। ਇਹ ਵੀ ਹੋ ਸਕਦਾ ਹੈ ਕਿ ਜਦੋਂ ਦੀਵਾਨ ਟੋਡਰ ਮੱਲ ਨੇ ਤਰਲੇ-ਮਿੰਨਤਾਂ ਕਰ ਕੇ ਦੇਹਾਂ ਪ੍ਰਾਪਤ ਕੀਤੀਆਂ ਹੋਣ ਤਾਂ ਕਿਸੇ ਸੁੱਚਾ ਨੰਦ ਵਰਗੇ ਸਿਆਣੇ ਨੇ ਸੂਬੇਦਾਰ ਨੂੰ ਸਲਾਹ ਦਿੱਤੀ ਹੋਵੇ ਕਿ ਸੇਠ ਕੋਲ ਬਹੁਤ ਪੈਸਾ ਹੈ, ਜੇ ਉਸ ਨੇ ਅੰਤਿਮ ਸਸਕਾਰ ਕਰਨਾ ਹੈ ਤਾਂ ਉਸ ਨੂੰ ਜਗ੍ਹਾ ਖਰੀਦਣੀ ਚਾਹੀਦੀ ਹੈ। ਇਸ ਲਈ ਲੱਗਦਾ ਕਿ ਸੂਬੇਦਾਰ ਨੇ ਉਸ ਨੂੰ ਸ਼ਰਤਾਂ ਅਧੀਨ ਹੀ ਦੇਹਾਂ ਦਿੱਤੀਆਂ ਸਨ।
ਸਰਕਾਰੀ ਕਹਿਰ ਦੇ ਡਰ ਕਾਰਨ ਸਰਹਿੰਦ ਦੇ ਕਿਸੇ ਜ਼ਿੰੰਮੀਦਾਰ ਦੀ ਜ਼ਮੀਨ ਦੇਣ ਦੀ ਹਿੰਮਤ ਨਾ ਪਈ। ਅਖੀਰ ਇੱਕ ਜ਼ਿੰਮੀਦਾਰ ਚੌਧਰੀ ਅੱਤਾ ਜ਼ਮੀਨ ਵੇਚਣ ਲਈ ਰਾਜ਼ੀ ਹੋ ਗਿਆ। ਪਰ ਉਸ ਨੇ ਵੀ ਰੱਜ ਕੇ ਦੀਵਾਨ ਦੀ ਮਜ਼ਬੂਰੀ ਦਾ ਫਾਇਦਾ ਉਠਾਇਆ। ਉਸ ਨੇ ਸ਼ਰਤ ਰੱਖੀ ਕਿ ਜੇ ਜ਼ਮੀਨ ਚਾਹੀਦੀ ਹੈ ਤਾਂ ਉਸ ਦੀ ਕੀਮਤ ਸੋਨਾ ਵਿਛਾ ਕੇ ਦੇਣੀ ਪਵੇਗੀ। ਕਈ ਤਾਂ ਕਹਿੰਦੇ ਹਨ ਕਿ ਉਸ ਨੇ ਸੋਨੇ ਦੇ ਸਿੱਕੇ ਖੜ੍ਹੇ ਕਰ ਕੇ ਕੀਮਤ ਲਈ ਸੀ। ਉਸ ਵੇਲੇ ਸੋਨੇ ਦੀ ਅਸ਼ਰਫੀ ਦਾ ਸਾਈਜ਼ ਕਰੀਬ ਸਵਾ ਇੰਚ ਅਤੇ ਭਾਰ ਕਰੀਬ ਇੱਕ ਤੋਲਾ (10 ਗ੍ਰਾਮ) ਹੁੰਦਾ ਸੀ। ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਲਈ 2ਗੁਣ2 ਮੀਟਰ ਅਤੇ ਮਾਤਾ ਜੀ ਲਈ 2ਗੁਣ1.5 ਮੀਟਰ ਦੇ ਕਰੀਬ ਜਗ੍ਹਾ ਲਈ ਗਈ ਹੋਵੇਗੀ। ਇਸ ਲਈ ਕਰੀਬ 7800 ਅਸ਼ਰਫੀਆਂ (78 ਕਿੱਲੋ ਸੋਨਾ) ਵਿਛਾਈਆਂ ਗਈਆਂ ਹੋਣਗੀਆਂ।
ਜੇ ਅਸ਼ਰਫੀਆਂ ਖੜ੍ਹੇ ਰੁਖ ਰੱਖੀਆਂ ਗਈਆਂ ਹੋਣਗੀਆਂ ਤਾਂ 78000 ਦੇ ਕਰੀਬ ਅਸ਼ਰਫੀਆਂ (780 ਕਿੱਲੋ ਸੋਨਾ) ਵਿਛਾਉਣੀਆਂ ਪਈਆਂ ਹੋਣਗੀਆਂ। ਇਸ ਕਾਰਨ ਦੀਵਾਨ ਦੀ ਸਾਰੀ ਪੂੰਜੀ ਜ਼ਮੀਨ ਖਰੀਦਣ ਵਿੱਚ ਲੱਗ ਗਈ ਤੇ ਘਰ-ਬਾਰ ਗਹਿਣੇ ਪੈ ਗਿਆ। ਪਰ ਉਸ ਮਹਾਨ ਇਨਸਾਨ ਨੇ ਆਪਣੇ ਨੁਕਸਾਨ ਦੀ ਕੋਈ ਪ੍ਰਵਾਹ ਨਾ ਕੀਤੀ ਤੇ ਆਪਣੇ ਵਿਸ਼ਵਾਸ਼ ਨੂੰ ਡੋਲਣ ਨਾ ਦਿੱਤਾ। ਉਸ ਨੇ ਆਪਣਾ ਸਭ ਕੁਝ ਦਾਅ ’ਤੇ ਲਾ ਕੇ ਵੀ ਗੁਰੂ ਜੀ ਅਤੇ ਸਿੱਖੀ ਦੀ ਮਹਾਨ ਸੇਵਾ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸੰਨ ਮਈ 1710 ਈ. ਵਿੱਚ ਸਰਹਿੰਦ ਫਤਿਹ ਕੀਤੀ ਤਾਂ ਉਹਨਾਂ ਨੂੰ ਵੀ ਦੀਵਾਨ ਟੋਡਰ ਮੱਲ ਦੀ ਇਸ ਕੁਰਬਾਨੀ ਬਾਰੇ ਪਤਾ ਸੀ। ਦੀਵਾਨ ਟੋਡਰ ਮੱਲ ਦੇ ਘਰ ਨੂੰ ਕੋਈ ਨੁਕਸਾਨ ਨਾ ਪਹੁੰਚਾਇਆ ਗਿਆ।
ਸੂਬਾ ਸਰਹਿੰਦ ਵਜ਼ੀਰ ਖਾਨ ਬਹੁਤ ਹੀ ਜ਼ਾਲਮ, ਬੇਰਹਿਮ ਤੇ ਪਾਪੀ ਇਨਸਾਨ ਸੀ। ਉਸ ਨੇ ਬਾਬਾ ਮੋਤੀ ਰਾਮ ਮਹਿਰਾ ਦਾ ਸਾਰਾ ਪਰਿਵਾਰ ਸਿਰਫ ਇਸ ਲਈ ਵੇਲਣੇ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਸੀ ਕਿ ਉਸ ਨੇ ਮਾਤਾ ਗੁਜ਼ਰੀ ਜੀ ਤੇ ਸਾਹਿਬਜ਼ਾਦਿਆਂ ਦੀ ਠੰਢੇ ਬੁਰਜ ਵਿੱਚ ਦੁੱਧ ਨਾਲ ਸੇਵਾ ਕੀਤੀ ਸੀ। ਇਸ ਲਈ ਉਹ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਕਿ ਕੋਈ ਉਸ ਦੀ ਹੁਕਮ ਅਦੂਲੀ ਕਰ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ ਅੰਤਿਮ ਸਸਕਾਰ ਕਰੇ? ਜਦੋਂ ਉਸ ਨੂੰ ਦੀਵਾਨ ਟੋਡਰ ਮੱਲ ਦੇ ਇਸ ਗੁਨਾਹ ਬਾਰੇ ਪਤਾ ਲੱਗਾ ਤਾਂ ਉਸ ਦਾ ਕਹਿਰ ਦੀਵਾਨ ’ਤੇ ਟੁੱਟ ਪਿਆ। ਉਸ ਨੇ ਦੀਵਾਨ ਟੋਡਰ ਮੱਲ ਨੂੰ ਬਿਲਕੁਲ ਬਰਬਾਦ ਕਰ ਦਿੱਤਾ। ਆਪਣੇ ਪਰਿਵਾਰ ਦੀ ਸੁਰੱਖਿਆ ਲਈ ਦੀਵਾਨ ਨੂੰ ਆਪਣਾ ਜੰਮਿਆ-ਜਮਾਇਆ ਘਰ-ਬਾਰ ਅਤੇ ਕਾਰੋਬਾਰ ਛੱਡ ਕੇ ਇਤਿਹਾਸ ਦੇ ਹਨ੍ਹੇਰਿਆਂ ਵਿੱਚ ਗੁੰਮ ਹੋ ਜਾਣਾ ਪਿਆ। ਇਸ ਤੋਂ ਬਾਅਦ ਉਸ ਦੇ ਪਰਿਵਾਰ ਜਾਂ ਉਸ ਦੇ ਆਖਰੀ ਦਿਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ।
ਉਸ ਦੀ ਜਹਾਜ਼ ਹਵੇਲੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਸਰਹਿੰਦ ’ਤੇ ਹਮਲਿਆਂ ਦੌਰਾਨ ਪੂਰੀ ਇੱਜ਼ਤ ਬਖਸ਼ੀ ਗਈ। ਕਿਸੇ ਨੇ ਉਸ ਨੂੰ ਨੁਕਸਾਨ ਪਹੁੰਚਾਉਣ ਜਾਂ ਲੱੁਟਣ ਦੀ ਕੋਸ਼ਿਸ਼ ਨਹੀਂ ਕੀਤੀ। ਪਰ ਲਾਵਾਰਿਸ ਪਈ ਹਵੇਲੀ ਹੌਲੀ-ਹੌਲੀ ਵਕਤ ਦੇ ਥਪੇੜਿਆਂ ਤੇ ਨਜਾਇਜ਼ ਕਬਜਿਆਂ ਕਾਰਨ ਢਹਿਣ ਲੱਗ ਪਈ। ਹੁਣ ਇੱਕ ਬਹੁਤ ਹੀ ਵਧੀਆ ਉਪਰਾਲੇ ਹੇਠ ਪੰਜਾਬ ਸਰਕਾਰ ਦੀ ਮੱਦਦ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਹਾਜ਼ ਹਵੇਲੀ ਦੀ ਮੁਰੰਮਤ ਦਾ ਬੀੜਾ ਚੁੱਕਿਆ ਹੈ। ਮਾਹਿਰ ਕਾਰੀਗਰ ਇਸ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਅਤਿ ਆਧੁਨਿਕ ਤਕਨੀਕਾਂ ਦੀ ਮੱਦਦ ਨਾਲ ਮੁੜ-ਉਸਾਰੀ ਕਰ ਰਹੇ ਹਨ।
ਸਿੱਖ ਪੰਥ ਵਿੱਚ ਦੀਵਾਨ ਟੋਡਰ ਮੱਲ ਦਾ ਬਹੁਤ ਸਤਿਕਾਰ ਹੈ। ਉਸ ਦੀ ਯਾਦ ਵਿੱਚ ਗੁਰਦੁਆਰਾ ਫਤਿਹਗੜ੍ਹ ਸਾਹਿਬ (ਸਰਹਿੰਦ) ਵਿਖੇ ਬਹੁਤ ਵਿਸ਼ਾਲ ਦੀਵਾਨ ਟੋਡਰ ਮੱਲ ਦੀਵਾਨ ਹਾਲ ਬਣਿਆ ਹੋਇਆ ਹੈ। ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਵਿਚਾਲੜੀ ਸੜਕ ਦਾ ਨਾਂਅ ਦੀਵਾਨ ਟੋਡਰ ਮੱਲ ਮਾਰਗ ਹੈ। ਜੀ.ਟੀ. ਰੋਡ ਤੋਂ ਸਰਹਿੰਦ ਨੂੰ ਆਉਣ ਵਾਲੀ ਸੜਕ ’ਤੇ ਇੱਕ ਸ਼ਾਨਦਾਰ ਦੀਵਾਨ ਟੋਡਰ ਮੱਲ ਸਵਾਗਤੀ ਦੁਆਰ ਵੀ ਉਸਾਰਿਆ ਗਿਆ ਹੈ। ਇਹ ਅਤਿਅੰਤ ਜਰੂਰੀ ਹੈ ਕਿ ਇਤਿਹਾਸਕਾਰ ਦੀਵਾਨ ਟੋਡਰ ਮੱਲ ਵਰਗੇ ਮਹਾਨ ਇਨਸਾਨ ਦੇ ਵਾਰਸਾਂ ਬਾਰੇ ਖੋਜ ਕਰਕੇ ਉਹਨਾਂ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ। ਇਹ ਉਸ ਨੇਕ ਇਨਸਾਨ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ
ਪੰਡੋਰੀ ਸਿੱਧਵਾਂ
ਮੋ. 95011-00062
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ