ਹਿਸਾਰ ’ਚ ਬਣੇਗਾ ਫਲਾਈਂਗ ਕਲੱਬ

ਹਵਾਈ ਅੱਡੇ ਦਾ ਨਿਰਮਾਣ ਵੀ 2022-23 ਤੱਕ ਹੋਵੇਗਾ ਪੂਰਾ

ਚੰਡੀਗੜ੍ਹ। ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਹਿਸਾਰ ਵਿੱਚ ਪਾਇਲਟ ਟ੍ਰੇਨਿੰਗ ਅਤੇ ਹਿਸਾਰ ਹਵਾਈ ਅੱਡੇ ਦੇ ਦੂਜੇ ਪੜਾਅ ਦਾ ਨਿਰਮਾਣ ਵਿੱਤੀ ਸਾਲ 2022-23 ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ। ਚੌਟਾਲਾ ਨੇ ਇਹ ਜਾਣਕਾਰੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪ੍ਰਸ਼ਨਕਾਲ ਦੌਰਾਨ ਇੱਕ ਮੈਂਬਰ ਦੇ ਪ੍ਰਸ਼ਨ ’ਤੇ ਦਿੱਤੀ। ਉਨ੍ਹਾਂ ਦੱਸਿਆ ਕਿ ਹਿਸਾਰ ਹਵਾਈ ਅੱਡੇ ਦੇ ਦੂਜੇ ਪੜਾਅ ਦਾ ਨਿਰਮਾਣ ਕਾਰਜ 5 ਫਰਵਰੀ ਨੂੰ ਸ਼ੁਰੂ ਹੋ ਗਿਆ ਹੈ, ਜੋ ਵਿੱਤੀ ਸਾਲ 2022-23 ਦੇ ਅੰਤ ਤੱਕ ਪੂਰਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦੀ ਕੋਸ਼ਿਸ਼ ਹੈ ਕਿ ਹਿਸਾਰ ਹਵਾਈ ਅੱਡਾ ਕੌਮਾਂਤਰੀ ਪੱਧਰ ਦਾ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਉਡਾਨ ਯੋਜਨਾ ਤਹਿਤ ਹਿਸਾਰ ਤੋਂ ਦੇਹਰਾਦੂਨ, ਧਰਮਸ਼ਾਲਾ ਅਤੇ ਚੰਡੀਗੜ੍ਹ ਲਈ ਉਡਾਣਾਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਹਿਸਾਰ ਵਿੱਚ ਰੱਖਿਆ ਅਤੇ ਹਵਾਬਾਜ਼ੀ ਨਾਲ ਸਬੰਧਤ ਉਦਯੋਗ ਸਥਾਪਤ ਕਰਨ ਲਈ ਗੰਭੀਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਸਪਾਈਸਜੈੱਟ ਕੰਪਨੀ ਨਾਲ ਸਮਝੌਤਾ ਕਰ ਲਿਆ ਹੈ, ਜਿਸ ਦੇ ਤਹਿਤ ਹਿਸਾਰ ਵਿੱਚ ਇੱਕ ਫਲਾਇੰਗ ਕਲੱਬ ਸਥਾਪਤ ਕੀਤਾ ਜਾਵੇਗਾ ਜਿਸ ਵਿੱਚ 100 ਪਾਇਲਟਾਂ ਨੂੰ ਸਿਖਲਾਈ ਦੇਣ ਦੀ ਸਹੂਲਤ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.