ਪੰਜਾਬ ‘ਵਰਸਿਟੀ ‘ਚ ਲੱਗੀ ਅੱਗ, ਸਾਲਾਂ ਪੁਰਾਣਾ ਰਿਕਾਰਡ ਸੁਆਹ

‘ਵਰਸਿਟੀ ਦੇ ਬਜਟ ਸੈਕਸ਼ਨ ‘ਚ ਸਵੇਰ ਸਮੇਂ ਲੱਗੀ ਅੱਗ

ਸਿਵੇਰ ਸਮੇਂ ਸੈਰ ਕਰ ਰਹੇ ਲੋਕਾਂ ਨੇ ਦਿੱਤੀ ‘ਵਰਸਿਟੀ ਅਧਿਕਾਰੀਆਂ ਨੂੰ ਸੂਚਨਾ

ਚੰਡੀਗੜ੍ਹ, (ਅਸ਼ਵਨੀ ਚਾਵਲਾ) । ਪੰਜਾਬ ਯੂਨੀਵਰਸਿਟੀ ਦੇ ਮੁੱਖ ਐਡਮਿਨ ਬਲਾਕ ਦੀ ਪਹਿਲੀ ਮੰਜਿਲ ‘ਤੇ ਸਥਿਤ ਬਜਟ ਸੈਕਸ਼ਨ ਵਿੱਚ ਅੱਗ ਲੱਗ ਜਾਣ ਦੇ ਕਾਰਨ ਕਈ ਸਾਲਾਂ ਤੋਂ ਪਿਆ ਪੁਰਾਣਾ ਰਿਕਾਰਡ ਅਤੇ ਕਈ ਕਰਮਚਾਰੀਆਂ ਦੀਆਂ ਅਹਿਮ ਫਾਈਲਾਂ ਸੜ ਕੇ ਸੁਆਹ ਹੋ ਗਈਆਂ ਹਨ। ਸ਼ੁਰੂਆਤੀ ਜਾਂਚ ਦਰਮਿਆਨ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋਣਾ ਦੱਸਿਆ ਜਾ ਰਿਹਾ ਹੈ ਇਸ ਮਾਮਲੇ ਦੀ ਜਾਂਚ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਆਪਣੇ ਪੱਧਰ ‘ਤੇ ਕਰੇਗਾ।

ਪੰਜਾਬ ਯੂਨੀਵਰਸਿਟੀ ਵਿੱਚ ਅੱਗ ਲੱਗਣ ਦੇ ਕਾਰਨ ਪੁਰਾਣੇ ਰਿਕਾਰਡ ਨਾਲ ਯੂਨੀਵਰਸਿਟੀ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਇਨਕਾਰ ਕਰਦੇ ਹੋਏ ਯੂਨੀਵਰਸਿਟੀ ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ ਕਿ ਬਜਟ ਵਿਭਾਗ ਸੈਂਟਰਲ ਸਰਵਰ ਨਾਲ ਜੁੜਿਆ ਹੋਇਆ ਸੀ, ਜਿਸ ਕਾਰਨ ਸਾਰਾ ਰਿਕਾਰਡ ਡਿਜੀਟਲ ਤੌਰ ‘ਤੇ ਉਨ੍ਹਾਂ ਕੋਲ ਹੈ ਰਿਕਾਰਡ ਦੀ ਇੱਕ ਦਿਨ ਵਿੱਚ ਹੀ ਰਿਕਵਰੀ ਕਰ ਲਈ ਜਾਵੇਗੀ ਪਰ ਦਿੱਕਤ ਕੁਝ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਜੁੜੀ ਹੋਈ ਫਾਈਲਾਂ ਨਾਲ ਹੋ ਸਕਦੀ ਹੈ, ਜਿਹੜੀਆਂ ਕਿ ਇਸ ਅੱਗ ਦੀ ਭਂੇਟ ਚੜ੍ਹਨ ਦੇ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ ਹਨ।

ਜਾਣਕਾਰੀ ਅਨੁਸਾਰ ਸ਼ਨੀਵਾਰ ਬਾਅਦ ਦੁਪਹਿਰ ਨੂੰ ਯੂਨੀਵਰਸਿਟੀ ਵਿਖੇ ਬਿਜਲੀ ਦੀ ਸਪਲਾਈ ਵਿੱਚ ਕਾਫ਼ੀ ਦਿੱਕਤ ਆ ਰਹੀ ਸੀ। ਜਿਸ ਤੋਂ ਬਾਅਦ ਸ਼ਾਮ ਨੂੰ ਇਸੇ ਦਿੱਕਤ ਕਾਰਨ ਹੀ ਸਟਾਫ਼ ਛੁੱਟੀ ਕਰਕੇ ਆਪਣੇ ਘਰ ਚਲਾ ਗਿਆ ਸੀ। ਐਤਵਾਰ ਸਵੇਰੇ ਲਗਭਗ 3:10 ‘ਤੇ ਜਦੋਂ ਕੁਝ ਲੋਕ ਸੈਰ ਕਰ ਰਹੇ ਸਨ ਤਾਂ ਉਨ੍ਹਾਂ ਨੇ ਐਡਮਿਟ ਬਲਾਕ ਦੀ ਬਿਲਡਿੰਗ ਵਿੱਚ ਧੂੰਆਂ ਆਉਂਦਾ ਦੇਖ ਇਸ ਦੀ ਜਾਣਕਾਰੀ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਜਿਸ ਤੋਂ ਬਾਅਦ ਅੱਗ ਇੰਨੀ ਤੇਜ਼ ਹੋ ਗਈ ਸੀ ਕਿ ਉਸ ਨੂੰ ਬੁਝਾਉਣ ਲਈ ਹੀ 3 ਘੰਟੇ ਤੋਂ ਜਿਆਦਾ ਸਮਾਂ ਲੱਗ ਗਿਆ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰੁਣ ਗਰੋਵਰ ਨੇ ਦੱਸਿਆ ਕਿ ਸ਼ਨੀਵਾਰ ਤੋਂ ਹੀ ਬਿਜਲੀ ਵਿੱਚ ਦਿੱਕਤ ਆ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਬਿਜਲੀ ਦੇ ਸ਼ਾਰਟ ਸਰਕਟ ਦੇ ਕਾਰਨ ਹੀ ਅੱਗ ਲਗੀ ਹੈ, ਹਾਲਾਂਕਿ ਇਸ ਸਬੰਧੀ ਜਾਂਚ ਵੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨੁਕਸਾਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ ਹੈ, ਕਿਉਂਕਿ ਇਸ ਸਬੰਧੀ ਪੜਤਾਲ ਕਰਨ ਤੋਂ ਬਾਅਦ ਹੀ ਉਹ ਕੁਝ ਕਿਹਾ ਜਾ ਸਕਦਾ ਹੈ ।