ਯਮੁਨਾਨਗਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਯਮੁਨਾਨਗਰ (Yamunanagar News) ’ਚ ਸਿਵਲ ਹਸਪਤਾਲ ’ਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਹੈ। ਗਣੀਮਤ ਰਹੀ ਕਿ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਾਣਕਾਰੀ ਮੁਤਾਬਕ ਸਿਵਲ ਹਸਪਤਾਲ ਯਮੁਨਾਨਗਰ ਦੇ ਨਿੱਕੂ ਵਾਰਡ ’ਚ ਸ਼ਨਿੱਚਰਵਾਰ ਸਵੇਰੇ ਅੱਗ ਲੱਗ ਗਈ। ਵਾਰਡ ਵਿੱਚ 30 ਬੱਚੇ ਦਾਖਲ ਸਨ ਜੋ ਬਾਲ-ਬਾਲ ਬਚ ਗਏ। ਹਸਪਤਾਲ ’ਚ ਡਿਊਟੀ ’ਤੇ ਮੌਜ਼ੂਦ ਸਟਾਫ਼ ਨੇ ਆਪਣੀ ਜਾਨ ਜੋਖਮ ’ਚ ਪਾ ਕੇ ਬੱਚਿਆਂ ਨੂੰ ਬਚਾਇਆ। ਅੱਗ ਐਨੀ ਭਿਆਨਕ ਸੀ ਕਿ ਸਾਰਾ ਸਮਾਨ ਅਤੇ ਰਿਕਾਰਡ ਸੜ ਕੇ ਸੁਆਹ ਹੋ ਗਿਆ।
ਦੂਜੇ ਪਾਸੇ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬਿ੍ਰਗੇਡ ਨੂੰ ਤੁਰੰਤ ਮੌਕੇ ’ਤੇ ਪਹੁੰਚ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਦੂਜੇ ਪਾਸੇ ਇਸ ਮਾਮਲੇ ਸਬੰਧੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਪਤਾ ਲੱਗਾ ਹੈ ਕਿ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਬੱਚੇ ਸੁਰੱਖਿਅਤ ਹਨ।