ਨਿੰਬੂਆਂ ਦੇ ਬੂਟਿਆਂ ਤੋਂ ਡਾਲਰ ਝਾੜਨ ਵਾਲਾ ਕਿਸਾਨ: ਬਲਬੀਰ ਸਿੰਘ ਢਿੱਲੋਂ

lemon tree

ਨਿੰਬੂਆਂ ਦੇ ਬੂਟਿਆਂ ਤੋਂ ਡਾਲਰ ਝਾੜਨ ਵਾਲਾ ਕਿਸਾਨ: ਬਲਬੀਰ ਸਿੰਘ ਢਿੱਲੋਂ

ਪੰਜਾਬ ਵਿੱਚ ਖੇਤੀ ਅਤੇ ਬਾਗਬਾਨੀ ਦੇ ਧੰਦੇ (Lemon Tree) ਨੂੰ ਘਾਟੇ ਵਾਲਾ ਸੌਦਾ ਦੱਸ ਕੇ ਕਿਸਾਨਾਂ ਕੋਲੋਂ ਉਸ ਦੀ ਜ਼ਮੀਨ ਖੋਹ ਕੇ ਅੰਨਦਾਤੇ ਨੂੰ ਵਿਹਲਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਪੰਜਾਬ ਦੀ ਉਪਜਾਊ ਧਰਤੀ ਹਰ ਤਰ੍ਹਾਂ ਦੇ ਫਲ, ਫੁੱਲ, ਸਬਜ਼ੀਆਂ ਅਤੇ ਫਸਲਾਂ ਨੂੰ ਉਗਾਉਣ ਦੀ ਸਮਰੱਥਾ ਰੱਖਦੀ ਹੈ। ਜਰੂਰਤ ਹੈ ਤਾਂ ਸਿਰਫ ਨਵੀਆਂ ਤਕਨੀਕਾਂ ਅਪਣਾ ਕੇ ਖਰਚੇ ਘਟਾਉਣ ਦੀ, ਕਿਉਂਕਿ ਪੰਜਾਬ ਦੇ ਬਹੁਤ ਗਿਣਤੀ ਕਿਸਾਨ ਅੱਜ ਵੀ ਫੁੱਲਾਂ, ਫਸਲਾਂ ਅਤੇ ਬਾਗਬਾਨੀ ਦੇ ਧੰਦੇ ‘ਤੇ ਮਾਹਿਰਾਂ ਦੀ ਸਲਾਹ ਲਏ ਬਿਨਾਂ ਹੀ ਬੇਲੋੜੇ ਖਰਚ ਕਰ ਰਹੇ ਹਨ। ਜਿਸ ਕਰਕੇ ਇਹ ਧੰਦੇ ਘਾਟੇ ਵਾਲਾ ਸੌਦਾ ਬਣਦੇ ਜਾ ਰਹੇ ਹਨ। ਜਿਹੜੇ ਕਿਸਾਨ ਪੂਰੀ ਵਿਉਂਤਬੰਦੀ ਬਣਾ ਕੇ ਖੇਤੀ, ਬਾਗਬਾਨੀ ਜਾਂ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਉਹ ਬਹੁਤ ਵਧੀਆ ਆਮਦਨ ਲੈ ਰਹੇ ਹਨ। Lemon Tree

lemon tree

ਇਸੇ ਤਰ੍ਹਾਂ ਦਾ ਹੀ ਇੱਕ ਕਿਸਾਨ ਬਲਬੀਰ ਸਿੰਘ ਢਿੱਲੋਂ ਨਿੰਬੂਆਂ ਦਾ ਬਾਗ ਲਾ ਕੇ ਬੂਟਿਆਂ ਤੋਂ ਡਾਲਰ ਝਾੜਨ ਦਾ ਕੰਮ ਕਰ ਰਿਹਾ ਹੈ। ਜਿਲ੍ਹਾ ਪਟਿਆਲੇ ਦੇ ਵੱਡੇ ਪਿੰਡ ਸ਼ੁਤਰਾਣਾ ਵਿਖੇ ਰਵਾਇਤੀ ਫਸਲਾਂ ਦੀ ਕਾਸ਼ਤ ਕਰਨ ਦੇ ਨਾਲ ਹੀ ਇਸ ਕਿਸਾਨ ਨੇ ਆਪਣੀ ਤਿੰਨ ਏਕੜ ਜ਼ਮੀਨ ਵਿੱਚ ਨਿੰਬੂਆਂ ਦਾ ਬਾਗ ਲਗਾਉਣ ਦੀ ਯੋਜਨਾ ਤਿਆਰ ਕੀਤੀ ਸੀ। ਜਿਹੜੀ ਪੂਰੀ ਤਰ੍ਹਾਂ ਸਫਲ ਹੋਈ ਹੈ। ਤਿੰਨ ਏਕੜ ਵਿੱਚ ਲੱਗੇ ਨਿੰਬੂਆਂ ਦੇ ਬੂਟਿਆਂ ਨੇ ਤਿੰਨ ਸਾਲ ਬਾਅਦ ਆਮਦਨ ਦੇਣੀ ਸ਼ੁਰੂ ਕੀਤੀ ਹੈ।

400 ਬੂਟੇ ਕਾਗਜ਼ੀ ਨਿੰਬੂਆਂ ਦੇ ਲਾਏ ਸਨ

ਬਲਬੀਰ ਸਿੰਘ ਨੇ ਦੱਸਿਆ ਕਿ ਉਸ ਨੇ ਸਾਲ 2015 ਵਿੱਚ ਪ੍ਰਤੀ ਏਕੜ ਵਿੱਚ 400 ਬੂਟੇ ਕਾਗਜ਼ੀ ਨਿੰਬੂਆਂ ਦੇ ਲਾਏ ਸਨ। ਜਿਹੜੇ ਉਸ ਨੂੰ 150 ਰੁਪਏ ਪ੍ਰਤੀ ਬੂਟੇ ਦੇ ਹਿਸਾਬ ਨਾਲ ਮਿਲੇ ਸਨ ਤੇ ਤਿੰਨ ਏਕੜ ਵਿੱਚ 1200 ਬੂਟੇ ਨਿੰਬੂਆਂ ਦੇ ਲਾਏ ਗਏ। ਨਿੰਬੂਆਂ ਤੋਂ ਇੱਕ ਲੱਖ ਰੁਪਏ ਤੋਂ ਵੱਧ ਦੀ ਆਮਦਨ ਪ੍ਰਤੀ ਏਕੜ ਵਿੱਚ ਹੋਣੀ ਸ਼ੁਰੂ ਹੋ ਗਈ ਹੈ। ਇਹ ਆਮਦਨ ਹਰ ਸਾਲ ਵਧਦੀ ਜਾਣੀ ਹੈ ਕਿਉਂਕਿ ਕਾਗਜੀ ਨਿੰਬੂ ਦੀ ਕਿਸਮ ਦਾ ਬੂਟਾ ਤਕਰੀਬਨ 11 ਫੁੱਟ ਉੱਚੇ ਰੁੱਖ ਦਾ ਰੂਪ ਧਾਰਨ ਕਰ ਜਾਂਦਾ ਹੈ ਅਤੇ ਨਿੰਬੂ ਬੂਟੇ ਤੋਂ ਡਾਲਰਾਂ ਵਾਂਗ ਡਿੱਗਦੇ ਹਨ। ਜਿਨ੍ਹਾਂ ਨੂੰ ਸਿਰਫ ਇਕੱਠੇ ਹੀ ਕਰਨਾ ਪੈਂਦਾ ਹੈ। Lemon Tree

ਜੇਕਰ ਪੰਜਾਬ ਵਿੱਚ ਵੀ ਕਿਸਾਨੀ ਤੇ ਬਾਗਬਾਨੀ ਨੂੰ ਸਰਕਾਰਾਂ ਸੱਚੇ ਮਨ ਨਾਲ ਉਤਸ਼ਾਹਿਤ ਕਰਨ ਤਾਂ ਪੰਜਾਬ ਦੇ ਲੋਕਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਡਾਲਰ ਕਮਾਉਣ ਦੀ ਜਰੂਰਤ ਨਹੀਂ ਹੈ। ਸਬਜੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਹਰੇ ਮਟਰ, ਗੋਭੀ, ਟਮਾਟਰ, ਖੀਰੇ, ਖੁੰਬਾਂ ਆਦਿ ਵਰਗੀਆਂ ਫ਼ਸਲਾਂ ਦੀ ਕਾਸ਼ਤ ਕਰਕੇ ਲੱਖਾਂ ਰੁਪਏ ਦੀ ਆਮਦਨ ਕਰ ਰਹੇ ਹਨ।

50 ਰੁਪਏ ਪ੍ਰਤੀ ਕਿਲੋ

ਕਾਗਜੀ ਨਿੰਬੂ ਦਾ ਭਾਅ ਮਾਰਕੀਟ ਵਿੱਚ 50 ਰੁਪਏ ਪ੍ਰਤੀ ਕਿਲੋ ਤੋਂ ਵੀ ਟੱਪ ਜਾਂਦਾ ਹੈ। ਇਸ ਕਿਸਮ ਦੇ ਨਿੰਬੂਆਂ ਨੂੰ ਵੇਚਣ ਵਿੱਚ ਵੀ ਕੋਈ ਮੁਸ਼ਕਿਲ ਨਹੀਂ ਆਉਂਦੀ। ਕਿਉਂਕਿ ਕਾਗਜੀ ਕਿਸਮ ਦਾ ਨਿੰਬੂ ਛਿਲਕਾ ਮੋਟਾ ਹੋਣ ਕਰਕੇ ਛੇਤੀ ਖ਼ਰਾਬ ਨਹੀਂ ਹੁੰਦਾ। ਕਾਗਜੀ ਨਿੰਬੂ ਦੀ ਦੂਸਰੀ ਖੂਬੀ ਇਹ ਹੈ ਕਿ ਇਸ ਨੂੰ ਬੂਟੇ ਨਾਲੋਂ ਤੋੜਨਾ ਨਹੀਂ ਪੈਂਦਾ। ਸਗੋਂ 80 ਫੀਸਦੀ ਪੱਕ ਕੇ ਬੂਟੇ ਨਾਲੋਂ ਆਪਣੇ-ਆਪ ਹੀ ਟੁੱਟ ਕੇ ਧਰਤੀ ‘ਤੇ ਡਿੱਗ ਪੈਂਦਾ ਹੈ। ਬੂਟਿਆਂ ਹੇਠੋਂ ਨਿੰਬੂ ਇਕੱਠੇ ਹੀ ਕਰਨੇ ਪੈਂਦੇ ਹਨ।

ਬੂਟੇ ਹੇਠਾਂ ਡਿੱਗਿਆ ਫਲ ਦੋ ਹਫਤੇ ਤੱਕ ਵੀ ਖ਼ਰਾਬ ਨਹੀਂ ਹੁੰਦਾ। ਜਿਸ ਕਰਕੇ ਵਿਹਲਾ ਸਮਾਂ ਹੋਣ ‘ਤੇ ਜਦ ਮਰਜੀ ਨਿੰਬੂਆਂ ਨੂੰ ਇਕੱਠੇ ਕੀਤਾ ਜਾ ਸਕਦਾ ਹੈ। ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਨਿੰਬੂਆਂ ਦੇ ਬਾਗ ਨੂੰ ਪਾਣੀ ਦੀ ਬਹੁਤ ਘੱਟ ਲੋੜ ਪੈਂਦੀ ਹੈ। ਕੋਹੜ ਰੋਗ ਲੱਗਣ ਤੋਂ ਬਿਨਾਂ ਇਸ ਕਿਸਮ ਨੂੰ ਹੋਰ ਕੋਈ ਬਿਮਾਰੀ ਨਹੀਂ ਲੱਗਦੀ। ਨਿੰਬੂਆਂ ਦਾ ਬਾਗ ਲਗਾਉਣ ਤੋਂ ਬਾਅਦ ਇਸ ਵਿੱਚ ਪਹਿਲੇ ਤਿੰਨ ਸਾਲ ਵੇਲਾਂ ਵਾਲੀਆਂ ਕਿਸਮਾਂ ਨੂੰ ਛੱਡ ਕੇ ਸਬਜੀਆਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਨਿੰਬੂ ਜਾਤੀ ਦੀਆਂ ਜਾਲੇਦਾਰ ਜੜ੍ਹਾਂ ਬਹੁਤ ਉੱਪਰ ਹੁੰਦੀਆਂ ਹਨ। ਜਿਸ ਕਰਕੇ ਲੋਹੇ ਦੇ ਔਜਾਰ ਨਾਲ ਬਾਗ ਦੀ ਗੁਡਾਈ ਨਹੀਂ ਕਰਨੀ ਚਾਹੀਦੀ। ਪਰ ਇਸ ਗੱਲ ਤੋਂ ਬਹੁਤ ਘੱਟ ਬਾਗਬਾਨ ਜਾਣੂ ਹਨ। ਇਹ ਗੁਡਾਈ ਹੀ ਨਿੰਬੂਆਂ ਵਿੱਚ ਬਿਮਾਰੀ ਅਤੇ ਬੂਟੇ ਸੁੱਕਣ ਦਾ ਕਾਰਨ ਬਣਦੀ ਹੈ। Lemon Tree

ਕੋਈ ਜਿਆਦਾ ਮਿਹਨਤ ਨਹੀਂ ਕਰਨੀ ਪੈਂਦੀ

ਅਪਰੈਲ ਅਤੇ ਜੁਲਾਈ, ਅਗਸਤ ਵਿੱਚ ਨਿੰਬੂਆਂ ਦੇ ਬੂਟਿਆਂ ਨੂੰ ਯੂਰੀਆ ਅਤੇ ਦਸੰਬਰ ਵਿੱਚ ਰੂੜੀ ਦੀ ਖਾਦ ਪਾਈ ਜਾਂਦੀ ਹੈ। ਮੌਸਮ ਦੇ ਹਿਸਾਬ ਨਾਲ ਬੂਟਿਆਂ ਦੀ ਕਾਂਟ-ਛਾਂਟ ਬਹੁਤ ਜਰੂਰੀ ਹੈ। ਕਿਉਂਕਿ ਬੂਟਿਆਂ ਦੇ ਵਿਚਕਾਰ ਕੰਡੇਦਾਰ ਟਾਹਣੀਆਂ (ਕਿੱਲ) ਨਿੱਕਲ ਆਉਂਦੀਆਂ ਹਨ। ਜਿਨ੍ਹਾਂ ਨੂੰ ਕੱਟ ਕੇ ਦਵਾਈ ਦੀ ਸਪਰੇਅ ਕਰਨੀ ਚਾਹੀਦੀ ਹੈ। ਨਿੰਬੂਆਂ ਦਾ ਬਾਗ ਲਾਉਣ ‘ਤੇ ਕੋਈ ਜਿਆਦਾ ਮਿਹਨਤ ਨਹੀਂ ਕਰਨੀ ਪੈਂਦੀ। ਇੱਕ ਵਾਰ ਬਾਗ ਲਾਉਣ ਤੋਂ ਬਾਅਦ ਗਰਮੀ-ਸਰਦੀ ਨਿੰਬੂਆਂ ਦੀ ਫਸਲ ਚਲਦੀ ਰਹਿੰਦੀ ਹੈ ਅਤੇ ਹਫਤੇ ਵਿੱਚ ਦੋ-ਤਿੰਨ ਵਾਰ (ਬੂਟਿਆਂ ਦੀ ਗਿਣਤੀ ਦੇ ਹਿਸਾਬ ਨਾਲ) ਨਿੰਬੂ ਵੇਚੇ ਜਾ ਸਕਦੇ ਹਨ। Lemon Tree

ਸਬਜ਼ੀਆਂ ਜਾਂ ਹੋਰ ਫਲਾਂ ਵਾਂਗ ਕਾਗਜੀ ਕਿਸਮ ਦੇ ਨਿੰਬੂਆਂ ਦੇ ਖ਼ਰਾਬ ਹੋਣ ਦਾ ਵੀ ਡਰ ਨਹੀਂ ਹੈ। ਜਦੋਂ ਮਨ ਕਰੇ ਮੰਡੀ ਵਿੱਚ ਵੇਚੇ ਜਾ ਸਕਦੇ ਹਨ। ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨਾਂ ਨੂੰ ਜਿਆਦਾ ਨਹੀਂ ਤਾਂ ਇੱਕ-ਦੋ ਏਕੜ ਵਿੱਚ ਨਿੰਬੂਆਂ ਦੇ ਨਾਲ ਹੀ ਅਮਰੂਦਾਂ ਦੇ ਬਾਗ ਵੀ ਲਾਉਣੇ ਚਾਹੀਦੇ ਹਨ। ਅਮਰੂਦ ਵੀ ਨਿੰਬੂਆਂ ਵਾਂਗ ਬਾਜਾਰ ਵਿੱਚ ਬਾਰਾਂ ਮਹੀਨੇ 30 ਦਿਨ ਬਹੁਤ ਮਹਿੰਗੇ ਭਾਅ ‘ਤੇ ਵਿਕਦਾ ਹੈ।

ਬ੍ਰਿਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ ਪਾਤੜਾਂ, ਪਟਿਆਲਾ
ਮੋ. 98761-01698