ਆਰਡੀਨੈਂਸਾਂ ਖਿਲਾਫ਼ ਧਰਨਾ ਲਾਈ ਬੈਠੇ ਕਿਸਾਨ ਨੇ ਨਿਗਲਿਆ ਸਲਫਾਸ
ਮਾਨਸਾ। ਕੇਂਦਰ ਸਰਕਾਰ ਵੱਲੋਂ ਸੰਸਦ ‘ਚ ਪੇਸ਼ ਕੀਤੇ ਗਏ ਖੇਤੀ ਆਰਡੀਨੈਂਸਾਂ ਵਿਰੁੱਧ ਪੱਕਾ ਮੋਰਚਾ ਲਾ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਸਾਹਮਣੇ ਧਰਨਾ ਲਾਈ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇੱਕ ਕਿਸਾਨ ਨੇ ਅੱਜ ਸਲਫਾਸ ਨਿਗਲ ਲਈ ਹੈ। ਜਿਸ ਦੌਰਾਨ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ ਗਿਆ।

ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਸ਼ਿੰਗਾਰਾ ਸਿੰਘ ਨੇ ਦਿੱਤੀ। ਉਕਤ ਕਿਸਾਨ ਦੀ ਪਛਾਣ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਾਵਾਲੀ ਪ੍ਰੀਤਮ ਸਿੰਘ ਪੁੱਤਰ ਬਚਨ ਸਿੰਘ ਵਜੋਂ ਹੋਈ ਹੈ। ਦੱਸਣਯੋਗ ਹੈ ਕਿ ਬਾਦਲ ਪਿੰਡ ‘ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕੇਂਦਰੀ ਮੰਗਾਂ ਸਬੰਧੀ ਪੱਕਾ ਮੋਰਚਾ ਠੋਕਿਆ ਹੋਇਆ ਹੈ। ਕਿਸਾਨਾਂ ਵੱਲੋਂ ਅਕਾਲੀ ਦਲ ਨੂੰ ਪਹਿਲਾਂ ਹੀ ਸੁਚਤੇ ਕਰ ਦਿੱਤਾ ਗਿਆ ਸੀ ਕਿ ਜੇਕਰ ਉਹ ਬਿੱਲਾਂ ਦੇ ਹੱਕ ‘ਚ ਗਏ ਤਾਂ ਪੰਜਾਬ ਦੇ ਕਿਸਾਨਾਂ ਵੱਲੋਂ ਅਕਾਲੀ ਦਲ ਖਿਲਾਫ਼ ਵੱਡਾ ਵਿਦਰੋਹ ਸ਼ੁਰੂ ਕੀਤਾ ਜਾਵੇਗਾ। ਉਕਤ ਕਿਸਾਨ ਇਸ ਪੱਕੇ ਮੋਰਚੇ ‘ਚ ਧਰਨੇ ‘ਤੇ ਪਿਛਲੇ ਕਈ ਦਿਨਾਂ ਤੋਂ ਬੈਠਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.















