ਕਰਜੇ ਕਾਰਨ ਧੀਅ ਦੇ ਵਿਆਹ ਦਾ ਬੋਝ ਮੰਨ ਗਿਆ ਜਸਵੰਤ
ਅਸ਼ੋਕ ਵਰਮਾ, ਬਠਿੰਡਾ : ਬਠਿੰਡਾ ਜਿਲ੍ਹੇ ਦੇ ਪਿੰਡ ਕੋਠੇ ਚੇਤ ਸਿੰਘ ਵਾਲਾ ਦੇ ਕਿਸਾਨ ਜਸਵੰਤ ਸਿੰਘ ਤੋਂ ਜਦੋਂ ਕਰਜੇ ਦਾ ਬੋਝ ਨਾ ਚੁੱਕਿਆ ਗਿਆ ਤਾਂ ਉਹ ਵੀ ਖੁਦਕਸ਼ੀ ਦੇ ਰਾਹ ਪੈ ਗਿਆ ਹੈ ਇੱਕ ਕਰਜਾ ਉਪਰੋਂ ਕੋਠੇ ਜਿੱਡੀ ਹੋਈ ਧੀਅ ਨੂੰ ਬੂਹੇ ਤੋਂ ਉਠਾਉਣ ਦੀ ਚਿੰਤਾ ਵੀ ਕਰਜਿਆਂ ਦੀ ਮਾਰ ਹੇਠ ਆਏ ਕਿਸਾਨਾਂ ਵਾਲੇ ਰਾਹ ਪੈਣ ਦਾ ਕਾਰਨ ਬਣੀ ਹੈ।
ਜਾਣਕਾਰੀ ਅਨੁਸਾਰ ਜਸਵੰਤ ਸਿੰਘ (45) ਪੁੱਤਰ ਪ੍ਰੀਤਮ ਸਿੰਘ ਵਾਸੀ ਕੋਠੇ ਚੇਤ ਸਿੰਘ ਸਧਾਰਨ ਕਿਸਾਨ ਸੀ ਹਾਲਾਂਕਿ ਆਮ ਦੀ ਤਰਾਂ ਕਰਜਾ ਤਾਂ ਪਹਿਲਾਂ ਵੀ ਸੀ ਪਰ ਜਦੋਂ ਸਵਾ ਏਕੜ ਜਮੀਨ ‘ਤੇ ਬੀਜੀ ਨਰਮੇ ਦੀ ਫ਼ਸਲ ਚਿੱਟੀ ਮੱਖੀ ਦੇ ਹਮਲੇ ਕਾਰਨ ਖਰਾਬ ਹੋ ਗਈ ਤਾਂ ਕਰਜੇ ਦੀ ਪੰਡ ‘ਚ ਹੋਰ ਵੀ ਵਾਧਾ ਹੋ ਗਿਆ ਵੀਰਵਾਰ ਸ਼ਾਮ ਨੂੰ ਜਦੋਂ ਜਸਵੰਤ ਸਿੰਘ ਦੀ ਪ੍ਰੇਸ਼ਾਨੀ ਵਧਦੀ ਹੀ ਚਲੀ ਗਈ ਤਾਂ ਉਸ ਨੇ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਪਤਾ ਲੱਗਿਆ ਹੈ ਕਿ ਮ੍ਰਿਤਕ ਕਿਸਾਨ ਦੇ ਸਿਰ ਬੈਂਕ ਤੇ ਆੜ੍ਹਤੀਆਂ ਦਾ ਕਾਫੀ ਕਰਜਾ ਸੀ ਇਸ ਵਾਰ ਉਸ ਦਾ ਬਿਜਲੀ ਦਾ ਹਜਾਰਾਂ ਰੁਪਏ ਦਾ ਬਿੱਲ ਆ ਗਿਆ ਜਿਸ ਨੇ ਉਸ ਦੇ ਹੋਸ਼ ਉਡਾ ਦਿੱਤੇ ਉਪਰੋਂ ਧੀ ਦੀ ਮੰਗਣੀ ਕੀਤੀ ਹੋਈ ਸੀ ਜਿਸ ਦੇ ਵਿਆਹ ਦੇ ਫਿਕਰ ‘ਚ ਮਾਨਸਿਕ ਤੌਰ ਤੇ ਪ੍ਰੇਸ਼ਾਨੀ ਕਾਰਨ ਜਸਵੰਤ ਸਿੰਘ ਨੇ ਇਹ ਘਾਤਕ ਕਦਮ ਚੁੱਕ ਲਿਆ।
ਪ੍ਰੀਵਾਰ ਵੱਲੋਂ ਉਸ ਨੂੰ ਗੋਨਿਆਣਾ ਦੇ ਹਸਪਤਾਲ ‘ਚ ਲਿਜਾਇਆ ਗਿਆ ਜਿੱਥੇ ਜਿੰਦਗੀ ਮੌਤ ਦੀ ਲੜਾਈ ਲੜਦਿਆਂ ਅੰਤ ਨੂੰ ਜਿੰਦਗੀ ਹਾਰ ਗਿਆ । ਮ੍ਰਿਤਕ ਕਿਸਾਨ ਆਪਣੇ ਪਿਛੇ ਇੱਕ ਲੜਕਾ ਅਤੇ ਲੜਕੀ ਛੱਡ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਮ੍ਰਿਤਕ ਕਿਸਾਨ ਦੇ ਪ੍ਰੀਵਾਰ ਨੂੰ ਸਰਕਾਰੀ ਨੀਤੀ ਮੁਤਾਬਕ ਮੁਆਵਜਾ ਦੇਣ ਦੀ ਮੰਗ ਕੀਤੀ ਹੈ।














