ਜੇਤੂ ਉਮੀਦਵਾਰਾਂ ਨੂੰ ਨਵੀਂ ਵਜਾਰਤ ’ਚ ਅਹਿਮ ਜਿੰਮੇਵਾਰੀਆਂ ਮਿਲਣ ਦੇ ਕਿਆਸ ਲੱਗਣੇ ਸ਼ੁਰੂ
(ਤਰੁਣ ਕੁਮਾਰ ਸ਼ਰਮਾ) ਨਾਭਾ। 16ਵੀਂ ਵਿਧਾਨ ਸਭਾ ਚੋਣਾਂ ’ਚ ਪੰਜਾਬੀਆਂ ਨੇ ਪੜ੍ਹੇ ਲਿਖੇ ਵਰਗ ਨਾਲ ਸੰਬੰਧਤ ਚੋਣ ਉਮੀਦਵਾਰਾਂ ਨੂੰ ਅੱਗੇ ਲਿਆਉਣ ਨੂੰ ਤਰਜੀਹ ਦਿੱਤੀ। ਇਸ ਵਾਰ ਦੀਆਂ ਚੋਣਾਂ ’ਚ ਪਹਿਲੀ ਵਾਰ ਡਾਕਟਰ, ਵਕੀਲ ਅਤੇ ਹੋਰ ਉੱਚ ਸਿੱਖਿਅਤ ਚੋਣ ਉਮੀਦਵਾਰਾਂ ਦੇ ਨਾਲ ਕਈ ਸਾਬਕਾ ਫੌਜੀਆਂ ਨੇ ਹਿੱਸਾ ਲਿਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਗਠਿਤ ਪੰਜਾਬ ਲੋਕ ਕਾਂਗਰਸ ਵੱਲੋਂ ਸਭ ਤੋਂ ਵੱਧ ਟਿਕਟਾਂ ਸਾਬਕਾ ਫੌਜੀਆਂ ਨੂੰ ਦਿੱਤੀਆਂ ਗਈਆਂ। ਐਲਾਨੇ ਗਏ ਚੋਣ ਨਤੀਜਿਆਂ ਅਨੁਸਾਰ ਜੇਤੂ ਉਮੀਦਵਾਰਾਂ ’ਚ ਇੱਕ ਦਰਜਨ ਤੋਂ ਉੱਪਰ ਅਜਿਹੇ ਚੋਣ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਜੋ ਕਿ ਡਾਕਟਰ ਵਰਗ ਨਾਲ ਸਬੰਧ ਰੱਖਦੇ ਹਨ। (Candidates Medical Profession )
ਡਾਕਟਰ ਭਾਈਚਾਰੇ ’ਚੋਂ ਵਿਧਾਨ ਸਭਾ ਚੋਣ ਦੌਰਾਨ ਜਿੱਤ ਦਰਜ ਕਰਨ ਵਾਲਿਆਂ ’ਚ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੂੰ ਚਮਕੌਰ ਸਾਹਿਬ ਹਲਕੇ ਤੋਂ ਹਰਾਉਣ ਵਾਲੇ ਅੱਖਾਂ ਦੇ ਮਾਹਿਰ ਡਾ. ਚਰਨਜੀਤ ਸਿੰਘ, ਹਲਕਾ ਸ਼ਾਮ ਚੁਰਾਸੀ ਤੋਂ ਮੈਡੀਕਲ ਸਪੈਸ਼ਲਿਸਟ ਡਾ. ਰਵਜੋਤ ਸਿੰਘ, ਹਲਕਾ ਤਰਨਤਾਰਨ ਤੋਂ ਈਐਨਟੀ ਸਰਜਨ ਡਾ. ਕਸ਼ਮੀਰ ਸਿੰਘ ਸੋਹਲ, ਡਾ. ਅਜੈ ਗੁਪਤਾ (ਅੰਮਿ੍ਰਤਸਰ), ਡਾ. ਸੰਧੂ (ਅੰਮਿ੍ਰਤਸਰ), ਹਲਕਾ ਚੱਬੇਵਾਲ ਤੋਂ ਰੇਡੀਓਲੋਜਿਸਟ ਡਾ. ਰਾਜ ਕੁਮਾਰ ਚੱਬੇਵਾਲ, ਹਲਕਾ ਨਵਾਂ ਸ਼ਹਿਰ ਤੋਂ ਡਾ. ਨਛੱਤਰ ਸਿੰਘ,
ਅੰਮਿ੍ਰਤਸਰ ਤੋਂ ਡਾ. ਇੰਦਰਵੀਰ ਸਿੰਘ ਨਿੱਜਰ, ਡਾ. ਵਿਜੈ ਕੁਮਾਰ, ਹਲਕਾ ਮਲੋਟ ਤੋਂ ਅੱਖਾਂ ਦੀ ਮਾਹਿਰ ਡਾ. ਬਲਜੀਤ ਕੌਰ, ਮੋਗੇ ਤੋਂ ਡਾ. ਅਮਨਦੀਪ ਅਰੋੜਾ, ਬੰਗਾ ਤੋਂ ਡਾ. ਸੁਖਵਿੰਦਰ ਸੁੱਖੀ ਅਤੇ ਪਟਿਆਲਾ ਦਿਹਾਤੀ ਤੋਂ ਡਾ. ਬਲਵੀਰ ਸਿੱਧੂ ਆਦਿ ਦੇ ਨਾਮ ਸ਼ਾਮਲ ਹਨ। ਉਪਰੋਕਤ ਜੇਤੂ ਉਮੀਦਵਾਰਾਂ ਦੇ ਡਾਕਟਰ ਭਾਈਚਾਰੇ ਨਾਲ ਸੰਬੰਧਤ ਹੋਣ ਕਾਰਨ ਜਿੱਥੇ ਪੰਜਾਬੀਆਂ ਨੂੰ ਬਿਹਤਰ ਸਿਹਤ ਸੰਬੰਧੀ ਸਹੂਲਤਾਂ ਦੀ ਆਸ ਜਾਗੀ ਹੈ ਉਥੇ ਮੈਡੀਕਲ ਵਰਗ ਨਾਲ ਜੁੜੇ ਆਗੂਆਂ ਦੀਆਂ ਉਮੀਦਾਂ ਵੱਧ ਗਈਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਡਾਕਟਰੀ ਦੇ ਪਵਿੱਤਰ ਪੇਸ਼ੇ ਨਾਲ ਸੰਬੰਧਤ ਜੇਤੂ ਉਮੀਦਵਾਰਾਂ ’ਚੋਂ ਕਈਆਂ ਨੂੰ 16ਵੀਂ ਵਿਧਾਨ ਸਭਾ ’ਚ ਸਨਮਾਨਿਤ ਅਹੁਦੇ ਵੀ ਮਿਲਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ